- ਪੱਖਪਾਤ ਦਾ ਦੋਸ਼ ਲਾ ਕੇ ਕੀਤੀ ਨਾਅਰੇਬਾਜ਼ੀ
ਰਮੇਸ਼ ਜੁਨੇਜਾ
ਮਲੋਟ/21 ਜੂਨ : ਨਗਰ ਪਾਲਿਕਾ ਮਲੋਟ ਵੱਲੋਂ ਵਾਟਰਵਰਕਸ ਰੋਡ ਤੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਕੰਮ ਅੱਜ ਫਿਰ ਸਿਰੇ ਨਹੀਂ ਚੜ ਸਕਿਆ। ਨਗਰ ਕੌਂਸਲ ਦੇ ਅਧਿਕਾਰੀ ਕਰਮਚਾਰੀ ਕਰੀਬ ਦੁਪਿਹਰ ਵੇਲੇ ਪੁਲਸ ਫੋਰਸ ਅਤੇ ਸਾਜੋ ਸਮਾਨ ਨਾਲ ਲੈਕੇ ਵਾਟਰ ਵਰਕਸ ਰੋਡ ਤੇ ਸੱਜੇ ਹੱਥ ਹੋਏ ਨਾਜਾਇਜ਼ ਕਬਜੇ ਹਟਾਉਣ ਲਈ ਜਿਉਂ ਹੀ ਮੌਕੇ ਤੇ ਪੁੱਜੇ ਤਾਂ ਉਥੇ ਰਹਿੰਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਗਰ ਕੌਂਸਲ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕੇ ਵਿਜੇ ਕੁਮਾਰ, ਸੁਰੇਸ਼ ਕੁਮਾਰ, ਸੰਜੇ ਅਮਰਦੀਪ, ਮੋਹਰ ਸਿੰਘ, ਬਲਦੇਵ ਸਿੰਘ, ਪੱਪਾ ਅਤੇ ਪ੍ਰਵੀਨ ਕੁਮਾਰ ਦਾ ਕਹਿਣਾ ਸੀ ਇਸ ਸੜਕ ਦੇ ਦੋਨੇ ਪਾਸੇ ਨਜਾਇਜ ਕਬਜੇ ਹਨ ਪਰ ਦੂਜੇ ਪਾਸੇ ਸਿਆਸੀ ਪਹੁੰਚ ਵਾਲੇ ਲੋਕ ਰਹਿੰਦੇ ਹੋਣ ਕਰਕੇ ਨਗਰ ਕੌਂਸਲ ਇਕ ਪਾਸੇ ਕਾਰਵਾਈ ਕਰਨਾ ਚਾਹੁੰਦਾ ਹੈ। ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਜ ਨਹੀਂ ਦੋ ਮਸ਼ੀਨਾਂ ਇਕੱਠੀਆਂ ਲਿਆ ਕਿ ਦੋਨੇ ਪਾਸੇ ਨਾਜਾਇਜ਼ ਉਸਾਰੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਜਾਣ। ਉਹਨਾਂ ਦਾ ਕਹਿਣਾ ਹੈ ਕਿ ਕਮੇਟੀ ਵਾਲੇ ਕਹਿ ਰਹੇ ਹਨ ਇਹ ਪ੍ਰਾਈਵੇਟ ਕਲੋਨੀ ਦਾ ਹਿੱਸਾ ਹੈ ਪਰ ਅੱਧੀ ਸਦੀ ਤੋਂ ਜਿਸ ਕਲੋਨੀ ਤੇ ਕਮੇਟੀ ਵਿਕਾਸ ਲਈ ਪੈਸੇ ਖਰਚ ਰਹੀ ਹੈ ਉਹ ਕਮੇਟੀ ਦੇ ਅਧਿਕਾਰ ਖੇਤਰ ਵਿਚ ਕਿਉਂ ਨਹੀਂ ਆਉਂਦੀ।
ਇਸ ਮਾਮਲੇ ਸਬੰਧੀ ਜਦ ਨਗਰ ਕੌਂਸਲ ਦੇ ਐਮ ਈ ਪ੍ਰਲਾਹਦ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਨਹਿਰੀ ਵਿਭਾਗ ਦੀ ਥਾਂ ਉਪਰ ਇਹਨਾਂ ਕਬਜਾ ਧਾਰੀਆਂ ਨੂੰ ਕਮੇਟੀ ਨੇ ਨੋਟਿਸ ਦਿੱਤਾ ਗਿਆ ਸੀ ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦ ਉਹਨਾਂ ਨੂੰ ਦੂਸਰੇ ਪਾਸੇ ਕੀਤੇ ਕਬਜੇ ਸਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਸਾਰੇ ਘਰਾਂ ਨੇ ਦੋ ਸਾਲ ਪਹਿਲਾਂ ਜਵਾਬ ਦੇ ਦਿੱਤਾ ਸੀ ਕਿ ਉਹਨਾਂ ਕੋਲ ਪ੍ਰਾਈਵੇਟ ਕਲੋਨੀ ਦੀ ਥਾਂ ਹੈ। ਕੁੱਲ ਮਿਲਾ ਕਿ ਅੱਜ ਨਗਰ ਪਾਲਿਕਾ ਦੀ ਮੁਹਿੰਮ ਦਾ ਇਕ ਵਾਰ ਠੰਡੇ ਬਸਤੇ ਵਿਚ ਪੈ ਗਿਆ ਤੇ ਕਰੀਬ 3 ਘੰਟੇ ਅਧਿਕਾਰੀ ਕਰਮਚਾਰੀ ਅਤੇ ਪੁਲਸ ਸਮਾਨ ਲੈਕੇ ਵਾਪਸ ਮੁੜ ਗਏ। ਨਗਰ ਪਾਲਿਕਾ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੱਸਿਆ ਕਿ ਉਹਨਾਂ ਵੱਲੋਂ ਇਸ ਪਾਸੇ ਵਾਲੇ ਘਰਾਂ ਨੂੰ 10 ਦਿਨਾਂ ਦਾ ਸਮਾਂ ਦੇ ਦਿੱਤਾ ਹੈ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।