ਏਜੰਸੀਆਂ
ਮਿਊਨਿਖ/26 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਦੋ ਦਿਨਾਂ ਦੌਰੇ ’ਤੇ ਐਤਵਾਰ ਨੂੰ ਮਿਊਨਿਖ ਪਹੁੰਚੇ। ਇਸ ਦੌਰਾਨ ਉਹ ਜੀ-7 ਸਿਖਰ ਸੰਮੇਲਨ ’ਚ ਸ਼ਿਰਕਤ ਕਰਨਗੇ ਅਤੇ ਸ਼ਕਤੀਸਾਲੀ ਸਮੂਹਾਂ ਅਤੇ ਇਸ ਦੇ ਸਹਿਯੋਗੀਆਂ ਦੇ ਨੇਤਾਵਾਂ ਨਾਲ ਊਰਜਾ, ਭੋਜਨ ਸੁਰੱਖਿਆ, ਦਹਿਸ਼ਤਵਾਦ ਵਿਰੋਧੀ, ਵਾਤਾਵਰਣ ਅਤੇ ਲੋਕਤੰਤਰ ਵਰਗੇ ਮੁੱਦਿਆਂ ’ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਦੇ ਸੱਦੇ ’ਤੇ 26 ਅਤੇ 27 ਜੂਨ ਨੂੰ ਹੋਣ ਵਾਲੇ ਜੀ-7 ਸਿਖਰ ਸੰਮੇਲਨ ’ਚ ਹਿੱਸਾ ਲੈ ਰਹੇ ਹਨ।
ਜਰਮਨੀ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ ਜੀ-7 ਦੀ ਪ੍ਰਧਾਨਗੀ ਦੇ ਤੌਰ ’ਤੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਜੀ-7 ਨੇਤਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਯੂਕ੍ਰੇਨ ਸੰਕਟ ’ਤੇ ਧਿਆਨ ਕੇਂਦਰਤ ਕਰਨਗੇ, ਜਿਸ ਨੇ ਭੂ-ਰਾਜਨੀਤਕ ਉਥਲ-ਪੁਥਲ ਪੈਦਾ ਕੀਤੀ ਹੈ, ਇਸ ਤੋਂ ਇਲਾਵਾ ਵਿਸ਼ਵਵਿਆਪੀ ਭੋਜਨ ਅਤੇ ਊਰਜਾ ਸੰਕਟ ਨੂੰ ਵਧਾ ਦਿੱਤਾ ਹੈ। ਆਪਣੀ ਯਾਤਰਾ ਤੋਂ ਪਹਿਲਾਂ ਇੱਕ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਸਿਖ਼ਰ ਸੰਮੇਲਨ ਦੇ ਸੈਸ਼ਨਾਂ ਦੌਰਾਨ ਮੈਂ ਵਾਤਾਵਰਣ, ਊਰਜਾ, ਜਲਵਾਯੂ, ਭੋਜਨ ਸੁਰੱਖਿਆ, ਸਿਹਤ, ਦਹਿਸ਼ਤਵਾਦ ਵਿਰੋਧੀ, ਲਿੰਗ ਸਮਾਨਤਾ ਅਤੇ ਲੋਕਤੰਤਰ ਵਰਗੇ ਪ੍ਰਮੁੱਖ ਮੁੱਦਿਆਂ ’ਤੇ ਜੀ-7 ਕਾਉਂਟੀ, ਜੀ-7 ਭਾਗੀਦਾਰ ਦੇਸ਼ਾਂ ਅਤੇ ਮਹਿਮਾਨ ਅੰਤਰਰਾਸ਼ਟਰੀ ਸੰਗਠਨਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗਾ।
ਮਿਊਨਿਖ ਪਹੁੰਚੇ ਮੋਦੀ ਨੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਜੀ-7 ਸੰਮੇਲਨ ਦੇ ਮੌਕੇ ’ਤੇ ਜੀ-7 ਨੇਤਾਵਾਂ ਅਤੇ ਮਹਿਮਾਨ ਦੇਸ਼ਾਂ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਚਰਚਾ ਕਰਨਗੇ। ਭਾਰਤ ਤੋਂ ਇਲਾਵਾ ਜੀ-7 ਸਿਖ਼ਰ ਸੰਮੇਲਨ ਦੇ ਮੇਜ਼ਬਾਨ ਜਰਮਨੀ ਨੇ ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫ਼ਰੀਕਾ ਨੂੰ ਇਸ ਸੰਮੇਲਨ ਲਈ ਮਹਿਮਾਨ ਵਜੋਂ ਸੱਦਾ ਦਿੱਤਾ ਹੈ।
ਮੋਦੀ ਨੇ ਕਿਹਾ ਕਿ ਉਹ ਪੂਰੇ ਯੂਰਪ ਤੋਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਣ ਦੀ ਵੀ ਉਮੀਦ ਕਰ ਰਹੇ ਹਨ, ਜੋ ਯੂਰਪੀਅਨ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਪਣੀ ਸਥਾਨਕ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ।
ਜਰਮਨੀ ਤੋਂ ਮੋਦੀ ਖਾੜੀ ਦੇ ਸਾਬਕਾ ਰਾਸ਼ਟਰਪਤੀ ਸੇਖ਼ ਖਲੀਫ਼ਾ ਬਿਨ ਜਾਏਦ ਅਲ ਨਾਹਯਾਨ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਨ ਲਈ 28 ਜੂਨ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨਗੇ। ਪਿਛਲੇ ਕਈ ਸਾਲਾਂ ਤੋਂ ਬੀਮਾਰੀ ਨਾਲ ਜੂਝ ਰਹੇ ਸੇਖ ਖਲੀਫ਼ਾ ਦਾ 13 ਮਈ ਨੂੰ ਦੇਹਾਂਤ ਹੋ ਗਿਆ ਸੀ।