BREAKING NEWS
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਰਹਾਂਗੇ : ਭਗਵੰਤ ਮਾਨਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾਸੰਗਰੂਰ : ਏਐਸਆਈ ਤੇ ਉਸ ਦੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਸਕੂਲ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਅੱਵਲਵਿਜੀਲੈਂਸ ਵੱਲੋਂ ਮੋਹਾਲੀ ਜ਼ਿਲ੍ਹੇ ’ਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ’ਚ ਐਮਰਜੈਂਸੀ ਲੈਂਡਿੰਗਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ੂਟਰ ਅਦਾਲਤ ’ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ

ਲੇਖ

ਬੀਬੀ ਦੇ ਖੇਸਾਂ ਦੀ ਜੋੜੀ

June 20, 2022 11:26 AM

ਜਗਦੀਪ ਕੌਰ ਬਰਾੜ

ਜਦੋਂ ਮੈਂ ਦਸਵੀਂ ਕਲਾਸ ’ਚ ਸੀ, ਤਾਂ ਮੇਰੀ ਕਲਾਸ ਦੀਆਂ ਸਾਰੀਆਂ ਕੁੜੀਆਂ ਨੇ ਸਾਡੀ ਹਿਸਾਬ ਵਾਲੀ ਮੈਡਮ ਵੀਨਾਵੰਤੀ ਕੋਲ ਟਿਊਸ਼ਨ ਰੱਖਣ ਦਾ ਇਰਾਦਾ ਕੀਤਾ। ਮੇਰਾ ਵੀ ਦਿਲ ਕੀਤਾ ਕੇ ਮੈਂ ਵੀ ਦੂਜੀਆਂ ਕੁੜੀਆਂ ਵਾਗੂੰ ਟਿਊਸ਼ਨ ਪੜ੍ਹਾਂ ਕਿਉਂਕਿ ਉਹਨਾਂ ਦਿਨਾਂ ’ਚ ਟਿਊਸ਼ਨ ਰੱਖਣ ਦਾ ਬੱਸ ਚਾਅ ਹੀ ਹੁੰਦਾ ਸੀ। ਪਰ ਬਦਕਿਸਮਤੀ ਨਾਲ ਉਹਨੀਂ ਦਿਨੀਂ ਘਰ ਦੇ ਆਰਥਕ ਹਲਾਤ ਚੰਗੇ ਨਾ ਹੋਣ ਕਾਰਨ ਘਰਦਿਆਂ ਤੋਂ ਮਹੀਨੇ ਦੀ ਪੰਜਾਹ ਰੁਪਏ ਫੀਸ ਮੰਗਦਿਆਂਨੂੰ ਸ਼ਰਮ ਆਉਂਦੀ ਸੀ, ਤੇ ਇਹੋ ਜਿਹੇ ਹਾਲਾਤਾਂ ’ਚ ਟਿਊਸ਼ਨ ਦਾ ਕਹਿਣਾ ਤਾਂ ਹੋਰ ਵੀ ਜਿਆਦਾ ਮੁਸ਼ਕਿਲ ਸੀ। ਵੀਨਾ ਮੈਡਮ ਨਾਲ ਮੇਰੀ ਕਲਾਸ ਦੀਆਂ ਕੁੜੀਆਂ ਨੇ ਢਾਈ ਸੌ ਰੁਪਏ ’ਚ ਟਿਊਸ਼ਨ ਦੀ ਗੱਲ ਕੀਤੀ ਸੀ ਤੇ ਮੈਡਮ ਨੇ ਦੋ ਮਹੀਨੇ ’ਚ ਸਲੇਬਸ ਪੂਰਾ ਕਰਵਾਉਣਾ ਸੀ। ਘਰ ਜਾ ਕੇ ਕਿਵੇਂ ਗੱਲ ਕਰੂੰ ਇਹ ਸੋਚਦੇ ਸੋਚਦੇ ਮੈਂ ਘਰ ਪਹੁੰਚ ਗਈ ਤੇ ਜਾ ਕੇ ਬੀਬੀ ਦੇ ਗੋਡੇ ਨਾਲ ਬਹਿ ਗਈ। ਹੌ-ਹਾਂ ਕੀ ਚਾਹੀ ਦਾ ? ਬੀਬੀ ਨੇ ਸੁਭਾਵਿਕ ਹੀ ਪੁੱਛ ਲਿਆ ਜਿਵੇਂ ਉਹਨੇ ਮੇਰੀਆਂ ਅੱਖਾਂ ਪੜ੍ਹਲਈਆਂ ਹੋਣ। ਮੈੇਂ ਫਿਰ ਡਰਦੀ ਡਰਦੀ ਨੇ ਸਾਰੀ ਗੱਲ ਦੱਸੀ। ਲੈ ਦੱਸ, ਇਹਦੇ ’ਚ ਐਨਾ ਸੋਚਣ ਵਾਲੀ ਕੀ ਗੱਲ ਐ? ਦੋ ਮਹੀਨੇ ਨੂੰ ਦੇਣੇ ਆ ਪੈਸੇ? ਗੱਲ ਈ ਕਾਈਨੀ, ਤੂੰ ਬੱਸ ਕੱਲ ਤੋਂ ਆਵਦੀ ਟੂਸ਼ਨ ਸ਼ੁਰੂ ਕਰ।
ਅੱਖਾਂ ’ਚ ਚਮਕ, ਮੂੰਹ ’ਤੇ ਲਾਲੀ ਤੇ ਬੁਲੰਦ ਹੌਂਸਲੇ ਵਾਲੀ ਮੇਰੀ ਗਰੀਬਣੀ ਜੀ ਬੀਬੀ ਮੈਨੂੰ ਕਿਸੇ ਸਲਤਨਤ ਦੀ ਬੇਗਮ ਲੱਗੀ। ਅਗਲੇ ਦਿਨ ਮੈਂ ਟਿਊਸ਼ਨ ਸ਼ੁਰੂ ਕਰ ਲਈ ਤੇ ਬੀਬੀ ਨੇ ਆਵਦਾ ਹੱਥੀਂ ਕੱਤਿਆ ਹੋਇਆ ਸੂਤ ਰੰਗਣਾ ਸ਼ੁਰੂ ਕਰ ਦਿੱਤਾ। ਬੀਬੀ ਨੇ ਉਸ ਸੂਤ ਨਾਲ ਆਵਦੀ ਹੱਥਖੱਡੀ ’ਤੇ ਖੇਸ ਬੁਣਨੇ ਸ਼ੁਰੂ ਕਰ ਦਿੱਤੇ। ਸਵੇਰੇ ਚਾਰ ਵਜੇ ਉੱਠ ਕੇ ਬੀਬੀ ਖੇਸ ਬੁਣਦੀ ਤੇ ਮੈਂ ਉਹਦੇ ਕੋਲ ਬਹਿ ਕੇ ਆਵਦੀ ਪੜ੍ਹਾਈ ਕਰੀ ਜਾਣੀ। ਜਦੋਂ ਮੈਂ ਸਕੂਲ ਚਲੀ ਜਾਂਦੀ ਤਾਂ ਬੀਬੀ ਘਰਦਾ ਸਾਰਾ ਕੰਮ ਨਬੇੜ ਕੇ ਖੇਤ ਨਰਮਾ ਚੁਗਣ ਵਾਲਿਆਂ ਦੀ ਚਾਹ ਲੈ ਕੇ ਜਾਂਦੀ ਤੇ ਫਿਰ ਆਥਣ ਤੱਕ ਖੇਤ ਨਰਮਾ ਚੁਗਦੀ। ਘਰੇ ਆ ਕੇ ਫੇਰ ਘਰਦਾ ਸਾਰਾ ਕੰਮ ਕਰਦੀ ਤੇ ਰਾਤ ਨੂੰ ਦੋ-ਢਾਈ ਘੰਟੇ ਫੇਰ ਖੱਡੀ ਬੁਣਦੀ। ਇੰਝ ਦੋ ਮਹੀਨੇ ਬੀਤੇ ਗਏ ਤੇ ਮੇਰੀ ਟਿਊਸ਼ਨ ਖ਼ਤਮ ਹੋ ਗਈ ਤੇ ਬੀਬੀ ਨੇ ਖੇਸ ਵੀ ਬੁਣ ਕੇ ਪੂਰੇ ਕਰ ਲਏ। ਮੇਰੀ ਟਿਊਸ਼ਨ ਫੀਸ ਦੇਣ ਲਈ ਬੀਬੀ ਖੇਸਾਂ ਨੂੰ ਝੋਲੇ ’ਚ ਪਾ ਕੇ ਵੀਨਾ ਮੈਡਮ ਕੋਲ ਜਾ ਖੜੀ।
ਮੈਡਮ ਦੇ ਮੱਥੇ ’ਚ ਵੱਟਜੇ ਪੈ ਗਏ ਪਰ ਉਹਨਾਂ ਨੇ ਖੇਸ ਚਪੜਾਸੀ ਨੂੰ ਕਹਿ ਕੇ ਸਾਇੰਸ ਲੈਬ ’ਚ ਰਖਵਾ ਦਿੱਤੇ। ਸ਼ਾਇਦ ਮੈਡਮ ਨੂੰ ਖੇਸਾਂ ਦਾ ਭਾਰ ਲੱਗਿਆ ਤੇ ਇਹ ਭਾਰ ਆਵਦੇ ਘਰ ਚੱਕ ਕੇ ਲਿਜਾਣਾ ਵੀ ਮੁਸ਼ਕਿਲ ਲੱਗਿਆ। ਮੈਂ ਉਸ ਸਾਰੀ ਰਾਤ ਨਾ ਸੌਂ ਸਕੀ। ਮੈਨੂੰ ਇੰਝ ਲਗਦਾ ਰਿਹਾ ਕਿ ਸਾਇੰਸ ਲੈਬ ’ਚ ਬੰਦ ਪਏ ਬੀਬੀ ਦੇ ਖੇਸਾਂ ਦਾ ਦਮ ਘੁਟਦਾ ਹੋਊ। ਮੈਨੂੰ ਵੀਨਾ ਮੈਡਮ ਦੇ ਮੱਥੇ ਦੀ ਤਿਉੜੀ ਵੀ ਵਾਰ ਵਾਰ ਦਿਖਾਈ ਦੇ ਰਹੀ ਸੀ। ਪਰ ਮੈਨੂੰ ਮੈਡਮ ਨਾਲ ਕੋਈ ਗੁੱਸ ਨਹੀਂ ਸੀ ਕਿਉਂਕਿ ਉਸ ਵਿਚਾਰੀ ਨੇ ਤਾਂ ਸਿਰਫ ਖੇਸ ਦੇਖੇ ਸੀ। ਉਹ ਅਣਜਾਣ ਸੀ ਕਿ ਇੱਕ ਮਾਂ ਦੀ ਦਿਨ ਰਾਤ ਦੀ ਮਿਹਨਤ ਤੋਂ, ਉਹਦੇ ਹੱਥਾਂ ਦੇ ਸਚਿਆਰਪੁਣੇਤੋਂ ਤੇ ਇਕ ਮਾਂ ਆਵਦੇ ਬੱਚਿਆਂਨੂੰ ਪੜ੍ਹਾਉਣ ਤੇ ਪੈਰਾਂ ਸਿਰ ਖੜੇ ਹੋਣ ਦੇ ਜਨੂਨ ਤੋਂ। ਇੰਝ ਸੋਚਦੇ ਸੋਚਦੇ ਕਦੋਂ ਦਿਨ ਚੜ੍ਹ ਗਿਆ ਮੈਂਨੂੰ ਪਤਾ ਹੀ ਨਹੀਂ ਲੱਗਿਆ। ਫਿਰ ਜਦ ਮੈਂ ਸਕੂਲ ਲਈ ਤਿਆਰ ਹੋ ਰਹੀ ਸੀ ਤਾਂ ਅਚਾਨਕ ਖਿਆਲ ਹੋਇਆ ਕੇ ਮੈਨੂੰ ਮੇਰੀ ਮਾਮੀ ਨੇ ਗਰਮੀਆਂ ਦੀਆਂ ਛੁੱਟੀਆਂ ’ਚ ਸੋਨੇ ਦੀਆਂ ਵਾਲੀਆਂ ਬਣਾ ਕੇ ਦਿੱਤੀਆਂ ਸੀ। ਮੈਂ ਉਹ ਵਾਲੀਆਂ ਕਾਪੀ ਦਾ ਇਕ ਪੇਜ਼ ਪਾੜ ਕੇ ਉਹਦੇ ’ਚ ਲਪੇਟ ਕੇ ਰੱਖ ਲਈਆਂ ਤੇ ਜਾ ਕੇ ਵੀਨਾ ਮੈਡਮ ਨੂੰ ਫੜਾ ਦਿੱਤੀਆਂ। ਬਦਲੇ ’ਚ ਮੈਂ ਬੀਬੀ ਦੇ ਖੇਸਾਂ ਦੀ ਜੋੜੀ ਸਾਇੰਸ ਲੈਬ ਚੋ ਚੱਕ ਲਈ। ਪਤਾ ਨਹੀਂ ਮੈਡਮ ਦੇ ਦਿਲ ’ਚ ਕੀ ਆਈ ਤੇ ਉਹਨਾਂ ਨੇ ਮੈਨੂੰ ਵਾਲੀਆਂ ਵਾਪਸ ਮੇਰੇ ਹੱਥ ’ਚ ਦੇ ਕੇ ਕਿਹਾ ਕੇ ਜਦੋਂ ਮੇਰੇ ਕੋਲ ਪੈਸੇ ਹੋਏ ਉਦੋਂ ਦੇ ਦਿਆਂ। ਘਰ ਆ ਕੇ ਜਦੋਂ ਮੈਂ ਬੀਬੀ ਨੂੰ ਸਾਰੀ ਗੱਲ ਦੱਸ ਕੇ ਖੇਸ ਫੜਾਏ ਤਾਂ ਬੀਬੀ ਨੇ ਅੱਖਾਂ ਭਰ ਕੇ ਮੈਨੂੰ ਆਵਦੀ ਛਾਤੀ ਨਾਲ ਲਾ ਲਿਆ ਤੇ ਉਹ ਖੇਸਾਂ ਦੀ ਜੋੜੀ ਮੇਰੇ ਦਾਜ ਲਈ ਸਾਂਭ ਕੇ ਰੱਖ ਲਈ। ਬੀਬੀ ਪੂਰੀ ਹੋਈ ਨੂੰ ਭਾਵੇਂ ਪੂਰੇ ਅੱਠ ਸਾਲ ਹੋ ਗਏ ਪਰ ਬੀਬੀ ਦੇ ਉਹ ਖੇਸ ਅੱਜ ਵੀ ਮੈਨੂੰ ਉਹਦੀ ਗੋਦ ਦੇ ਨਿੱਘ ਦਾ ਅਹਿਸਾਸ ਕਰਾਉਂਦੇ ਨੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ