BREAKING NEWS
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਰਹਾਂਗੇ : ਭਗਵੰਤ ਮਾਨਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾਸੰਗਰੂਰ : ਏਐਸਆਈ ਤੇ ਉਸ ਦੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਸਕੂਲ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਅੱਵਲਵਿਜੀਲੈਂਸ ਵੱਲੋਂ ਮੋਹਾਲੀ ਜ਼ਿਲ੍ਹੇ ’ਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ’ਚ ਐਮਰਜੈਂਸੀ ਲੈਂਡਿੰਗਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ੂਟਰ ਅਦਾਲਤ ’ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ

ਲੇਖ

ਸਦਾ ਕਾਇਮ ਰਹੇ ਜ਼ਿੰਦਗੀ ਜਿਊਣ ਦਾ ਚਾਅ

June 18, 2022 12:22 PM

ਰਾਜਬੀਰ ਕੌਰ

ਇਨਸਾਨ ਸ਼ੁਰੂ ਤੋਂ ਹੀ ਖੂਬਸੂਰਤ ਵਸਤਾਂ ਨੂੰ ਪਿਆਰ ਕਰਦਾ ਆਇਆ ਹੈ। ਇਹ ਖ਼ੂਬਸੂਰਤੀ ਭਾਵੇਂ ਖਿਆਲਾਂ ਦੀ ਹੋਵੇ, ਭਾਵੇਂ ਕਿਸੇ ਸੁੰਦਰ ਕੱਦ-ਬੁੱਤ ਦੀ, ਮਨ ਵਿੱਚ ਇੱਕ ਖਿੱਚ ਪੈਦਾ ਕਰਦੀ ਹੈ। ਸੁੰਦਰ ਵਿਚਾਰਾਂ ਅਤੇ ਖਿਆਲਾਂ ਦੀ ਪ੍ਰਾਪਤੀ ਲਈ ਅਸੀਂ ਅਨੇਕਾਂ ਕਿਤਾਬਾਂ ਫਰੋਲਦੇ ਹਾਂ। ਜਿਵੇਂ ਸਮੁੰਦਰ ’ਚ ਚੁੱਭੀ ਮਾਰ ਕੇ ਕੋਈ ਗੋਤਾਖੋਰ ਮੋਤੀ ਲੱਭ ਲਵੇ, ਇਵੇਂ ਚੰਗੀ ਲਾਇਬ੍ਰੇਰੀ ’ਚੋਂ ਅਸੀਂ ਚੰਗੀ ਕਿਤਾਬ ਲੱਭਦੇ ਹਾਂ।
ਕਈ ਚਿੱਤਰਕਾਰ ਜ਼ਿੰਦਗੀ ਨੂੰ ਖ਼ੂਬਸੂਰਤ ਰੰਗ ਭਰ ਕੇ ਅਨੇਕਾਂ ਅਰਥ ਦੇਣ ਲਈ ਚਿੱਤਰ ਨੂੰ ਮੁੜ-ਮੁੜ ਕੇ ਵਾਹੁੰਦੇ ਤੇ ਰੰਗ ਭਰਦੇ ਹਨ। ਅਸਲ ਵਿੱਚ ਉਹ ਜ਼ਿੰਦਗੀ ਨੂੰ ਚਿੱਤਰ ’ਤੇ ਉਲੀਕ ਕੇ ਇਸ ਨੂੰ ਸੁੰਦਰ ਵਿਖਾਉਣਾ ਚਾਹੁੰਦੇ ਹਨ, ਜ਼ਿੰਦਗੀ ਨੂੰ ਨਵੇਂ ਅਰਥ ਦੇਣਾ ਚਾਹੁੰਦੇ ਹਨ ਤੇ ਕਈ ਮਹਾਨ ਚਿੱਤਰਕਾਰ ਸਾਰੀ ਜ਼ਿੰਦਗੀ ਇਸ ਖੂਬਸੂਰਤੀ ਨੂੰ ਲੱਭਣ ਵਿੱਚ ਲਗਾ ਦਿੰਦੇ ਹਨ। ਸੁੰਦਰਤਾ ਲਈ ਤੜਪ ਵੀ ਮਨੁੱਖ ਦੇ ਮਨ ਵਿੱਚ ਸਦਾ ਜਿੰਦਾ ਰਹਿੰਦੀ ਹੈ। ਇਹ ਤੜਪ ਇਨਸਾਨ ਨੂੰ ਸੁੰਦਰਤਾ ਨਾਲ ਪਿਆਰ ਪਾਉਣ ਲਈ ਪ੍ਰੇਰਦੀ ਹੈ ਤੇ ਇਨਸਾਨ ਸੁੰਦਰਤਾ ਦੀ ਭਾਲ ਕਰਦਾ ਰਹਿੰਦਾ ਹੈ। ਸੰਸਾਰ ’ਚ ਕਿੰਨੀਆਂ ਥਾਵਾਂ ਤੇ ਸੈਰਗਾਹਾਂ ਹਨ ਜੋ ਸੁੰਦਰਤਾ ਦਾ ਨਮੂਨਾ ਹਨ।
ਪਹਾੜਾਂ ’ਤੇ ਬਣੀਆਂ ਝੀਲਾਂ, ਝਰਨੇ ਤੇ ਆਬਸ਼ਾਰਾਂ ਦੇਖ ਕੇ ਮਨ ਦੀ ਤਿ੍ਰਪਤੀ ਹੋ ਜਾਂਦੀ ਹੈ। ਛੋਟੇ ਹੁੰਦਿਆਂ ਬੱਚਾ ਖਿਡੌਣਿਆਂ ਨੂੰ ਪਿਆਰ ਕਰਦਾ ਹੈ। ਇਹ ਖਿਡੌਣੇ ਉਸ ਦਾ ਸੰਸਾਰ ਬਣ ਜਾਂਦੇ ਹਨ। ਫਿਰ ਹੌਲੀ-ਹੌਲੀ ਵੱਡੇ ਹੁਣ ਤੀਕ ਖਿਡੌਣਿਆਂ ਦੀ ਖਿੱਚ ਘਟਣ ਲੱਗਦੀ ਹੈ ਤੇ ਉਸ ਦੀ ਰੁਚੀ ਹੋਰ ਸੰਸਾਰਿਕ ਚੀਜ਼ਾਂ ਵੱਲ ਆਕਰਸ਼ਿਤ ਹੁੰਦੀ ਰਹਿੰਦੀ ਹੈ। ਨਿੱਕੇ ਖਿਡੌਣਿਆਂ ਨੂੰ ਛੱਡ ਕੇ ਉਹ ਹੋਰ ਸੁੰਦਰ ਵਸਤਾਂ ਭਾਲਣ ਲੱਗਦਾ ਹੈ ਪਰ ਸੁੰਦਰਤਾ ਨਾਲ ਮੋਹ ਉਸ ਦਾ ਬਰਾਬਰ ਬਣਿਆ ਰਹਿੰਦਾ ਹੈ।
ਜ਼ਿੰਦਗੀ ਵਿੱਚ ਮਨੁੱਖ ਨੂੰ ਮਿਲੇ ਮਨੁੱਖੀ ਰਿਸ਼ਤੇ, ਚਾਹੇ ਉਹ ਮਾਂ-ਬਾਪ, ਭੈਣ-ਭਰਾ, ਰਿਸ਼ਤੇਦਾਰ, ਗੁਆਂਢੀ, ਪਤੀ-ਪਤਨੀ, ਦੋਸਤ-ਮਿੱਤਰ ਜਾਂ ਬੱਚੇ ਦੇ ਰੂਪ ਵਿੱਚ ਹੋਣ, ਮਨੁੱਖ ਉਨ੍ਹਾਂ ਦੇ ਸੁੰਦਰ ਚਿਹਰੇ ਨੂੰ ਨਿਹਾਰਨ ਨਾਲ ਮਨ ਦੀ ਤਿ੍ਰਪਤੀ ਕਰਦਾ ਹੈ ਤੇ ਉਸ ਦੀ ਜ਼ਿੰਦਗੀ ਨੂੰ ਇੱਕ ਸੁੰਦਰ ਆਹਾਰ ਲੱਭ ਪੈਂਦਾ ਹੈ। ਅੱਜ ਦੇ ਯੁੱਗ ਦਾ ਇਨਸਾਨ ਧਨ ਇਕੱਠਾ ਕਰਕੇ ਖੂਬਸੂਰਤ ਚੀਜ਼ਾਂ ਖਰੀਦਣ ਨੂੰ ਖ਼ੂਬਸੂਰਤ ਜ਼ਿੰਦਗੀ ਸਮਝਣ ਲੱਗ ਗਿਆ ਹੈ ਪਰ ਅਸਲ ਵਿੱਚ ਇਹ ਖੂਬਸੂਰਤ ਜ਼ਿੰਦਗੀ ਨਹੀਂ ਹੈ।
ਸਾਡਾ ਚਿਹਰਾ ਸਾਡੇ ਮਨ ਦਾ ਸ਼ੀਸ਼ਾ ਹੈ। ਜੋ ਗੱਲ ਸਾਡੇ ਮਨ ’ਚ ਹੋਵੇ, ਉਹੀ ਸਾਡੇ ਚਿਹਰੇ ’ਤੇ ਰੂਪਮਾਨ ਹੁੰਦੀ ਹੈ। ਇਸੇ ਕਾਰਨ ਅਤਿ ਮਾਸੂਮ ਬੱਚੇ ਦਾ ਚਿਹਰਾ ਗੁਲਾਬ ਵਾਂਗ ਟਹਿਕਦਾ ਵਿਖਾਈ ਦਿੰਦਾ ਹੈ। ਕਈ ਵਾਰ ਇਹ ਜਲਾਲ ਅਸੀਂ ਕਿਸੇ ਗੁਣੀ, ਗਿਆਨੀ, ਪਾਠੀ ਜਾਂ ਸਤਿਗੁਰੂ ਦੇ ਚਿਹਰੇ ਤੋਂ ਪੜ੍ਹ ਸਕਦੇ ਹਾਂ। ਇਹ ਖ਼ੁਸ਼ੀ ਚੰਗੀਆਂ ਭਾਵਨਾਵਾਂ, ਮਨ ਦੀ ਉਦਾਰਤਾ ਤੇ ਪਵਿੱਤਰ ਮਨ ਦੇ ਸ਼ੀਸ਼ੇ ’ਚੋਂ ਝਾਕਦੀ ਆਖ਼ਿਰ ਚਿਹਰੇ ’ਤੇ ਅੰਕਿਤ ਹੋ ਉੱਠਦੀ ਹੈ। ਇਸੇ ਲਈ ਸਿਆਣਿਆਂ ਨੇ ਕਿਹਾ ਹੈ ਕਿ ਖ਼ੁਸ਼ੀ ਖਰੀਦੀ ਨਹੀਂ ਜਾ ਸਕਦੀ, ਖੁਸ਼ੀ ਮਨ ਦੀ ਅੰਦਰਲੀ ਭਾਵਨਾ ਹੈ ਜੋ ਸਾਡੇ ਮਨ ਤੇ ਚਿਹਰੇ ਨੂੰ ਜਵਾਨ ਤੇ ਸੁੰਦਰ ਦਿੱਖ ਪ੍ਰਦਾਨ ਕਰਦੀ ਹੈ।
ਕਈ ਵਾਰ ਸਧਾਰਨ ਨੈਣ-ਨਕਸ਼ ਵਾਲੇ ਕਿਸੇ ਪੁਰਸ਼ ਜਾਂ ਔਰਤ ਦੀ ਖ਼ੁਸ਼ੀ ਵੀ ਜੇ ਚਿਹਰੇ ’ਤੇ ਰੂਪਮਾਨ ਹੋ ਜਾਵੇ ਤਾਂ ਉਹ ਅਤਿ ਸੁੰਦਰ ਤੇ ਮੋਹਿਤ ਬਣ-ਬਣ ਜਾਂਦਾ ਹੈ। ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਚਾਹੁੰਦਾ ਹੈ ਕਿ ਉਸ ਨੂੰ ਦੁੱਖਾਂ ਤੋਂ ਮੁਕਤੀ ਮਿਲੇ ਤੇ ਖੁਸ਼ੀਆਂ ਉਸ ਦੀ ਝੋਲੀ ਵਿੱਚ ਪੈਣ ਪਰ ਜ਼ਰੂਰੀ ਨਹੀਂ ਹੈ ਕਿ ਸਾਡੇ ਰਸਤੇ ਵਿੱਚ ਫੁੱਲ ਹੀ ਵਿਛੇ ਹੋਏ। ਰਸਤੇ ਵਿਚਲੇ ਕੰਡਿਆਂ ਨੂੰ ਹਟਾ ਕੇ ਫੁੱਲ ਵਿਛਾਉਣ ਲਈ, ਜ਼ਿੰਦਗੀ ਖੂਬਸੂਰਤ ਬਣਾਉਣ ਲਈ, ਸਖ਼ਤ ਘਾਲਣਾ ਘਾਲਣੀ ਪੈਂਦੀ ਹੈ।
ਮਨ ਨੂੰ ਸ਼ਾਂਤ ਤੇ ਖੂਬਸੂਰਤ ਬਣਾਉਣ ਲਈ ਮੁਕਤੀ ਦੀ ਤਲਾਸ਼ ’ਚ ਭਟਕਣਾ ਪੈਂਦਾ ਹੈ। ਮੁਕਤੀ ਦੀ ਤਲਾਸ਼ ’ਚ ਰਾਜਕੁਮਾਰ ਸਿਧਾਰਥ ਨੂੰ ਵੀ ਆਪਣੇ ਸੁੰਦਰ ਮਹਿਲਾਂ ਤੇ ਐਸ਼ੋ-ਇਸ਼ਰਤ ਨੂੰ ਤਿਆਗ ਕੇ, ਅੱਧੀ ਰਾਤ ਦੀ ਚੰਨ-ਚਾਨਣੀ ’ਚ ਘਰੋਂ ਤੁਰਨਾ ਪਿਆ ਸੀ। ਸਿਧਾਰਥ ਨੇ ਜ਼ਿੰਦਗੀ ਦਾ ਇੱਕ ਨਵਾਂ ਮਾਰਗ ਲੱਭਣ ਲਈ ਗਿਆਨ ਦੇ ਦੀਵੇ ਦੀ ਜੋਤ ਤੋਂ ਸੌ ਬਹਿਸ਼ਤਾਂ ਨੂੰ ਕੁਰਬਾਨ ਕੀਤਾ ਸੀ। ਸਰੀਰ ਨੂੰ ਕਠਿਨ ਤਪੱਸਿਆ ’ਚ ਪਾ ਕੇ ਉਸ ਨੇ ਕੁੰਦਨ ਬਣਾ ਲਿਆ ਸੀ। ਨਦੀਆਂ, ਨਾਲੇ, ਦਰਿਆਵਾਂ ਦੇ ਪਾਣੀ, ਜੋ ਉੱਚੀਆਂ ਛੱਲਾਂ ਨਾਲ ਉੱਪਰ ਉੱਠਦੇ ਹਨ, ਇੱਕ ਤਰ੍ਹਾਂ ਨਾਲ ਇਨਸਾਨ ਨੂੰ ਆਪਣੀ ਸ਼ਕਤੀ ਨਾਲ ਵੰਗਾਰਦੇ ਹਨ।
ਅੱਜ ਦੇ ਇਨਸਾਨ ਲਈ ਕੁਝ ਵੀ ਅਸੰਭਵ ਨਹੀਂ। ਜ਼ਿੰਦਗੀ ਦੇ ਸਾਰੇ ਰਾਹ ਹੀ ਉਸ ਨੂੰ ਤਰੱਕੀ ਲਈ ਹਾਕਾਂ ਮਾਰ ਰਹੇ ਹਨ। ਜ਼ਰੂਰੀ ਹੈ ਕਿ ਜ਼ਿੰਦਗੀ ਦੀ ਗੱਡੀ ਨੂੰ ਮਟਕ ਨਾਲ ਤੋਰਨ ਲਈ ਤੇ ਜ਼ਿੰਦਗੀ ਦੇ ਔਖੇ ਪੈਂਡੇ ਮਾਰਨ ਲਈ ਸਾਡੇ ਮਨਾਂ ਦੇ ਅੰਦਰ ਜ਼ਿੰਦਗੀ ਪ੍ਰਤੀ ਪਿਆਰ ਹਮੇਸ਼ਾਂ ਭੱਖਦਾ ਰਹੇ। ਪਿਆਰ ਸੁਨੇਹੇ ਇੱਕ ਦੂਜੇ ਤੀਕ ਪਹੁੰਚਦੇ ਰਹਿਣ ਤੇ ਸਾਡੀ ਜਿੰਦ-ਜਾਨ ਵਿੱਚ ਪਿਆਰ-ਤਰੰਗ ਸਦਾ ਵੱਸਦੀ ਰਹੇ। ਜ਼ਿੰਦਗੀ ਦੀ ਖੁਸ਼ਬੂ, ਟਹਿਕ ਤੇ ਮਟਕ ਨੂੰ ਮਾਣਨ ਖਾਤਰ ਅਸੀਂ ਆਪਣੇ ਅੰਦਰ ਕੁਰਬਾਨੀ, ਜਜ਼ਬਾ, ਸਹਿਯੋਗ, ਸ਼ਹਿਣਸ਼ਕਤੀ ਤੇ ਸੰਤੁਲਨ ਬਣਾਈ ਰੱਖੀਏ ਤੇ ਜ਼ਿੰਦਗੀ ਜਿਊਣ ਦੇ ਚਾਅ ਸਦਾ ਕਾਇਮ ਰੱਖੀਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ