- ਸਰਕਾਰੀ ਮਹਿਕਮਿਆਂ ’ਚ ਜਾਰੀ ਹੋ ਰਹੇ ਹਨ ਤੁਗਲਕੀ ਫਰਮਾਨ : ਸੰਦੀਪ ਸਾਂਗਵਾਨ
ਸੁਰਿੰਦਰ ਪਾਲ ਸਿੰਘ
ਸਿਰਸਾ/21 ਜੂਨ : ਸਰਕਾਰ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਫੀਲਡ ਮਨਿਸਟੀਰੀਅਲ ਸਟਾਫ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਉਤਰ ਆਏ। ਸੂਬਾਈ ਪ੍ਰਧਾਨ ਸੰਦੀਪ ਸਾਂਗਵਾਨ, ਜਨਰਲ ਸੱਕਤਰ ਹਤਿੰਦਰ ਸਿਹਾਗ, ਮੀਤ ਪ੍ਰਧਾਨ ਬਲਬੀਰ ਕੁੰਹੜੀਆ ਅਤੇ ਜ਼ਿਲ੍ਹਾ ਪ੍ਰਧਾਨ ਤ੍ਰਿਲੋਕਚੰਦ ਨਾਗੋਕੀ ਅਤੇ ਸਕੱਤਰ ਅਮਰਜੀਤ ਬਰਾੜ ਨੇ ਕਿਹਾ ਕਿ ਉਹ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਲੰਮੇ ਸਮੇਂ ਤੋਂ ਸੜਕਾਂ ’ਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸਾਹੀ ਅਤੇ ਤਾਨਾਸ਼ਾਹੀ ਕਾਰਨ ਮੁਲਾਜ਼ਮਾਂ ਨੂੰ ਭੁੱਖ ਹੜਤਾਲ ਵਰਗਾ ਕਦਮ ਚੁੱਕਣਾ ਪਿਆ ਹੈ ਪਰ ਗੂੰਗੀ-ਬੋਲੀ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੀ, ਉਲਟਾ ਸਰਕਾਰੀ ਮਹਿਕਮਿਆਂ ‘ਚ ਤੁਗਲਕੀ ਫਰਮਾਨ ਜਾਰੀ ਕਰਕੇ ਮੁਲਾਜ਼ਮਾਂ ਨੂੰ ਦਬਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਹਰਿਆਣਾ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਨਾਲ ਸਬੰਧਤ ਸਰਵ ਕਰਮਚਾਰੀ ਯੂਨੀਅਨ ਦੇ ਸੱਦੇ ’ਤੇ ਸੂਬੇ ਭਰ ਵਿੱਚ ਡੀਈਓ ਦਫਤਰਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਅਤੇ ਸਿੱਖਿਆ ਮੰਤਰੀ ਨੂੰ ਨੋਟਿਸ ਭੇਜਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਅੰਦੋਲਨ ਦੇ ਦੂਜੇ ਪੜਾਅ ਤਹਿਤ 23 ਜੂਨ ਤੋਂ ਸਾਰੇ ਜ਼ਿਲ੍ਹਿਆਂ ਦੇ ਕਰਮਚਾਰੀ ਆਪੋ-ਆਪਣੇ ਹੈੱਡਕੁਆਰਟਰਾ ’ਤੇ ਭੁੱਖ ਹੜਤਾਲ ’ਤੇ ਬੈਠਣਗੇ।