- ਕਿਹਾ, ਸਿੱਧੂ ਮੂਸੇਵਾਲਾ ਵਰਗਾ ਹੋਵੇਗਾ ਅੰਜ਼ਾਮ
ਏਜੰਸੀਆਂ
ਮੁੰਬਈ/5 ਜੂਨ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਧਮਕੀਆਂ ਮਿਲੀਆਂ ਹਨ। ਧਮਕੀਆਂ ਮਿਲਣ ਤੋਂ ਬਾਅਦ ਬਾਂਦਰਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਤੇ ਇਸ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਸਵੇਰੇ ਸੈਰ ਕਰਨ ਲਈ ਬਾਹਰ ਗਏ ਸਨ। ਇਸੇ ਦੌਰਾਨ ਜਦੋਂ ਉਹ ਆਰਾਮ ਕਰਨ ਲਈ ਬੈਂਚ ’ਤੇ ਬੈਠੇ ਤਾਂ ਉਨ੍ਹਾਂ ਨੂੰ ਸਲਮਾਨ ਖਾਨ ਦੇ ਨਾਂ ’ਤੇ ਧਮਕੀ ਭਰਿਆ ਇੱਕ ਖ਼ਤ ਮਿਲਿਆ। ਇਸ ਖ਼ਤ ਵਿੱਚ ਸਲਮਾਨ ਖਾਨ ਨੂੰ ਧਮਕੀ ਦਿੰਦੇ ਹੋਏ ਲਿਖਿਆ ਹੋਇਆ ਸੀ ਕਿ ਉਨ੍ਹਾਂ ਦਾ ਵੀ ਸਿੱਧੂ ਮੂਸੇਵਾਲਾ ਵਰਗਾ ਹੀ ਹਾਲ ਹੋਵੇਗਾ। ਜਾਣਕਾਰੀ ਮੁਤਾਬਕ ਸਲੀਮ ਖਾਨ ਨੂੰ ਇਹ ਪੱਤਰ ਕਰੀਬ ਸੱਤ ਤੋਂ ਅੱਠ ਵਜੇ ਦੇ ਦਰਮਿਆਨ ਮਿਲਿਆ। ਦੱਸਣਾ ਬਣਦਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਬਈ ਪੁਲਿਸ ਨੇ ਪਿਛਲੇ ਦਿਨੀਂ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਦਰਅਸਲ, ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ, ਲਾਰੈਂਸ ਨੇ ਹੀ ਸਲਮਾਨ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ। ਇਸ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।