- ਬੱਸ ਅੱਡੇ ’ਤੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ/21 ਜੂਨ : ਸਿਰਸਾ ਦੇ ਕਸਬਾ ਰੋੜੀ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਰੋਸ ਪ੍ਰਦਰਸਨ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸਰਗਰਮ ਕਾਰਕੁਨ ਕੁਲਵਿੰਦਰ ਸਿੰਘ ਰੋੜੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕੇਂਦਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਜਨਤਕ ਖੇਤਰ ਦੇ ਸਾਰੇ ਅਦਾਰੇ ਕੋਡੀਆਂ ਦੀ ਕੀਮਤ ’ਤੇ ਪੂੰਜੀਪਤੀਆਂ ਦੇ ਹੱਥਾਂ ‘ਚ ਵਿਕ ਰਹੇ ਹਨ। ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਸੈਨਾ ਵਿੱਚ ਭਰਤੀ ਲਈ ਅਗਨੀਪਥ ਨਾਮਕ ਯੋਜਨਾ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਫੌਜ ਵਿਚ ਭਰਤੀ ਹੋਣ ਅਤੇ ਸਿਰਫ ਚਾਰ ਸਾਲ ਸੇਵਾ ਕਰਨ ਦੀ ਵਿਵਸਥਾ ਹੈ। ਚਾਰ ਸਾਲ ਬਾਅਦ ਨੌਜਵਾਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ।
ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਨਿਸਚਿਤ ਰਕਮ ਤੋਂ ਇਲਾਵਾ ਕੋਈ ਹੋਰ ਸਹੂਲਤ ਨਹੀਂ ਮਿਲੇਗੀ। ਜਦੋਂ ਤੋਂ ਸਰਕਾਰ ਨੇ ਇਸ ਯੋਜਨਾ ਦਾ ਐਲਾਨ ਕੀਤਾ ਹੈ, ਦੇਸ਼ ਭਰ ਦੇ ਨੌਜਵਾਨ ਫੌਜ ਵਿੱਚ ਪੱਕੀ ਭਰਤੀ ਕਰਨ ਅਤੇ ਅਗਨੀਪਥ ਸਕੀਮ ਨੂੰ ਵਾਪਸ ਲੈਣ ਲਈ ਸੜਕਾਂ ’ਤੇ ਉਤਰ ਰਹੇ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਵਕੀਲ ਸਿੰਘ ਰੋੜੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕੇਂਦਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਸਰਕਾਰੀ ਨੌਕਰੀਆਂ ਦਾ ਸਤਾ ਲਈ ਭੋਗ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ’ਚ ਹਰ ਤਰ੍ਹਾਂ ਦੀਆਂ ਨੌਕਰੀਆਂ ਵਿੱਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ, ਉਨ੍ਹਾਂ ਨੂੰ ਭਰਨ ਦੀ ਬਜਾਏ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਹੋ ਰਹੀਆਂ ਹਨ।
ਕੇਂਦਰ ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਪਿੰਡ ਰੌੜੀ ਦੇ ਨੌਜਵਾਨ ਪਿੰਡ ਵਿੱਚ ਪੈਦਲ ਰੋਸ਼ ਮਾਰਚ ਕਰਦੇ ਹੋਏ ਬੱਸ ਸਟੈਂਡ ’ਤੇ ਪੁਜੇ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਇਸ ਸਕੀਮ ਦਾ ਤਿੱਖਾ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਸਮੇਂ ਨੌਜਵਾਨ ਭਾਰਤ ਸਭਾ ਤੋਂ ਸਾਹਿਲਪ੍ਰੀਤ ਸਿੰਘ, ਗੁਰਦੀਪ ਸਿੰਘ, ਦਿਨੇਸ਼, ਮਹਿਕਦੀਪ ਸਿੰਘ, ਜਸਪ੍ਰੀਤ ਸਿੰਘ, ਰਮਨ,ਵਿਸਾਲ ਕੁਮਾਰ ਸਮੇਤ ਬਹੁਤ ਸਾਰੇ ਨੌਜਵਾਨ ਹਾਜ਼ਰ ਸਨ।