ਅਫਸੋਸ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵੀ ਵਿਚਾਰਧਾਰਾ ਸਮੁੱਚੇ ਦੇਸ਼ ਲਈ ਦੁਨੀਆ ’ਚ ਬਦਨਾਮੀ ਖਟ ਰਹੀ ਹੈ, ਜਦੋਂਕਿ ਇਸ ਪਾਰਟੀ ਦੇ ਛੋਟੇ-ਵੱਡੇ ਨੇਤਾ ਘੱਟ ਗਿਣਤੀ ਮੁਸਲਿਮ ਭਾਈਚਾਰੇ ਖ਼ਿਲਾਫ਼ ਸਿੱਧੇ ਜਾਂ ਅਸਿੱਧੇ ਤੌਰ ’ਤੇ ਨਫ਼ਰਤ ਪ੍ਰਗਟ ਕਰਨਾ ਜਾਰੀ ਰੱਖ ਰਹੇ ਹਨ। ਪੈਗੰਬਰ ਮੁਹੰਮਦ ਸਾਹਿਬ ਵਿਰੁੱਧ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਕੌਮੀ ਪੱਧਰ ਦੀ ਬੁਲਾਰਾ ਨੂਪੁਰ ਸ਼ਰਮਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ ਦੁਆਰਾ ਪੈਗੰਬਰ ਮੁਹੰਮਦ ਸਾਹਿਬ ਖ਼ਿਲਾਫ਼ ਕੀਤੇ ਟਵੀਟ ਕਾਰਨ ਦੇਸ਼ ਵਿੱਚ ਤਾਂ ਫ਼ਿਰਕਾਵਾਰਾਨਾ ਤਣਾਤਨੀ ਦਾ ਮਾਹੌਲ ਬਣਿਆ ਹੀ ਹੈ, ਦੁਨੀਆ ਦੇ ਮੁਸਲਿਮ ਦੇਸ਼ਾਂ ਵੱਲੋਂ ਇਨ੍ਹਾਂ ਟਿੱਪਣੀਆਂ ਖ਼ਿਲਾਫ਼ ਪ੍ਰਗਟਾਏ ਗਏ ਜ਼ਬਰਦਸਤ ਰੋਸ ਕਾਰਨ ਮੋਦੀ ਸਰਕਾਰ ਨੂੰ ਆਪਣੀ ਸਥਿਤੀ ਵਾਰ ਵਾਰ ਸਾਫ਼ ਕਰਨ ’ਤੇ ਮਜਬੂਰ ਹੋਣਾ ਪਿਆ ਹੈ। ਖਾੜ੍ਹੀ ਦੇ ਮੁਲ਼ਕਾਂ ਦੁਆਰਾ ਜੋ ਰੋਸ ਤੇ ਰੋਹ ਪ੍ਰਗਟ ਕੀਤਾ ਗਿਆ, ਉਸ ਨੇ ਕੌਮਾਂਤਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਢਾਹ ਲਾਈ ਹੈ। ਸ਼ਾਇਦ ਹੀ ਕਦੇ ਅਜਿਹਾ ਹੋਇਆ ਹੋਵੇ ਕਿ ਭਾਰਤ ਦੇ ਕਿਸੇ ਉੱਚ ਅਹੁਦੇ ’ਤੇ ਬਿਰਾਜਮਾਨ ਸ਼ਖਸੀਅਤ ਲਈ ਰੱਖੇ ਗਏ ਰਾਤਰੀ ਭੋਜਨ ਨੂੰ ਰੱਦ ਕਰ ਦਿੱਤਾ ਗਿਆ ਹੋਵੇ। ਕਤਰ ਵਿੱਚ ਭਾਰਤ ਦੇ ਉੱਪ-ਰਾਸ਼ਟਰਪਤੀ ਵੈਂਕਇਆ ਨਾਇਡੂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੋਦੀ ਸਰਕਾਰ ਪੈਗੰਬਰ ਸਾਹਿਬ ਵਿਰੁੱਧ ਕੀਤੀਆਂ ਟਿੱਪਣੀਆਂ ਤੋਂ ਉੱਠੇ ਰੋਸ ਅਤੇ ਰੋਹ ਨੂੰ ਨਜ਼ਰਅੰਦਾਜ਼ ਕਰਦੀ ਰਹੀ । ਸੋ ਕਤਰ ਨੇ ਢੰਗ ਨਾਲ ਆਪਣਾ ਸੁਨੇਹਾ ਪੁੱਜਦਾ ਕਰ ਦਿੱਤਾ, ਜਿਸ ਤੋਂ ਬਾਅਦ ਹੀ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੇ ਸਰਗਰਮੀ ਦਿਖਾਈ ਅਤੇ ਆਪਣੇ ਕੌਮੀ ਬੁਲਾਰੇ ਤੇ ਦਿੱਲੀ ਦੇ ਮੀਡੀਆ ਪ੍ਰਮੁੱਖ ਨੂੰ ਪਾਰਟੀ ਤੋਂ ਵੱਖ ਕੀਤਾ।
ਇਸ ਸੰਦਰਭ ’ਚ ਸਰਕਾਰ ਵੱਲੋਂ ਇਹ ਬਿਆਨ ਵੀ ਦਿੱਤੇ ਗਏ ਕਿ ਕੀਤੀਆਂ ਗਈਆਂ ਟਿੱਪਣੀਆਂ ਨਾਲ ਭਾਰਤ ਦੀ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਦਿਖਾਵੇ ਦੇ ਉਹ ਬਿਆਨ ਵੀ ਦਾਗੇ ਗਏ, ਜੋ ਅਕਸਰ ਦਾਗੇ ਜਾਂਦੇ ਹਨ ਕਿ ਭਾਰਤ ਵਿੱਚ ਸਭ ਧਰਮ ਬਰਾਬਰ ਹਨ ਅਤੇ ਸਾਰਿਆਂ ਦਾ ਹੀ ਬਰਾਬਰ ਦਾ ਸਨਮਾਨ ਕੀਤਾ ਜਾਂਦਾ ਹੈ। ਸਥਿਤੀ ਨੂੰ ਸੰਭਾਲਨ ਲਈ ਅਜਿਹਾ ਹੋਰ ਕੁਛ ਵੀ ਕਿਹਾ ਗਿਆ ਪਰ ਲੱਗਦਾ ਹੈ ਕਿ ਸੰਸਾਰ ਸਾਹਮਣੇ ਭਾਰਤੀ ਜਨਤਾ ਪਾਰਟੀ ਦਾ ਅਸਲ ਕਿਰਦਾਰ ਨੰਗਾ ਹੋ ਚੁੱਕਾ ਹੈ ਅਤੇ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਦੀਆਂ ਸਫ਼ਾਈ ਦੀਆਂ ਕਾਰਵਾਈਆਂ ਕੰਮ ਨਹੀਂ ਕਰ ਰਹੀਆਂ ਹਨ।
ਦੂਸਰੇ ਧਰਮਾਂ ਖ਼ਿਲਾਫ਼ ਜ਼ਾਹਰਾ ਨਫ਼ਰਤ ਨੇ ਭਾਰਤ ਨੂੰ ਦੁਨੀਆ ’ਚ ਇਸ ਕਦਰ ਬਦਨਾਮ ਕੀਤਾ ਹੈ ਕਿ ਪੈਗੰਬਰ ਮੁਹੰਮਦ ਸਾਹਿਬ ਵਿਰੁੱਧ ਕੀਤੀਆਂ ਟਿੱਪਣੀਆਂ ਅਤੇ ਟਿੱਪਣੀਆਂ ਖ਼ਿਲਾਫ਼ ਭਾਰਤ ’ਚ ਹੋਏ ਰੋਸ ਮੁਜ਼ਾਹਰਿਆਂ ਅਤੇ ਵਾਪਰੀ ਹਿੰਸਾ ਦਾ ਜ਼ਿਕਰ ਖ਼ਤਮ ਨਹੀਂ ਹੋ ਰਿਹਾ। ਇਸੇ ਸੰਬੰਧ ’ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਸਤੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਦੁਆਰਾ ਇੱਕ ਪੱਤਰਕਾਰ ਸੰਮੇਲਨ ਵਿੱਚ ਕੀਤੀਆਂ ਟਿੱਪਣੀਆਂ ਨੇ ਇਕ ਤਰ੍ਹਾਂ ਨਾਲ ਗੱਲ ਸਾਰੇ ਸੰਸਾਰ ’ਚ ਪਹੁੰਚਾ ਦਿੱਤੀ ਹੈ। ਪੱਤਰਕਾਰ ਸੰਮੇਲਨ ’ਚ ਇਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਧਰਮ ਪ੍ਰਤੀ ਵਤੀਰੇ ਬਾਰੇ ਸਪਸ਼ੱਟ ਕਰਨਾ ਪਿਆ । ਦੁਜਾਰਿਕ ਨੇ ਪੈਗੰਬਰ ਮੁਹੰਮਦ ਸਾਹਿਬ ਬਾਰੇ ਇਤਰਾਜਯੋਗ ਟਿੱਪਣੀਆਂ ਖ਼ਿਲਾਫ਼ ਭਾਰਤ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਹਰੇਕ ਕਿਸਮ ਦੀ ਹਿੰਸਾ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਹਰੇਕ ਧਰਮ ਦਾ ਮੁਕੰਮਲ ਸਤਕਾਰ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਦੇ ਨਫ਼ਰਤ ਭਰੇ ਭਾਸ਼ਣ ਅਤੇ ਭੜਕਾਊ ਬਿਆਨਾਂ ਦੇ ਖ਼ਿਲਾਫ਼ ਹੈ। ਸੰਯੁਕਤ ਰਾਸ਼ਟਰ ਧਾਰਮਿਕ ਵਖਰੇਵਿਆਂ ਅਤੇ ਨਫ਼ਰਤ ’ਤੇ ਆਧਾਰਿਤ ਹਿੰਸਾ ਨੂੰ ਰੋਕਣਾ ਚਾਹੁੰਦਾ ਹੈ। ਸਟੀਫਨ ਦੁਜਾਰਿਕ ਦਾ ਇਹ ਬਿਆਨ ਭਾਰਤ ਦੇ ਸੰਦਰਭ ’ਚ ਹੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਆਇਆ ਸੀ। ਇਸ ਨਾਲ ਇਕ ਵਾਰ ਫਿਰ ਭਾਰਤ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਅਤੇ ਮੁਸਲਿਮ ਧਰਮ ਵਿਰੁੱਧ ਹੋ ਰਹੀਆਂ ਹਿੰਸਕ ਕਾਰਵਾਈਆਂ ਦਾ ਜ਼ਿਕਰ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਆ ਗਿਆ ਹੈ। ਸਾਫ਼ ਹੈ ਕਿ ਧਾਰਮਿਕ ਸਦਭਾਵਨਾ, ਸਹਿਹੋਂਦ ਅਤੇ ਵਿਵਧਤਾ ਲਈ ਸਤਿਕਾਰੇ ਜਾਂਦੇ ਭਾਰਤ ਲਈ ਹਿੰਦੂਤਵੀ ਵਿਚਾਰਧਾਰਾ ਬਦਨਾਮੀ ਲਿਆ ਰਹੀ ਹੈ।