- ਦਫਤਰਾਂ ਦੀ ਕਾਰਜ ਪ੍ਰਣਾਲੀ ਦਾ ਲਿਆ ਜਾਇਜ਼ਾ
ਦਸਨਸ
ਚੰਡੀਗੜ੍ਹ/27 ਮਈ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਚੰਡੀਗੜ੍ਹ ਸੈਕਟਰ-17 ਸਥਿਤ ਵਿਭਾਗ ਦੇ ਦਫਤਰਾਂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਸਰਕਲ ਅਤੇ ਡਵੀਜ਼ਨ ਦਫਤਰਾਂ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਜਾ ਕੇ ਸਟਾਫ ਦੀ ਹਾਜਰੀ ਦੀ ਜਾਂਚ ਕੀਤੀ। ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਸਰਕਲ ਅਤੇ ਡਵੀਜ਼ਨ ਦਫਤਰਾਂ ਦੇ ਪੱਤਰ-ਵਿਹਾਰ, ਲੇਖਾ ਅਤੇ ਡਰਾਇੰਗ ਸਾਖਾਵਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਨ੍ਹਾਂ ਸਾਖਾਵਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦਫਤਰੀ ਕੰਮ-ਕਾਜ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਵੀ ਦਿੱਤੀ। ਸ. ਹਰਭਜਨ ਸਿੰਘ ਈ.ਟੀ. ਓ. ਨੇ ਇਸੇ ਇਮਾਰਤ ਵਿੱਚ ਸਥਿਤ ਸਹਿਕਾਰਤਾ ਵਿਭਾਗ ਦੇ ਦਫਤਰਾਂ ਦਾ ਦੌਰਾ ਵੀ ਕੀਤਾ। ਮੰਤਰੀ ਨੇ ਦਫਤਰਾਂ ਦੇ ਕਰਮਚਾਰੀਆਂ ਤੋਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਬਿਨਾਂ ਕਿਸੇ ਦਬਾਅ ਦੇ ਮਿਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਸਰਕਾਰੀ ਸੇਵਾ ਲੋਕ ਹਿੱਤ ’ਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸੇਵਾ ਕਰਨ ਦਾ ਸੱਦਾ ਦਿੱਦਿਆਂ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।