BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਨਵੇਂ ਸਿਆਸੀ ਨਿਘਾਰ ਅਤੇ ਮੁੱਖ ਬਣੀ ਸੱਤਾ

June 25, 2022 11:58 AM

ਦੇਸ਼ ਦੀ ਵਿੱਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਮਹੱਤਵਪੂਰਨ ਸੂਬੇ, ਮਹਾਰਾਸ਼ਟਰ, ਵਿੱਚ ਪਿਛਲੇ ਦਿਨਾਂ ’ਚ ਮਹਾਂ ਵਿਕਾਸ ਅਘਾੜੀ ਦੀ ਸਰਕਾਰ ਤੋੜਨ ਲਈ ਜੋ ਸਾਜ਼ਿਸ਼ੀ ਕਾਰਵਾਈਆਂ ਹੋਈਆਂ ਹਨ, ਉਨ੍ਹਾਂ ਤੋਂ ਦੇਸ਼ ਵਿੱਚ ਸਿਆਸਤ ਦੇ ਨਿਘਾਰ ਦਾ ਪਤਾ ਚਲਦਾ ਹੈ। ਜੋ ਕੁਝ ਅੱਜ ਸਾਹਮਣੇ ਆਇਆ ਹੈ, ਇਸ ਦਾ ਲੰਬਾ ਪਿਛੋਕੜ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਕੇਂਦਰ ’ਚ ਸਥਾਪਤ ਸਰਕਾਰ ਵੱਲੋ ਮਹਾਂ ਵਿਕਾਸ ਅਘਾੜੀ ਦੀ ਸਰਕਾਰ ਤੋੜਨ ਲਈ ਦੇਰ ਤੋਂ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ। ਪਿਛਲੀ ਸਦੀ ਦੇ ਛੇਵੇਂ ਦਹਾਕੇ ’ਚ ਸ਼ਿਵ ਸੈਨਾ ਹੋਂਦ ’ਚ ਆਈ ਸੀ ਅਤੇ ਇਸ ਤੋਂ ਬਾਅਦ ਇਸ ਦੇ ਆਗੂਆਂ ਦੇ ਭਾਰਤੀ ਜਨਤਾ ਪਾਰਟੀ ਨਾਲ ਵੱਖ ਵੱਖ ਪ੍ਰਕਾਰ ਦੇ ਸੰਬੰਧ ਰਹੇ ਸਨ। 2019 ਦੇ ਅਕਤੂਬਰ ਮਹੀਨੇ ਵਿੱਚ ਵੀ ਮਹਾਰਾਸ਼ਟਰ ’ਚ ਵਿਧਾਨ ਸਭਾ ਲਈ ਚੋਣਾਂ ਹੋਈਆਂ ਸਨ, ਜਿਸ ’ਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਠਜੋੜ, ਕੌਮੀ ਜਮਹੂਰੀ ਗਠਜੋੜ (ਐਨਡੀਏ), ਨੂੰ ਬਹੁਗਿਣਤੀ ਹਾਸਲ ਹੋ ਗਈ ਸੀ ਪਰ ਸਰਕਾਰ ਬਨਾਉਣ ਸੰਬੰਧੀ ਗਠਜੋੜ ਦੀਆਂ ਦੋਵੇਂ ਪਾਰਟੀਆਂ ਵਿੱਚ ਹੋਏ ਵਿਵਾਦ ਕਾਰਨ ਗਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਸੂਬੇ ’ਚ ਕੁਝ ਸਮੇਂ ਲਈ ਰਾਸ਼ਟਰਪਤੀ ਰਾਜ ਵੀ ਲਾਗੂ ਰਿਹਾ ਅਤੇ ਦੋ ਦਿਨ ਲਈ, 26 ਨਵੰਬਰ 2019 ਤੋਂ 28 ਨਵੰਬਰ 2019 ਤੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਦਵੇਂਦਰ ਫੜਨਵੀਸ ਮੁੱਖ ਮੰਤਰੀ ਵੀ ਰਹੇ, ਜਿਸ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਇੱਕ ਗਰੁੱਪ ਦੀ ਹਿਮਾਇਤ ਮਿਲੀ ਸੀ। ਪਰ ਦੋ ਦਿਨਾਂ ’ਚ ਹੀ ਇਹ ਹਿਮਾਇਤ ਵਾਪਸ ਹੋ ਗਈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਦੀ ਹੋ ਗਈ। ਇਸ ਤੋਂ ਬਾਅਦ ਹੀ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਆਲ ਇੰਡੀਆ ਨੈਸ਼ਨਲ ਕਾਂਗਰਸ (ਆਈਐਨਸੀ) ਪਾਰਟੀ ਨੇ ਮਹਾਂ ਵਿਕਾਸ ਅਘਾੜੀ ਗਠਜੋੜ ਬਣਾ ਕੇ ਸਰਕਾਰ ਸਥਾਪਤ ਕੀਤੀ ਜੋ ਹਾਲੇ ਤੱਕ ਚੱਲ ਰਹੀ ਹੈ। ਪਰ ਤਦ ਤੋਂ ਹੀ ਭਾਰਤੀ ਜਨਤਾ ਪਾਰਟੀ ਇਸ ਗਠਜੋੜ ਨੂੰ ਤੋੜਨ ਅਤੇ ਊਧਵ ਠਾਕਰੇ ਦੀ ਸਰਕਾਰ ਨੂੰ ਡੇਗਣ ਦੇ ਲਗਾਤਾਰ ਯਤਨ ਕਰਦੀ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਹੈ ਜਿਸ ਕਰਕੇ ਸੂਬਿਆਂ ’ਚ ਸਿਆਸੀ ਤੇ ਪ੍ਰਸ਼ਾਸਨਿਕ ਦਖ਼ਲ ਦੇਣਾ ਇਸ ਲਈ ਔਖਾ ਨਹੀਂ ਹੈ । ਜਿਨ੍ਹਾਂ ਸੂਬਿਆਂ ’ਚ, ਜਿਵੇਂ ਕਿ ਪੰਜਾਬ ’ਚ, ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਹੁਤ ਘੱਟ ਹੁੰਦੇ ਹਨ ਅਤੇ ਜੋੜ-ਤੋੜ ਨਾਲ ਵੀ ਸਰਕਾਰ ਬਨਾਉਣ ਤੋਂ ਅਸਮਰੱਥ ਹੁੰਦੇ ਹਨ, ਉਥੇ ਵੀ ਭਾਰਤੀ ਜਨਤਾ ਪਾਰਟੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਦੂਸਰੀਆਂ ਕੇਂਦਰੀ ਏਜੰਸੀਆਂ ਰਾਹੀਂ ਆਪਣੇ ਦਬਦਬੇ ਦਾ ਮਾਹੌਲ ਬਣਾਈ ਰੱਖਦੀ ਹੈ। ਇਸ ਤਰ੍ਹਾਂ ਹੀ ਇਸ ਨੇ ਕੇਂਦਰੀ ਏਜੰਸੀਆਂ ਦੀ ਵਰਤੋਂ ਮਹਾਰਾਸ਼ਟਰ ਦੀ ਊਧਵ ਸਰਕਾਰ ਨੂੰ ਸੰਕਟ ’ਚ ਪਾਉਣ ਲਈ ਕੀਤੀ ਹੈ। ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਦੇ ਮੰਤਰੀਆਂ ਨੂੰ ਕੇਂਦਰੀ ਏਜੰਸੀਆਂ ਦੁਆਰਾ ਬਣਾਏ ਕੇਸਾਂ ਰਾਹੀਂ ਪਰੇਸ਼ਾਨ ਕਰਨਾ ਮੋਦੀ ਸਰਕਾਰ ਦਾ ਖਾਸ ਲੱਛਣ ਰਿਹਾ ਹੈ। ਊਧਵ ਸਰਕਾਰ ਦੇ ਦੋ ਮੰਤਰੀ ਅਨਿਲ ਦੇਸ਼ਮੁਖ ਅਤੇ ਨਵਾਬ ਮਲਿਕ ਸਲਾਖਾਂ ਦੇ ਪਿੱਛੇ ਹਨ। ਉਨ੍ਹਾਂ ਨੂੰ ਉਥੇ ਭੇਜਣ ’ਚ ਮੋਦੀ ਸਰਕਾਰ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
ਪਿਛਲੇ ਸਮੇਂ ਨੂੰ ਦੇਖਦਿਆਂ ਪਤਾ ਚਲਦਾ ਹੈ ਕਿ ਮਹਾਂ ਵਿਕਾਸ ਅਘਾੜੀ ਦੇ, ਖਾਸ ਤੌਰ ’ਤੇ ਸ਼ਿਵ ਸੈਨਾ ਦੇ, ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਬਦਲੇ ਦੇ ਢੰਗ ਨਾਲ ਕੇਂਦਰੀ ਏਜੰਸੀਆਂ ਦੁਆਰਾ ਡਰਾਇਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਵਿਧਾਇਕ ਮੁੱਖ ਮੰਤਰੀ ਊਧਵ ਠਾਕਰੇ ਕੋਲ ਇਸ ਬਾਰੇ ਸ਼ਿਕਾਇਤਾਂ ਕਰਨ ਵੀ ਜਾਂਦੇ ਰਹੇ ਹਨ ਕਿ ਉਨ੍ਹਾਂ ਦਾ ਹਾਲ ਵੀ ਦੇਸ਼ਮੁਖ ਅਤੇ ਨਵਾਬ ਮਲਿਕ ਜਿਹਾ ਨਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਊਧਵ ਸਰਕਾਰ ਡੇਗਣ ਲਈ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਸਪੱਸ਼ਟ ਨਜ਼ਰ ਆ ਰਹੀ ਹੈ, ਇਹ ਵੀ ਨਜ਼ਰ ਆ ਰਿਹਾ ਹੈ ਕਿ ਇਸ ਵਿੱਚ ਧਨ ਦੌਲਤ ਦੀ ਵੀ ਭੂਮਿਕਾ ਰਹੀ ਹੋਵੇਗੀ, ਪਰ ਦੇਸ਼ ’ਚ ਸਿਆਸੀ ਨਿਘਾਰ ਦੀ ਇਹ ਸਥਿਤੀ ਬਣ ਗਈ ਹੈ ਕਿ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਊਧਵ ਠਾਕਰੇ ਸਰਕਾਰ ਨੂੰ ਇਹ ਜਾਣਕਾਰੀ ਕਿਉਂ ਨਹੀਂ ਮਿਲੀ ਕਿ ਉਸਦੇ ਵਿਧਾਇਕਾਂ ਨੂੰ ਪੱਟਿਆ ਜਾ ਰਿਹਾ ਹੈ । ਭਾਰਤੀ ਜਨਤਾ ਪਾਰਟੀ ਨੇ ਕਰਨਾਟਕ ਅਤੇ ਮੱਧ ਪ੍ਰਦੇਸ਼ ਵਿਚ ਅਜਿਹੀਆਂ ਤਿਕੜਮਾਂ ਨਾਲ ਹੀ ਸਰਕਾਰਾਂ ਬਣਾਈਆਂ ਹਨ। ਅੱਜ ਸੱਤਾ ਹੀ ਮੁੱਖ ਬਣਾ ਦਿੱਤੀ ਗਈ ਹੈ, ਜਿਸ ਨੂੰ ਕਿਸੇ ਵੀ ਗ਼ੈਰ-ਇਖਲਾਕੀ ਤੇ ਧੱਕੇਸ਼ਾਹੀ ਭਰੇ ਢੰਗ ਨਾਲ ਪ੍ਰਾਪਤ ਕਰਨਾ ਸਰਬਉੱਚ ਤੇ ਸਰਬੋਤਮ ਬਣ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ