BREAKING NEWS
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਰਹਾਂਗੇ : ਭਗਵੰਤ ਮਾਨਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾਸੰਗਰੂਰ : ਏਐਸਆਈ ਤੇ ਉਸ ਦੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਸਕੂਲ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਅੱਵਲਵਿਜੀਲੈਂਸ ਵੱਲੋਂ ਮੋਹਾਲੀ ਜ਼ਿਲ੍ਹੇ ’ਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ’ਚ ਐਮਰਜੈਂਸੀ ਲੈਂਡਿੰਗਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ੂਟਰ ਅਦਾਲਤ ’ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ

ਸੰਪਾਦਕੀ

ਵਿਰੋਧੀ ਪਾਰਟੀਆਂ ਕੋਲ ਬਦਲਵੀਆਂ ਨੀਤੀਆਂ ਪੇਸ਼ ਕਰਨ ਦਾ ਵੱਡਾ ਮੌਕਾ

June 22, 2022 11:34 AM

ਭਾਰਤ ’ਚ ਰਾਸ਼ਟਰਪਤੀ ਦੀ ਚੋਣ ਆਮ ਕਰਕੇ ਆਮ ਚੋਣਾਂ ਦੀ ਰੰਗਤ ਵਾਲੀ ਤਾਂ ਨਹੀਂ ਹੁੰਦੀ ਪਰ ਬੇਹੱਦ ਮਹੱਤਵਪੂਰਨ ਅਹੁਦੇ ਲਈ ਹੋਣ ਕਰਕੇ ਹਰ ਵਾਰ ਕੁਝ ਨਾ ਕੁਝ ਦਿਲਚਸਪੀ ਵਾਲੀ ਅਤੇ ਭਾਵੀ ਘਟਨਾਵਾਂ ਲਈ ਪ੍ਰਸੰਗਿਕ ਜ਼ਰੂਰ ਬਣੀ ਰਹਿੰਦੀ ਹੈ। 2022 ਦੇ ਚਲੰਤ ਸਾਲ ਦੌਰਾਨ ਭਾਰਤ ਦਾ 16ਵਾਂ ਰਾਸ਼ਟਰਪਤੀ ਚੁਣਿਆ ਜਾਣਾ ਹੈ। ਜੋ ਹੁਣ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਥਾਂ ਲਵੇਗਾ। ਭਾਰਤ ਦੇ ਸੰਵਿਧਾਨ ਦੀ ਧਾਰਾ 56 ਅਨੁਸਾਰ ਦੇਸ਼ ਦਾ ਰਾਸ਼ਟਰਪਤੀ 5 ਸਾਲ ਲਈ ਚੁਣਿਆ ਜਾਂਦਾ ਹੈ। ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਲਈ 18 ਜੁਲਾਈ ਨੂੰ ਵੋਟਾਂ ਪੈਣੀਆਂ ਹਨ ਜਿਨ੍ਹਾਂ ਦੀ ਗਿਣਤੀ 21 ਜੁਲਾਈ ਨੂੰ ਕੀਤੀ ਜਾਵੇਗੀ। ਇਸ ਦਾ ਅਰਥ ਹੈ ਕਿ ਦੇਸ਼ ਨੂੰ ਨਵਾਂ ਰਾਸ਼ਟਰਪਤੀ ਇਕ ਮਹੀਨੇ ’ਚ ਮਿਲ ਜਾਵੇਗਾ। ਰਾਸ਼ਟਰਪਤੀ ਲਈ ਵੋਟਾਂ ਚੁਣੇ ਹੋਏ ਨੁਮਾਇੰਦੇ ਅਰਥਾਤ ਵਿਧਾਇਕ ਅਤੇ ਸਾਂਸਦ ਪਾਉਣਗੇ। ਇਕ ਵਿਧਾਇਕ ਦੀ ਵੋਟ ਦਾ ਮਹੱਤਵ ਲਗਭਗ ਸਾਂਸਦ ਦੀ ਵੋਟ ਦੇ ਬਰਾਬਰ ਹੀ ਹੈ ਜਦੋਂ ਕਿ ਵੱਖ-ਵੱਖ ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਰਾਜਾਂ ਦੇ ਵਿਧਾਇਕਾਂ ਤੇ ਸਾਂਸਦਾਂ ਦੀ ਵੋਟ ਦੀ ਤਾਕਤ ਪ੍ਰਦੇਸ਼ ਦੀ ਆਬਾਦੀ ਦੇ ਅਨੁਪਾਤਕ ਹੀ ਮਿੱਥੀ ਗਈ ਹੈ। 2021 ’ਚ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਚੁਣਨ ਵਾਲਿਆਂ ’ਚ 776 ਸਾਂਸਦ ਅਤੇ 4120 ਵਿਧਾਇਕ ਸਨ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਲਈ 50 ਸਾਂਸਦ ਜਾਂ ਵਿਧਾਇਕਾਂ ਦੀ ਹਿਮਾਇਤ ਲੋੜੀਂਦੀ ਹੁੰਦੀ ਹੈ, ਜਦੋਂ ਹੋਰ 50 ਸਾਂਸਦ ਤੇ ਵਿਧਾਇਕਾਂ ਨੇ ਤਾਇਦ ਕਰਨੀ ਹੁੰਦੀ ਹੈ। ਸੰਵਿਧਾਨ ਮੁਤਾਬਿਕ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ, ਜਿਸ ਦੀ ਉਮਰ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ, ਉਸ ਲਈ ਕਿਸੇ ਇਕ ਸਿਆਸੀ ਪਾਰਟੀ ਦੀ ਨਾਮਜ਼ਦਗੀ ਲੈਣਾ ਵੀ ਜ਼ਰੂਰੀ ਹੁੰਦਾ ਹੈ।
16ਵੇਂ ਰਾਸ਼ਟਰਪਤੀ ਬਣਨ ਵਾਲੇ ਦੋਨੋਂ ਉਮੀਦਵਾਰਾਂ ਬਾਰੇ ਹਾਲੇ ਸਥਿਤੀ ਸਪੱਸ਼ਟ ਨਹੀਂ ਹੋ ਪਾਈ ਹੈ ਪਰ ਜਿਸ ਪ੍ਰਕਾਰ ਹਾਲੇ ਤੱਕ ਰਾਜ ਸਭਾ ਲਈ ਸਾਂਸਦ ਚੁਣੇ ਗਏ ਹਨ ਉਸ ਤੋਂ ਹੋਰ ਵੀ ਸਾਫ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਰਾਸ਼ਟਰਪਤੀ ਆਸਾਨੀ ਨਾਲ ਬਣਾ ਲਵੇਗੀ। ਵਿਰੋਧੀ ਪਾਰਟੀਆਂ ਨੇ ਇਕ ਸਾਂਝਾ ਉਮੀਦਵਾਰ ਖੜ੍ਹਾ ਕਰਨ ਬਾਰੇ ਸਹਿਮਤੀ ਸਮੇਂ ਸਿਰ ਬਣਾ ਲਈ ਸੀ, ਪਰ ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਵਾਲੇ ਜਿਹੜੇ ਉਮੀਦਵਾਰ ਬਣਾਉਣ ਲਈ ਮੁੱਢਲੀ ਚਰਚਾ ਛੇੜੀ ਗਈ ਸੀ, ਉਹ ਰਾਸ਼ਟਰਪਤੀ ਦੀ ਚੋਣ ਲ਼ੜਨ ਤੋਂ ਨਾਂਹ ਕਰ ਚੁੱਕੇ ਹਨ। ਪਹਿਲਾਂ ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਦਾ ਨਾਮ ਉਭਰਿਆ ਸੀ ਪਰ ਇਨ੍ਹਾਂ ਦੋਨਾਂ ਦੁਆਰਾ ਰਾਸ਼ਟਰਪਤੀ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਕ ਨਾਮ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਦਾ ਵੀ ਲਿਆ ਗਿਆ, ਜਿਸ ’ਤੇ ਸਹਿਮਤੀ ਬਣ ਸਕਦੀ ਸੀ ਪਰ ਗੋਪਾਲ ਕ੍ਰਿਸ਼ਨ ਗਾਂਧੀ, ਜੋ ਕਿ ਮਹਾਤਮਾ ਗਾਂਧੀ ਅਤੇ ਕਸਤੂਰਬਾ ਗਾਂਧੀ ਦਾ ਪੋਤਾ ਹੈ, ਨੇ ਵੀ ਵਿਰੋਧੀ ਪਾਰਟੀਆਂ ਦੀ ਬੇਨਤੀ ਰੱਦ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ 27 ਜੂਨ ਤੱਕ ਐਲਾਨ ਦੇਵੇਗੀ। ਭਾਰਤੀ ਜਨਤਾ ਪਾਰਟੀ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ। ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਹਾਲਾਤ ਇਹ ਹਨ ਕਿ ਵਿਰੋਧੀ ਪਾਰਟੀਆਂ ਆਪਣਾ ਉਮੀਦਵਾਰ ਰਾਸ਼ਟਰਪਤੀ ਨਹੀਂ ਬਣਾ ਸਕਣਗੀਆਂ। 15 ਵਿਰੋਧੀ ਪਾਰਟੀਆਂ ਦੇ ਸਮੂਹ ਤੋਂ ਤੇਲੰਗਾਨਾ ਰਾਸ਼ਟਰੀ ਸੰਮਤੀ (ਟੀਆਰਐਸ), ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਦੂਰ ਹਨ ਪਰ ਅਜਿਹੇ ’ਚ ਮੁੱਖ ਵਿਰੋਧੀ ਪਾਰਟੀਆਂ ਕੋਲ ਇਕ ਦੂਸਰੀ ਜਿੱਤ ਹਾਸਲ ਕਰਨ ਦਾ ਮੌਕਾ ਵੀ ਹੈ। ਇਹ ਹੈ ਰਾਸ਼ਟਰਪਤੀ ਦੀ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਫਿਰਕੂ ਸਿਆਸਤ ਨੂੰ ਇਕਜੁੱਟ ਹੋ ਕੇ ਆਮ ਭਾਰਤੀ ਲੋਕਾਂ ਸਾਹਮਣੇ ਨੰਗਾ ਕਰਨਾ ਅਤੇ ਸਹੀ ਧਰਮ ਨਿਰਪੱਖ ਸਿਆਸਤ ਦੇ ਅਰਥ ਉਜਾਗਰ ਕਰਨਾ। ਇਸ ਤਰ੍ਹਾਂ ਉਨ੍ਹਾਂ ਸਿਆਸੀ ਪਾਰਟੀਆਂ ਦਾ ਅਸਲ ਕਿਰਦਾਰ ਵੀ ਸਾਹਮਣੇ ਆਵੇਗਾ ਜੋ ਹਾਲੇ ਵਿਰੋਧੀ ਪਾਰਟੀਆਂ ਦੇ ਖੇਮੇ ਤੋਂ ਦੂਰ ਹਨ। ਤਮਾਮ ਵਿਰੋਧੀ ਪਾਰਟੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦੇ ਲੋਕਾਂ ਦਾ ਬਹੁਤ ਵੱਡਾ ਤਬਕਾ, ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਪ੍ਰਮੁੱਖ ਨੇਤਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦਾ ਬਦਲ ਵੀ ਦੇਖਣਾ-ਪਰਖਣਾ ਚਾਹੁੰਦਾ ਹੈ। ਬੇਸ਼ੱਕ ਅਗਲੀਆਂ ਆਮ ਚੋਣਾਂ 2024 ਵਿੱਚ ਹਨ ਪਰ ਇਨ੍ਹਾਂ ਲਈ ਤਿਆਰੀ ਦਾ ਮੌਕਾ ਰਾਸ਼ਟਰਪਤੀ ਦੀ ਚੋਣ ਵਿਰੋਧੀ ਪਾਰਟੀਆਂ ਨੂੰ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਨੂੰ ਸਾਂਭਣ ਦੀ ਲੋੜ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ