- ਮੋਹਾਲੀ ਵਿਜੀਲੈਂਸ ਦੀ ਅਦਾਲਤ ’ਚ ਕੀਤਾ ਗਿਆ ਪੇਸ਼
- 7.30 ਕਰੋੜ ਦੇ ਟੈਂਡਰ ਲਈ 3.5 ਲੱਖ ਰੁਪਏ ਰਿਸ਼ਵਤ ਵਜੋਂ ਲੈਣ ਦਾ ਦੋਸ਼
ਹਰਬੰਸ ਬਾਗੜੀ
ਮੋਹਾਲੀ/21 ਜੂਨ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਐਂਟੀ-ਕੁਰੱਪਸਨ ਹੈਲਪ ਲਾਈਨ ’ਤੇ ਸ਼ਿਕਾਇਤ ਦੇ ਆਧਾਰ ’ਤੇ ਰਿਸ਼ਵਤਖੋਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤਹਿਤ ਗ੍ਰਿਫ਼ਤਾਰ ਸੀਨੀਅਰ ਆਈਏਐਸ ਸੰਜੈ ਪੋਪਲੀ ਅਤੇ ਉਸ ਦੇ ਸਹਾਇਕ ਸਕੱਤਰ/ਸੁਪਰਡੈਂਟ ਸੰਦੀਪ ਵਾਤਸ ਨੂੰ ਮੰਗਲਵਾਰ ਨੂੰ ਮੋਹਾਲੀ ਵਿਖੇ ਵਿਜੀਲੈਂਸ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਈਏਐਸ ਅਧਿਕਾਰੀ ਅਤੇ ਸੁਪਰਡੈਂਟ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਵਿਜੀਲੈਂਸ ਦੀ ਜਾਂਚ ਟੀਮ ਨੇ ਸਰਕਾਰੀ ਵਕੀਲ ਰਾਹੀਂ ਅਰਜ਼ੀ ਦਾਇਰ ਕਰਕੇ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ।
ਮੁਲਜ਼ਮਾਂ ਨੂੰ 25 ਜੂਨ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਧਰ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਅਧਿਕਾਰੀ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਪੋਪਲੀ ਦੇ ਵਕੀਲਾਂ ਨੇ ਵਿਜੀਲੈਂਸ ਦੀ ਕਾਰਵਾਈ ਰਿਪੋਰਟ ਸਮੇਤ ਠੇਕੇਦਾਰ ਦੀ ਸ਼ਿਕਾਇਤ ਦੀ ਕਾਪੀ ਅਤੇ ਵੀਡੀਓ ਰਿਕਾਰਡਿੰਗ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਲੰਘੀ ਰਾਤ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਆਈਏਐਸ ਸੰਜੇ ਪੋਪਲੀ ਨੂੰ ਰਿਸ਼ਵਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਨਾਲ ਸੁਪਰਡੈਂਟ ਸੰਜੇ ਵਾਤਸ ਨੂੰ ਵੀ ਕਾਬੂ ਕੀਤਾ ਗਿਆ।
ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਦੋਵਾਂ ਖ਼ਿਲਾਫ਼ ਠੇਕੇਦਾਰ ਕੋਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਣ ਅਤੇ ਇੰਨੇ ਹੀ ਪੈਸੇ ਹੋਰ ਮੰਗਣ ਦੇ ਦੋਸ਼ ਹਨ। ਠੇਕੇਦਾਰ ਨੇ ਰਿਕਾਰਡਿੰਗ ਸਮੇਤ ਦਾਇਰ ਕੀਤੀ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਤੋਂ 1 ਫੀਸਦੀ ਕਮਿਸ਼ਨ ਮੰਗਿਆ ਗਿਆ। ਵਿਜੀਲੈਂਸ ਮੁਤਾਬਕ ਇਹ ਮਾਮਲਾ ਕਾਂਗਰਸ ਦੇ ਤੱਤਕਾਲੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਸਮੇਂ ਦਾ ਹੈ, ਜਦੋਂ ਸੰਜੇ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਸੀ।
ਜ਼ਿਲ੍ਹਾ ਕਰਨਾਲ (ਹਰਿਆਣਾ) ਦੇ ਸ਼ਿਕਾਇਤਕਰਤਾ ਸੰਜੇ ਕੁਮਾਰ, ਜੋ ਕਿ ਦਿਖਦਲਾ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ ਨਾਮ ਦੀ ਇੱਕ ਫਰਮ ਦੇ ਨਾਲ ਇੱਕ ਸਰਕਾਰੀ ਠੇਕੇਦਾਰ ਹੈ, ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਰਾਹੀਂ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੰਜੇ ਪੋਪਲੀ ਆਈਏਐਸ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਾਤਸ ਦੀ ਮਿਲੀਭੁਗਤ ਨਾਲ 7.30 ਕਰੋੜ ਰੁਪਏ ਦੇ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਸੰਜੇ ਪੋਪਲੀ ਵੱਲੋਂ ਉਨ੍ਹਾਂ ਦੇ ਸਕੱਤਰ ਸੰਦੀਪ ਵਾਤਸ ਦੀ ਵਾਰ-ਵਾਰ ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਵੀ ਬਣਾ ਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਜੇ ਕੁਮਾਰ ਦੇ ਬਿਆਨਾਂ ਦੇ ਨਾਲ-ਨਾਲ ਉਸ ਵੱਲੋਂ ਪੇਸ਼ ਵੀਡੀਓ ਸਬੂਤਾਂ ਦੇ ਆਧਾਰ ’ਤੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਅਤੇ ਸੰਦੀਪ ਵਾਟਸ ਵਿਰੁੱਧ ਟੈਂਡਰ ਅਲਾਟ ਕਰਨ ਬਦਲੇ 1 ਫੀਸਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ 3.5 ਲੱਖ ਰੁਪਏ ਪ੍ਰਾਪਤ ਕਰ ਰਹੇ ਹਨ।
ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਐਂਟੀ-ਕੁਰੱਪਸਨ ਹੈਲਪ ਲਾਈਨ ’ਤੇ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੰਮੇ ਅਰਸੇ ਬਾਅਦ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਿਸੇ ਆਈਏਐਸ ਅਫ਼ਸਰ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੀਸੀਐਸ ਤੋਂ ਆਈਏਐਸ ਬਣਿਆ ਇਹ ਅਫਸਰ ਅਕਸਰ ਚਰਚਾ ’ਚ ਰਿਹਾ ਹੈ। ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਨਾਲ ਸਬੰਧਤ ਕਈ ਹੋਰ ਅਫਸਰਾਂ ਨੂੰ ਵੀ ਤਰੇਲੀਆਂ ਆਉਣ ਲੱਗੀਆਂ ਹਨ। ਇਹ ਵਿਭਾਗ ਕਾਂਗਰਸ ਸਰਕਾਰ ਦੇ ਸਮੇਂ ਵਿਵਾਦਾਂ ਤੇ ਸੁਰਖੀਆਂ ’ਚ ਵੀ ਰਿਹਾ ਹੈ।