ਏਜੰਸੀਆਂ
ਮੁੰਬਈ/21 ਜੂਨ : ਮਹਾਰਾਸ਼ਟਰ ’ਚ ਊਧਵ ਠਾਕਰੇ ਸਰਕਾਰ ਸਿਆਸੀ ਸੰਕਟ ’ਚ ਘਿਰਦੀ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਏਕਨਾਥ ਸ਼ਿੰਦੇ 20 ਦੇ ਕਰੀਬ ਵਿਧਾਇਕਾਂ ਨਾਲ ਗੁਜਰਾਤ ਦੇ ਸੂਰਤ ਵਿੱਚ ਜਾ ਡੇਰੇ ਲਾਏ ਹਨ। ਦੱਸਣਾ ਬਣਦਾ ਹੈ ਕਿ ਸ਼ਿੰਦੇ, ਸ਼ਿਵ ਸੈਨਾ ਪਾਰਟੀ ਤੋਂ ਨਾਰਾਜ਼ ਸਨ ਅਤੇ ਬੀਤੀ ਸ਼ਾਮ ਤੋਂ ਉਨ੍ਹਾਂ ਨੇ ਮੁੱਖ ਮੰਤਰੀ ਊਧਵ ਦਾ ਫੋਨ ਵੀ ਨਹੀਂ ਚੁੱਕਿਆ।
ਬਾਗੀ ਸ਼ਿੰਦੇ ਕੀ ਚਾਹੁੰਦੇ ਹਨ, ਇਹ ਜਾਨਣ ਲਈ ਊਧਵ ਠਾਕਰੇ ਨੇ ਮਲਿੰਦ ਨਾਰਵੇਕਰ ਨੂੰ ਸੂਰਤ ਭੇਜਿਆ ਹੈ। ਇੱਕ ਘੰਟੇ ਦੇ ਕਰੀਬ ਦੋਵੇਂ ਆਗੂਆਂ ਵਿਚਾਲੇ ਮੁਲਾਕਾਤ ਚੱਲੀ। ਸੂਤਰਾਂ ਮੁਤਾਬਕ, ਨਾਰਵੇਕਰ ਨੇ ਫੋਨ ’ਤੇ ਸ਼ਿੰਦੇ ਅਤੇ ਊਧਵ ਦੀ ਗੱਲਬਾਤ ਵੀ ਕਰਵਾਈ, ਪਰ 20 ਮਿੰਟ ਚੱਲੀ ਇਹ ਗੱਲਬਾਤ ਬੇਨਤੀਜਾ ਰਹੀ।
ਦੱਸਿਆ ਜਾ ਰਿਹਾ ਹੈ ਕਿ ਸ਼ਿੰਦੇ, ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸਰਕਾਰ ਬਣਾਉਣ ਦੀ ਸ਼ਰਤ ’ਤੇ ਅੜ੍ਹ ਗਏ ਹਨ। ਉਧਰ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਿਵ ਸੈਨਾ ਦੇ 35 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਦੀਆਂ ਕੁੱਲ 288 ਸੀਟਾਂ ਹਨ, ਪਰ ਇੱਕ ਵਿਧਾਇਕ ਦੇ ਦੇਹਾਂਤ ਤੋਂ ਬਾਅਦ ਮੌਜੂਦਾ ਵਿਧਾਇਕਾਂ ਦੀ ਗਿਣਤੀ 287 ਹੈ। ਬਹੁਮਤ ਲਈ 147 ਦਾ ਅੰਕੜਾ ਚਾਹੀਦਾ ਹੈ। ਐਨਸੀਪੀ ਦੇ 54, ਸ਼ਿਵ ਸੈਨਾ ਦੇ 55 ਅਤੇ ਕਾਂਗਰਸ ਕੋਲ 44 ਵਿਧਾਇਕ ਹਨ।
ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਏਕਨਾਥ ਸ਼ਿੰਦੇ ਦੇ ਨਾਲ ਕਰੀਬ 2 ਤੋਂ ਢਾਈ ਦਰਜਨ ਵਿਧਾਇਕ ਸੂਰਤ ਵਿੱਚ ਡੇਰਾ ਲਗਾਏ ਬੈਠੇ ਹਨ।
ਉਧਰ ਬਗਾਵਤੀ ਕਦਮ ਚੁੱਕੇ ਜਾਣ ਤੋਂ ਬਾਅਦ ਸ਼ਿਵ ਸੈਨਾ ਨੇ ਸ਼ਿੰਦੇ ਨੂੰ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਅਜੇ ਚੌਧਰੀ ਨੂੰ ਵਿਧਾਇਕ ਦਲ ਦੇ ਨੇਤਾ ਦੀ ਕਮਾਨ ਸੌਂਪੀ ਗਈ ਹੈ।
ਪਾਰਟੀ ਦੀ ਇਸ ਕਾਰਵਾਈ ਤੋਂ ਬਾਅਦ ਸ਼ਿੰਦੇ ਨੇ ਬਿਆਨ ਦਿੱਤਾ, ਜੋ ਉਨ੍ਹਾਂ ਦੇ ਬਾਗੀ ਤੇਵਰਾਂ ਤੋਂ ਇੱਕ ਦਮ ਉਲਟ ਸੀ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਬਾਲਾ ਸਾਹਿਬ ਦੇ ਸੱਚੇ ਸ਼ਿਵ ਸੈਨਿਕ ਹਾਂ, ਅਸੀਂ ਸੱਤਾ ਲਈ ਕਦੇ ਵੀ ਧੋਖਾ ਨਹੀਂ ਦੇਵਾਂਗੇ।
ਦੂਜੇ ਪਾਸੇ ਐਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਤੀਜੀ ਮਹਾਰਾਸ਼ਟਰ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਦਰਮਿਆਨ ਉੂਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਏਕਨਾਥ ਸ਼ਿੰਦੇ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਸੱਤਾਧਾਰੀ ਮਹਾਵਿਕਾਸ ਅਘਾੜੀ ਗੱਠਜੋੜ ਨੂੰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ ’ਚ ਹਾਰ ਤੋਂ ਬਾਅਦ ਝਟਕਾ ਲੱਗਾ ਹੈ, ਜਿਸ ਨਾਲ ਪਾਰਟੀ ਅੰਦਰ ਬਗਾਵਤ ਦੀਆਂ ਅਫ਼ਵਾਹਾਂ ਨੂੰ ਹਵਾ ਦਿੱਤੀ ਗਈ ਹੈ। ਇਹ ਵਿਧਾਨ ਪ੍ਰੀਸਦ ਚੋਣਾਂ ਵਿਚ ਸ਼ਿਵ ਸੈਨਾ ਦੇ ਕੁਝ ਵਿਧਾਇਕਾਂ ਵੱਲੋਂ ਕਰਾਸ ਵੋਟਿੰਗ ਦੇ ਦੋਸ਼ਾਂ ਦਰਮਿਆਨ ਹੋਇਆ ਹੈ। ਸੂਤਰਾਂ ਮੁਤਾਬਕ ਇਸ ਸਮੇਂ ਉਨ੍ਹਾਂ ਨੇ ਗੁਜਰਾਤ ਦੇ ਸੂਰਤ ਵਿਚ ਇੱਕ ਹੋਟਲ ’ਚ ਡੇਰਾ ਲਾਇਆ ਹੋਇਆ ਹੈ। ਹੋਟਲ ਦੇ ਬਾਹਰ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ।
ਇਸ ਦਰਮਿਆਨ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਇਸ ਪੂਰੇ ਘਟਨਾਕ੍ਰਮ ’ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਕੁਝ ਵਿਧਾਇਕ ਅਤੇ ਏਕਨਾਥ ਸ਼ਿੰਦੇ ਨਾਲ ਫ਼ਿਲਹਾਲ ਸੰਪਰਕ ਨਹੀਂ ਹੋ ਸਕਿਆ ਹੈ।
ਮਹਾਵਿਕਾਸ ਅਘਾੜੀ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਭਾਜਪਾ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਮਹਾਰਾਸ਼ਟਰ, ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਬਹੁਤ ਵੱਖ ਹੈ। ਸੰਜੇ ਨੇ ਅੱਗੇ ਕਿਹਾ ਕਿ ਮੈਂ ਸੁਣਿਆ ਸਾਡੇ ਵਿਧਾਇਕ ਗੁਜਰਾਤ ਸੂਬੇ ਦੇ ਸੂਰਤ ’ਚ ਹਨ ਅਤੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਪਰ ਉਹ ਨਿਸ਼ਚਿਤ ਰੂਪ ਤੋਂ ਪਰਤਣਗੇ। ਇਹ ਸਾਰੇ ਵਿਧਾਇਕ ਸ਼ਿਵ ਸੈਨਾ ਨੂੰ ਸਮਰਪਿਤ ਹਨ। ਮੈਨੂੰ ਭਰੋਸਾ ਹੈ ਕਿ ਸਾਡੇ ਸਾਰੇ ਵਿਧਾਇਕ ਪਰਤ ਆਉਣਗੇ ਅਤੇ ਸਭ ਕੁਝ ਠੀਕ ਹੋ ਜਾਵੇਗਾ।
ਮਹਾਰਾਸ਼ਟਰ ਵਿਧਾਨ ਪ੍ਰੀਸਦ ਦੀਆਂ 10 ਸੀਟਾਂ ਲਈ ਸੋਮਵਾਰ ਨੂੰ ਹੋਈਆਂ ਚੋਣਾਂ ’ਚ ਭਾਜਪਾ ਨੇ ਉਨ੍ਹਾਂ ਸਾਰੀਆਂ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ ’ਤੇ ਉਸ ਨੇ ਉਮੀਦਵਾਰ ਖੜ੍ਹੇ ਕੀਤੇ ਸਨ। ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ ਦੋ-ਦੋ ਸੀਟਾਂ ਮਿਲੀਆਂ, ਜਦੋਂਕਿ ਕਾਂਗਰਸ ਨੂੰ ਇਕ ਸੀਟ ਨਾਲ ਸਬਰ ਕਰਨਾ ਪਿਆ।
ਰਾਜ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ’ਚ ਸੱਤਾਧਾਰੀ ਗਠਜੋੜ ਮਹਾ ਵਿਕਾਸ ਅਘਾੜੀ (ਐਮਵੀਏ) ਨੂੰ ਮਹਾਰਾਸ਼ਟਰ ’ਚ ਭਾਜਪਾ ਤੋਂ ਦੂਜਾ ਵੱਡਾ ਝਟਕਾ ਲੱਗਾ ਹੈ। ਐਮਵੀਏ ਵਿਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਕਾਂਗਰਸ ਸ਼ਾਮਲ ਹਨ।
ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਦੇ 106 ਵਿਧਾਇਕ ਹਨ, ਜਦੋਂ ਕਿ ਉਨ੍ਹਾਂ ਦੇ ਉਮੀਦਵਾਰਾਂ ਲਈ ਬਾਕੀ ਵੋਟਾਂ ਜਾਂ ਤਾਂ ਆਜ਼ਾਦ ਉਮੀਦਵਾਰਾਂ, ਜਾਂ ਛੋਟੀਆਂ ਪਾਰਟੀਆਂ ਜਾਂ ਹੋਰ ਪਾਰਟੀਆਂ ਤੋਂ ਹਨ। ਊਧਵ ਠਾਕਰੇ ਨੇ ਅੱਜ ਬਾਅਦ ਦੁਪਹਿਰ ਸਾਰੇ ਪਾਰਟੀ ਵਿਧਾਇਕਾਂ ਦੀ ਜ਼ਰੂਰੀ ਮੀਟਿੰਗ ਬੁਲਾਈ ਹੈ ।