ਦਵਿੰਦਰ ਹੀਉਂ
ਇਟਲੀ/20 ਜੂਨ : ਇਟਲੀ ਦੇ ਸੂਬੇ ਸਾਚੀਲੀਆ ਦੇ ਸ਼ਹਿਰ ਕਤਾਨੀਆ ਨੇੜੇ ਇੱਕ 5 ਸਾਲ ਦੀ ਮਾਸੂਮ ਧੀ ਨੂੰ ਇਸ ਕਾਰਨ ਮੌਤ ਮਿਲੀ, ਕਿਉਂਕਿ ਉਹ ਆਪਣੇ ਪਿਤਾ ਨੂੰ ਜ਼ਿਆਦਾ ਪਸੰਦ ਕਰਦੀ ਤੇ ਮਿਲਦੀ ਸੀ, ਜਦੋਂਂ ਕਿ ਉਸ ਦੇ ਪਿਤਾ ਨੇ ਉਸ ਦੀ ਮਾਤਾ ਨੂੰ ਛੱਡਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਹਿਰ ਕਤਾਨੀਆ ਨੇੜੇ ਇਕ 23 ਸਾਲਾ ਇਟਾਲੀਅਨ ਔਰਤ ਮਰਤੀਨਾ ਪੱਤੀ ਨੇ ਆਪਣੀ 5 ਸਾਲਾ ਏਲੇਨਾ ਨਾਂ ਦੀ ਧੀ ਦਾ ਆਪਣੇ ਪਤੀ ਨਾਲ ਕਲੇਸ ਦੇ ਚੱਲਦਿਆਂ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿੱਤਾ। ਕਤਲ ਕਰਨ ਉਪਰੰਤ ਮੁਲਜ਼ਮ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਧੀ ਨੂੰ ਅਣਛਪਾਤੇ ਬੰਦੇ ਉਸ ਵਕਤ ਉਸ ਕੋਲੋਂ ਖੋਹ ਕੇ ਲੈ ਗਏ, ਜਦੋਂ ਉਹ ਸਕੂਲ ਤੋਂ ਬੇਟੀ ਨੂੰ ਲੈ ਕੇ ਘਰ ਜਾ ਰਹੀ ਸੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਦੋਂ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਈ ਕਿ ਮਰਤੀਨਾ ਪੱਤੀ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਕਹਾਣੀ ਕੁਝ ਹੋਰ ਹੀ ਹੈ। ਪੁਲਿਸ ਨੇ ਕੁਝ ਹੀ ਦਿਨਾਂ ਵਿੱਚ ਇਸ ਕੇਸ ’ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। ਪੁਲਿਸ ਅਨੁਸਾਰ ਮਰਤੀਨਾ ਪੱਤੀ ਨੇ ਖੁਦ ਹੀ ਆਪਣੀ ਬੇਟੀ ਏਲੇਨਾ ਦਾ ਕਤਲ ਕੀਤਾ ਹੈ। ਇਸ ਬਾਰੇ ਉਨ੍ਹਾਂ ਜਦੋਂ ਮਰਤੀਨਾ ਪੱਤੀ ਕੋਲੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਤਾਂ ਉਸ ਦਾ ਝੂਠ ਜ਼ਿਆਦਾ ਦੇਰ ਨਾ ਟਿਕ ਸਕਿਆ ਤੇ ਉਸ ਨੇ ਸਾਰਾ ਘਟਨਾਕ੍ਰਮ ਪੁਲਿਸ ਨੂੰ ਦੱਸ ਦਿੱਤਾ।
ਪੁਲਿਸ ਕੋਲ ਮਰਤੀਨਾ ਨੇ ਮੰਨਿਆ ਕਿ ਉਸ ਨੇ ਖੁਦ ਹੀ ਆਪਣੀ ਧੀ ਨੂੰ ਇਸ ਕਾਰਨ ਮਾਰਿਆ, ਕਿਉਂਕਿ ਉਹ ਆਪਣੇ ਪਿਤਾ ਨਾਲ ਮਿਲ ਕੇ ਖੁਸ਼ ਸੀ, ਜਦੋਂ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿੰਦਾ ਹੈ, ਜਿਹੜਾ ਕਿ ਮਰਤੀਨਾ ਕੋਲ ਬਰਦਾਸ਼ਤ ਨਹੀਂ ਸੀ ਹੋ ਰਿਹਾ। ਇਕ ਦਿਨ ਗੁੱਸੇ ਵਿੱਚ ਉਸ ਨੇ ਆਪਣੀ ਬੇਟੀ ਨੂੰ ਚਾਕੂ ਨਾਲ ਮਾਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ।
ਪੁਲਿਸ ਨੇ ਮਰਤੀਨਾ ਵੱਲੋਂ ਦੱਸੀ ਥਾਂ ਤੋਂ ਏਲੇਨਾ ਦੀ ਲਾਸ਼ ਬਰਾਮਦ ਕਰ ਲਈ ਹੈ। ਮਰਤੀਨਾ ਦੇ ਪਤੀ ਨੇ ਉਸ ਨੂੰ ਰਾਖਸਣ ਦੱਸਦਿਆਂ ਕਿਹਾ ਕਿ ਉਹ ਇਨਸਾਨ ਨਹੀਂ ਹੈ, ਜੋ ਉਸ ਨੇ ਮਾੜਾ ਕੰਮ ਕੀਤਾ ਉਹ ਅਸਹਿ ਹੈ। ਪੁਲਿਸ ਨੇ ਮਰਤੀਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਲਈ ਅਦਾਲਤ ਭੇਜਣ ਦੀ ਤਿਆਰੀ ਵਿੱਚ ਹੈ। ਇਸ ਘਟਨਾ ਦੀ ਇਟਾਲੀਅਨ ਲੋਕਾਂ ਵੱਲੋਂ ਭਰਪੂਰ ਨਿੰਦਾ ਕੀਤੀ ਜਾ ਰਹੀ ਹੈ।
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਕ ਸਰਕਾਰੀ ਸਰਵੇ ਅਨੁਸਾਰ ਮਰਤੀਨਾ ਵਰਗੇ ਮਾਪਿਆਂ ਨੇ ਆਪਸ ਵਿੱਚ ਕਲੇਸ਼ ਦੇ ਚੱਲਦਿਆਂ ਪਿਛਲੇ 20 ਸਾਲਾਂ ’ਚ 480 ਅਜਿਹੇ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਹੈ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜਿਹੜੀ ਮੌਤ ਦੀ ਸਜ਼ਾ ਉਨ੍ਹਾਂ ਦੇ ਮਾਪੇ ਦੇ ਰਹੇ ਹਨ, ਉਸ ਲਈ ਉਨ੍ਹਾਂ ਦਾ ਕਸੂਰ ਕੀ ਸੀ।
ਇਹ ਸਰਕਾਰੀ ਅੰਕੜੇ ਹਨ, ਜਿਸ ਅਨੁਸਾਰ ਹਰ ਮਹੀਨੇ 2 ਨਾਬਾਲਗ ਤੇ ਸਾਲ ’ਚ 24 ਨੰਨ੍ਹੇ-ਮੁੰਨੇ ਬੱਚਿਆਂ ਨੂੰ ਉਨ੍ਹਾਂ ਨੂੰ ਜਨਮ ਦੇਣ ਵਾਲੇ ਮਾਪੇ ਆਪਣੇ ਹੱਥੀਂ ਹੀ ਮੌਤ ਦੇ ਘਾਟ ਉਤਾਰ ਦਿੰਦੇ ਹਨ। ਇਸ ਮਹਾ ਪਾਪ ਦਾ ਕਾਰਨ ਦਿਮਾਗੀ ਬਿਮਾਰੀਆਂ, ਪਰਿਵਾਰਕ ਕਲੇਸ਼, ਪ੍ਰੇਸ਼ਾਨੀਆਂ, ਜੀਵਨ ਸਾਥੀ ਦਾ ਵਫਾਦਾਰ ਨਾ ਹੋਣਾ ਤੇ ਛੋਟੀ ਉਮਰ ਵਿੱਚ ਬੱਚੇ ਪੈਦਾ ਹੋਣਾ ਮੰਨਿਆ ਜਾ ਰਿਹਾ ਹੈ।