ਇਹ ਮੰਨਿਆ ਗਿਆ ਹੈ ਕਿ ਅੱਜ ਦਾ ਦੌਰ ਭਾਰਤ, ਚੀਨ ਅਤੇ ਏਸ਼ੀਆ ਦੇ ਦੂਸਰੇ ਕਈ ਮੁਲ਼ਕਾਂ ਦੀਆਂ ਅਰਥਵਿਵਸਥਾਵਾਂ ਦੇ ਵਧਣ-ਫੁੱਲਣ ਦਾ ਦੌਰ ਹੈ ਜਿਸ ’ਚ ਚੀਨ ਅਤੇ ਭਾਰਤ ਖਾਸ ਮਹੱਤਵ ਰੱਖਦੇ ਹਨ। ਇਸ ਵਿੱਚ ਸੰਦੇਹ ਨਹੀਂ ਕਿ ਤੇਜ਼ ਤਰੱਕੀ ਕਰਨ ਤੇ ਆਪਣੇ ਲੋਕਾਂ ਦੀ ਗ਼ਰੀਬੀ ਖ਼ਤਮ ਕਰਨ ਅਤੇ ਦੇਸ਼ਵਾਸੀਆਂ ਲਈ ਬੁਨਿਆਦੀ ਸਹੂਲਤਾਂ ਵਿਕਸਤ ਤੇ ਵਿਸਥਰਿਤ ਕਰਨ ਦੇ ਭਵਿੱਖ ਲਈ ਬੇਹੱਦ ਅਹਿਮੀਅਤ ਰੱਖਦੇ ਕੰਮ ’ਚ ਭਾਰਤ ਪੱਛੜ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ, ਅਸਲ ’ਚ ਮੋਦੀ ਸਰਕਾਰ ਦੇ ਅੱਠ ਸਾਲਾਂ ਵਿੱਚੋਂ ਪਿਛਲੇ ਛੇ ਸਾਲਾਂ ਤੋਂ, ਭਾਰਤ ਦੀ ਅਰਥਵਿਵਸਥਾ ਦੀ ਵਾਧਾ ਦਰ ਹੇਠਾਂ ਆਉਂਦੀ ਗਈ ਹੈ। ਕੋਵਿਡ-19 ਦੀ ਆਮਦ ਨਾਲ ਇਹ ਬਿਲਕੁੱਲ ਹੀ ਭੂੰਜੇ ਲਹਿ ਗਈ ਸੀ ਅਤੇ ਹੁਣ ਵਾਧਾ ਦਰ ਦੇ ਉੱਠਣ ਦੀ ਪ੍ਰਤਿਕਿਰਿਆ ਵਧੇਰੇ ਕਰਕੇ ਲੜਖੜਾਉਂਦੀ ਰਹਿੰਦੀ ਹੈ।
ਦੇਸ਼ ਦੀ ਤਰੱਕੀ ’ਚ ਜਿੱਥੇ ਨਵੀਨਤਮ ਵਿਗਿਆਨਕ ਅਤੇ ਤਕਨਾਲੋਜੀਕਲ ਕਾਢਾਂ ਦਾ ਪੂਰਾ ਹੱਥ ਹੁੰਦਾ ਹੈ, ਉਥੇ ਪ੍ਰਤਿਭਾਵਾਨ ਲੋਕਾਂ ਦੀ ਮਹੱਤਵਪੂਰਣ ਭੂਮਿਕਾ ਵੀ ਆਪਣਾ ਹਿੱਸਾ ਰੱਖਦੀ ਹੁੰਦੀ ਹੈ। ਇਸ ਤੋਂ ਇਲਾਵਾ ਦੇਸ਼ ’ਚ ਵਿਦਮਾਨ ਬੁਨਿਆਦੀ ਢਾਂਚਾ, ਸਿਹਤ ਅਤੇ ਸਿੱਖਿਆ ਦੇ ਢਾਂਚੇ ਦਾ ਪੱਧਰ ਅਤੇ ਦੇਸ਼ ਦਾ ਆਮ ਮਾਹੌਲ ਇੱਕ ਦੇਸ਼ ਦੀ ਤਰੱਕੀ ਵਿੱਚ ਆਪਣਾ ਆਪਣਾ ਯੋਗਦਾਨ ਪਾਉਂਦੇ ਹਨ। ਜਿਸ ਦੇਸ਼ ਵਿੱਚ ਲੋਕਾਂ ਦੇ ਸਮੂਹ ਆਪਸੀ ਟਕਰਾਓ ’ਚ ਰਹਿੰਦੇ ਹਨ, ਅਮਨ-ਸ਼ਾਂਤੀ ਦਾ ਮਾਹੌਲ ਨਹੀਂ ਹੁੰਦਾ ਸਗੋਂ ਨਿੱਤ ਦੰਗੇ ਹੁੰਦੇ ਹਨ ਅਤੇ ਲੋਕ ਸੜਕਾਂ ’ਤੇ ਉਤਰੇ ਰਹਿੰਦੇ ਹਨ, ਉਸ ਦੇਸ਼ ਦੇ ਤਰੱਕੀ ਦੇ ਪੰਧ ’ਤੇ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਘਟ ਜਾਂਦੀ ਹੈ।
ਭਾਰਤ ਨਾਲ ਕੁਝ ਅਜਿਹਾ ਹੀ ਵਾਪਰ ਰਿਹਾ ਹੈ । ਦੇਸ਼ ਦੀ ਸਰਕਾਰ ਨੇ ਨਿਕਲਣ ਵਾਲੇ ਦੂਰ ਦੇ ਨਤੀਜਿਆਂ ਤੋਂ ਅੱਖਾਂ ਬੰਦ ਰੱਖਦਿਆਂ ਭਾਈਚਾਰਿਆਂ ਦਰਮਿਆਨ ਨਫ਼ਰਤ ਦੇ ਬੀਜ ਬੀਜੇ ਹਨ। ਆਮ ਭਾਰਤੀਆਂ ਦੀਆਂ ਅਸਲ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਟੀਚੇ ਨਾਲ ਸ਼ਤ ਪ੍ਰਤੀਸ਼ਤ ਪ੍ਰਣਾਏ ਜਾਣ ਦੀ ਥਾਂ ਚੰਦ ਅਮੀਰ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਕੇ ਅਤੇ ਉਨ੍ਹਾਂ ਨੂੰ ਹੋਰ ਧਨਵਾਨ ਬਣਾ ਕੇ ਚਮਕਦਾਰ ਭਾਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਮੁਲ਼ਕ ਨੂੰ ਖਾਸ ਫਾਇਦਾ ਨਹੀਂ ਹੋਇਆ ਹੈ। ਇਸ ਦਾ ਉਲਟਾ ਨੁਕਸਾਨ ਹੀ ਹੋਇਆ ਹੈ।
ਅੱਜ ਭਾਰਤ ਨੂੰ ਆਪਣੀ ਤਰੱਕੀ ਲਈ ਘਰੇਲੂ ਦੇ ਨਾਲ ਨਾਲ ਵਿਦੇਸ਼ੀ ਪ੍ਰਤਿਭਾ ਦੀ ਵੀ ਡਾਢੀ ਲੋੜ ਹੈ। ਪਰ ਦੇਖਿਆ ਜਾ ਰਿਹਾ ਹੈ ਕਿ ਵਿਦੇਸ਼ੀ ਮਾਹਿਰ ਲੋਕ ਭਾਰਤ ਆਉਣ ਤੋਂ ਕੰਨੀ ਕਤਰਾ ਰਹੇ ਹਨ। ਸਾਡੇ ਦੇਸ਼ ’ਚ ਅੱਜ ਵੀ ਨਵੇਂ ਵਿਗਿਆਨਕ ਅਤੇ ਤਕਨਾਲੋਜੀਕਲ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਾਹਿਰਾਂ ਦੀ ਘਾਟ ਹੈ। ਬਣਾਉਟੀ ਬੁੱਧੀ, ਬਿਜਲੀ ਨਾਲ ਚੱਲਣ ਵਾਲੇ ਵਾਹਨ, ਸੂਰਜੀ ਊਰਜਾ, ਨਵੀਆਂ ਸ਼ਕਤੀਸ਼ਾਲੀ ਬੈਟਰੀਆਂ, ਨਵਿਆਉਣਯੋਗ ਊਰਜਾ, ਪੁਲਾੜ ਅਤੇ ਹਵਾਬਾਜ਼ੀ ਦੇ ਖੇਤਰਾਂ ’ਚ ਤਰੱਕੀ ਕਰਨਾ ਅੱਜ ਬਹੁਤ ਜ਼ਰੂਰੀ ਬਣ ਗਿਆ ਹੈ ਕਿਉਂਕਿ ਇਨ੍ਹਾਂ ਖੇਤਰਾਂ ’ਚ ਮੋਹਰੀ ਹੋਣ ਦਾ ਅਰਥ ਹੈ, ਆਉਣ ਵਾਲੇ ਸਮੇਂ ’ਚ ਦੁਨੀਆ ਵਿੱਚ ਮੋਹਰੀ ਅਰਥਵਿਵਸਥਾ ਹੋਣਾ। ਪਰ ਸਾਡੇ ਦੇਸ਼ ’ਚ ਇਨ੍ਹਾਂ ਖੇਤਰਾਂ ’ਚ ਕੰਮ ਕਰਨ ਵਾਲੇ ਮਾਹਿਰ ਲੋਕ ਆ ਨਹੀਂ ਰਹੇ। ਖੋਜ ਏਜੰਸੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਮਾਹਿਰਾਂ ਨੂੰ ਜਿੰਨੀਆਂ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ’ਚੋਂ ਸਿਰਫ਼ 25 ਪ੍ਰਤੀਸ਼ਤ ਹੀ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵਿਦੇਸ਼ੀ ਮਾਹਿਰ ਕੰਮ ਛੱਡ ਜਾਂਦਾ ਹੈ ਤਾਂ ਉਸ ਦੀ ਖਾਲੀ ਹੋਈ ਆਸਾਮੀ ਭਰਨ ਨੂੰ ਛੇ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਜਿਸ ਨਾਲ ਕੰਮ ਨੂੰ ਬਹੁਤ ਨੁਕਸਾਨ ਹੁੰਦਾ ਹੈ। ਹੋਰਨਾ ਮੁਲ਼ਕਾਂ ਦੇ ਮੁਕਾਬਲੇ ਸੀਨੀਅਰ ਵਿਦੇਸ਼ੀ ਮਾਹਿਰ ਭਾਰਤ ਵਿੱਚ ਆਉਣ ਤੋਂ ਪਹਿਲਾਂ ਬਹੁਤ ਸੋਚ-ਵਿਚਾਰ ਕਰਦੇ ਹਨ। ਇੱਥੋਂ ਤਕ ਕਿ ਛੋਟੇ ਜਿਹੇ ਮੁਲਕ ਥਾਈਲੈਂਡ ਨੂੰ ਵੀ ਜ਼ਿਆਦਾ ਤਰਜ਼ੀਹ ਦਿੱਤੀ ਜਾਂਦੀ ਹੈ।
ਵਿਦੇਸ਼ੀ ਮਾਹਿਰਾਂ ਦੇ ਭਾਰਤ ਆਉਣ ਤੋਂ ਕਤਰਾਉਣ ਦੇ ਕਾਰਨਾਂ ਦਾ ਵਿਦੇਸ਼ੀ ਮਾਹਿਰਾਂ ਦੁਆਰਾ ਸੁਰੱਖਿਆ, ਸਿਹਤ ਵਿਵਸਥਾ, ਪ੍ਰਦੂਸ਼ਨ ਅਤੇ ਮਾੜੀ ਸਿੱਖਿਆ ਵਿਵਸਥਾ ਪ੍ਰਤੀ ਵਿਅਕਤ ਚਿੰਤਾਵਾਂ ਤੋਂ ਪਤਾ ਚਲਦਾ ਹੈ । ਬਹੁਤ ਸਾਰੇ ਮਾਹਿਰ ਇਥੇ ਆਪਣੇ ਪਰਿਵਾਰ ਨਹੀਂ ਲਿਆਉਣਾ ਚਾਹੁੰਦੇ। ਮੋਦੀ ਸਰਕਾਰ ਨੂੰ ਵਿਦੇਸ਼ੀ ਮਾਹਿਰਾਂ ਦੀਆਂ ਚਿੰਤਾਵਾਂ ਮਿਟਾਉਣ ਲਈ ਦੇਸ਼ ਦਾ ਆਮ ਮਾਹੌਲ ਸਿਹਤ ਤੇ ਸਿੱਖਿਆ ਦਾ ਮਿਆਰ ਸੁਧਾਰਨ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਤੀ ਆਧੁਨਿਕ ਨਵੇਂ ਖੇਤਰਾਂ ’ਚ ਪੱਛੜ ਜਾਣਾ ਦੇਸ਼ ਲਈ ਬਹੁਤ ਨੁਕਸਾਨਦੇਹ ਨਤੀੇਜੇ ਕੱਢੇਗਾ।