BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਕਿਸਾਨਾਂ ਨਾਲ ਕੀਤੇ ਵਾਅਦੇ ਜਲਦ ਨਿਭਾਏ ‘ਆਪ’ ਦੀ ਪੰਜਾਬ ਸਰਕਾਰ

June 27, 2022 11:58 AM

ਪੰਜਾਬ ਵਿੱਚ ਕਿਸਾਨਾਂ ਦੀ ਹਾਲਤ ਬੇਹੱਦ ਚਿੰਤਾਜਨਕ ਅਤੇ ਦਰਦਨਾਕ ਬਣੀ ਹੋਈ ਹੈ। ਕਰਜ਼ ਅਤੇ ਜ਼ਰੂਰੀ ਖ਼ਰਚਿਆਂ ਦੇ ਚੌਤਰਫਾ ਦਬਾਅ ਹੇਠ ਕਿਸਾਨ, ਖਾਸ ਕਰ ਛੋਟੇ ਕਿਸਾਨ, ਇਸ ਤਰ੍ਹਾਂ ਪਿਸ ਰਹੇ ਹਨ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਨਿਜਾਤ ਪਾਉਣ ਲਈ ਖ਼ੁਦਕਸ਼ੀਆਂ ਕਰਨੀਆਂ ਪੈ ਰਹੀਆਂ ਹਨ। ਕਿਸਾਨ ਖ਼ੁਦਕਸ਼ੀਆਂ ਦੀ ਪਰੇਸ਼ਾਨ ਕਰਨ ਵਾਲੀ ਸਮੱਸਿਆ ਦੇਰ ਤੋਂ ਬਣੀ ਹੋਈ ਹੈ। ਸਮੇਂ ਸਮੇਂ ਜੇਕਰ ਕਿਸਾਨਾਂ ਨੂੰ ਵਿਹਾਰਕ ਤੌਰ ’ਤੇ ਸਫ਼ਲ ਰਾਹਤ ਦਿੱਤੀ ਗਈ ਹੈ ਤਾਂ ਕੁਛ ਸਮੇਂ ਲਈ ਖ਼ੁਦਕੁਸ਼ੀਆਂ ’ਚ ਮਾਮੂਲੀ ਠੱਲ੍ਹ ਪਈ ਹੈ ਪਰ ਕਿਸਾਨ ਨੂੰ ਮੁਕੰਮਲ ਰਾਹਤ ਨਾ ਮਿਲਨ ਕਰਕੇ ਸਮੱਸਿਆ ਗੰਭੀਰ ਤੋਂ ਗੰਭੀਰਤਰ ਅਤੇ ਜਟਿਲ ਤੋਂ ਜਟਿਲਤਰ ਬਣਦੀ ਗਈ ਹੈ। ਕਈ ਦਹਾਕੇ ਪਹਿਲਾਂ ਜਦੋਂ ਪੰਜਾਬ ਵਿੱਚ ਕਿਸਾਨ ਆਪਣੀ ਜਾਨ ਆਪਣੇ ਹੱਥੀਂ ਲੈਣ ਲੱਗੇ ਸਨ, ਪਹਿਲੇ ਵਾਕਿਆ ਵਾਪਰੇ ਸਨ, ਤਦ ਪੰਜਾਬ ’ਚ ਥਾਂ ਥਾਂ ਛੋਟੇ-ਵੱਡੇ ਇਕੱਠ ਹੋਏ ਸਨ, ਕਈ ਥਾਈਂ ਬੁੱਧੀਜੀਵੀਆਂ ਤੇ ਲੇਖਕਾਂ ਨੇ ਸੈਮੀਨਾਰ ਆਦਿ ਜਥੇਬੰਦ ਕੀਤੇ ਸਨ, ਤੇ ਸਮਾਜ ਦੇ ਦੂਸਰੇ ਜਾਗਰੂਕ ਲੋਕਾਂ ਅਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਇਕਸੁਰ ’ਚ ਚਿੰਤਾਵਾਂ ਵਿਅਕਤ ਕਰਦੇ ਹੋਏ ਕਿਸਾਨ ਖ਼ੁਦਕਸ਼ੀਆਂ ਰੋਕਣ ਲਈ ਸਰਕਾਰ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ ਸੀ। ਪਰ ਅੱਜ ਹਾਲਤ ਬਿਲਕੁਲ ਹੀ ਬਦਲ ਗਈ ਹੈ। ਕਿਸਾਨ ਖ਼ੁਦਕਸ਼ੀ ਸਮਾਜ ’ਚ ਵਾਪਰਨ ਵਾਲੀ ਮਾਮੂਲੀ ਘਟਨਾ ਬਣ ਕੇ ਰਹਿ ਗਈ ਹੈ ਜਿਸ ਬਾਬਤ ਕਈ ਵਾਰ ਅਖ਼ਬਾਰਾਂ ’ਚ ਢੰਗ ਨਾਲ ਖ਼ਬਰ ਵੀ ਨਹੀਂ ਲੱਗਦੀ ਅਤੇ ਨਾ ਬਹੁਤਾ ਚਰਚਾ ਹੀ ਹੁੰਦਾ ਹੈ।
ਕੁਝ ਦਿਨ ਪਹਿਲਾ ਫਤਿਹਗੜ੍ਹ ਸਾਹਿਬ ਦੇ ਇਕ ਕਿਸਾਨ ਨੇ ਖ਼ੁਦਕਸ਼ੀ ਕਰ ਲਈ। ਉਸ ਦੇ ਘਰ ਵਾਲਿਆਂ ਨੇ ਦੱਸਿਆ ਕਿ ਉਹ ਕਰਜ਼ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ। ਉਸ ਦੇ ਪੁੱਤਰ ਤੋਂ ਪਤਾ ਲੱਗਾ ਕਿ ਉਸ ਸਿਰ ਚਾਰ ਲੱਖ ਰੁਪਏ ਦਾ ਕਰਜ਼ ਖੜਾ ਸੀ। ਗੁਰਮੀਤ ਸਿੰਘ ਨਾਮ ਦਾ ਇਹ ਕਿਸਾਨ ਦੋ ਏਕੜ ਜ਼ਮੀਨ ਦਾ ਮਾਲਕ ਸੀ। ਕਰਜ਼ ਦਾ ਖੌਫ਼ ਇਸ ਕਦਰ ਭਾਰੀ ਹੈ ਕਿ ਮਰਹੂਮ ਕਿਸਾਨ ਦੇ ਘਰ ਵਾਲੇ ਸਰਕਾਰ ਤੋਂ ਕਰਜ਼ ਮੁਆਫ ਕਰ ਦੇਣ ਦੀ ਮੰਗ ਕਰ ਰਹੇ ਹਨ। ਦੇਖਣ-ਸੁਣਨ ਨੂੰ ਚਾਰ ਲੱਖ ਦੀ ਰਕਮ ਕੋਈ ਬਹੁਤੀ ਵੱਡੀ ਨਹੀਂ ਲਗਦੀ ਪਰ ਇਕ ਛੋਟੇ ਕਿਸਾਨ ਲਈ ਇਹ ਕਿੰਨੀ ਵੱਡੀ ਤੇ ਭਾਰੀ ਹੈ, ਇਹ ਗੁਰਮੀਤ ਸਿੰਘ ਦੀ ਖ਼ੁਦਕਸ਼ੀ ਤੋਂ ਸਾਫ਼ ਹੋ ਜਾਂਦਾ ਹੈ। ਕਰਜ਼ ਕਾਰਨ ਛੋਟੇ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਪਿੱਛੇ ਬਹੁਤ ਵੱਡੇ, ਕਰੋੜਾਂ ਰੁਪਏ ਦੇ ਕਰਜ਼ ਨਹੀਂ ਦੇਖੇ ਗਏ। ਖ਼ੁਦਕਸ਼ੀਆਂ ਦਾ ਦੁਖਾਂਤ ਜ਼ਿਆਦਾਤਰ ਛੋਟੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੀ ਝੱਲਣਾ ਪੈਂਦਾ ਹੈ।
ਕਿਸਾਨ ਖ਼ੁਦਕਸ਼ੀਆਂ ਬਾਰੇ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਸਰਵੇਖਣ ਦੀ 2018 ਦੇ ਜਨਵਰੀ ਮਹੀਨੇ ’ਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2000 ਤੋਂ 2015 ਦਰਮਿਆਨ ਪੰਜਾਬ ’ਚ 16 ਹਜ਼ਾਰ 600 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਤਮਹੱਤਿਆ ਕੀਤੀ ਸੀ ਜੋ ਕਿ ਪ੍ਰਤੀ ਦਿਨ ਤਕਰੀਬਨ 3 ਖ਼ੁਦਕਸ਼ੀਆਂ ਬਰਾਬਰ ਹੈ। ਰਿਪੋਰਟ ’ਚ ਦੱਸਿਆ ਗਿਆ ਸੀ ਕਿ ਇਨ੍ਹਾਂ ਵਿੱਚੋਂ 85 ਪ੍ਰਤੀਸ਼ਤ ਤੋਂ ਵਧ ਖ਼ੁਦਕਸ਼ੀਆਂ ਕਰਜ਼ਿਆਂ ਕਾਰਨ ਹੋਈਆਂ ਜਿਨ੍ਹਾਂ ’ਚ 76 ਪ੍ਰਤੀਸ਼ਤ ਛੋਟੇ ਕਿਸਾਨ ਸਨ। ਰਿਪੋਰਟ ਨੇ ਅਸਲੀਅਤ ਉਭਾਰੀ ਸੀ ਪਰ ਖ਼ੁਦਕਸ਼ੀਆਂ ਦਾ ਤਰਾਸਦਿਕ ਸਿਲਸਿਲਾ ਰੁਕ ਨਹੀਂ ਪਾਇਆ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਿੰਨ ਪ੍ਰੋਫੈਸਰਾਂ-ਪ੍ਰੋ. ਸੁਖਪਾਲ ਸਿੰਘ, ਪ੍ਰੋ. ਮਨਜੀਤ ਕੌਰ ਅਤੇ ਪ੍ਰੋ. ਐਚ.ਐਲ. ਕਿੰਗਰਾ- ਦੁਆਰਾ ਕੀਤਾ ਅਧਿਅਨ ਸਾਹਮਣੇ ਆਇਆ ਹੈ। ਇਸ ਅਧਿਅਨ ਅਨੁਸਾਰ 2000 ਤੋਂ 2018 ਦੌਰਾਨ ਕਿਸਾਨਾਂ ਦੀਆਂ ਜਿਹੜੀਆਂ 9291 ਖ਼ੁਦਕਸ਼ੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ 88 ਪ੍ਰਤੀਸ਼ਤ ਦਾ ਕਾਰਨ ਕਰਜ਼ ਸੀ। ਅਧਿਅਨ ’ਚ ਫਸਲ ਦੀ ਬਰਬਾਦੀ ਅਤੇ ਕਿਸਾਨ ਖ਼ੁਦਕਸ਼ੀਆਂ ’ਚ ਵਾਧਾ ਅਤੇ ਖ਼ੁਦਕਸ਼ੀਆਂ ’ਚ ਕਮੀ ’ਤੇ ਸਰਕਾਰ ਦੀ ਕਰਜ਼ਾ ਮੁਆਫ ਕਰਨ ਦੀ ਸਕੀਮ ਦਰਮਿਆਨ ਸੰਬੰਧ ਵੀ ਉਭਾਰਿਆ ਗਿਆ ਹੈ। ਇਸ ਅਧਿਅਨ ਦੀਆਂ ਗੌਰ ਕਰਨ ਯੋਗ ਕਈ ਲਭਤਾਂ ਹਨ ਜਿਵੇਂ ਕਿ ਦੱਸਿਆ ਗਿਆ ਹੈ ਕਿ ਕੁਲ ਖ਼ੁਦਕਸ਼ੀਆਂ ’ਚੋਂ 41.25 ਪ੍ਰਤੀਸ਼ਤ ਖ਼ੁਦਕਸ਼ੀਆਂ 31 ਤੋਂ 35 ਸਾਲ ਦੇ ਨੌਜਵਾਨ ਕਿਸਾਨਾਂ ਦੁਆਰਾ ਕੀਤੀਆਂ ਗਈਆਂ ਹਨ ਜਦੋਂ ਕਿ ਉਨ੍ਹਾਂ ਵਿੱਚੋਂ ਕੋਈ 45 ਪ੍ਰਤੀਸ਼ਤ ਅਨਪੜ੍ਹ ਸਨ ਅਤੇ ਤਕਰੀਬਨ 33 ਪ੍ਰਤੀਸ਼ਤ ਖ਼ੁਦਕਸ਼ੀਆਂ ਉਨ੍ਹਾਂ ਪਰਿਵਾਰਾਂ ’ਚ ਹੋਈਆਂ ਜਿਨ੍ਹਾਂ ’ਚ ਇਕ ਵੀ ਜੀਅ ਕਮਾਊ ਨਹੀਂ ਸੀ। ਖ਼ੁਦਕਸ਼ੀਆਂ ਨੇ ਇਕ ਤਿਹਾਈ ਪਰਿਵਾਰਾਂ ਕੋਲ ਇਕੋ ਇਕ ਕਮਾਊ ਜੀਅ ਖੋਹ ਲਿਆ ਹੈ। ਪਿੱਛੇ ਰਹਿ ਗਏ ਪਰਿਵਾਰ ਡਰ ਅਤੇ ਸਮਾਜਿਕ ਅਸੁਰੱਖਿਆ ਦੀ ਭਾਵਨਾ ਤੋਂ ਬੇਹਾਲ ਹਨ ਅਤੇ ਗੰਭੀਰ ਮਨੋਵਿਗਿਆਨਕ ਪਰੇਸ਼ਾਨੀਆਂ ਝੱਲ ਰਹੇ ਹਨ। ਅਧਿਅਨ ’ਚ ਇਸ ਦਾ ਵੀ ਜ਼ਿਕਰ ਹੈ ਕਿ ਖ਼ੁਦਕਸ਼ੀ ਦੇ ਸ਼ਿਕਾਰ ਪਰਿਵਾਰਾਂ ਵਲੋਂ ਸਰਕਾਰ ਤੋਂ ਕੀ ਮੰਗ ਕੀਤੀ ਜਾ ਰਹੀ ਹੈ। 96 ਪ੍ਰਤੀਸ਼ਤ ਪਰਿਵਾਰ ਵਿੱਤੀ ਸਹਾਇਤਾ ਅਤੇ 33 ਪ੍ਰਤੀਸ਼ਤ ਪਰਿਵਾਰ ਪੈਨਸ਼ਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਮੰਗਾਂ ਤੋਂ ਪਰਿਵਾਰਾਂ ਦੀ ਅਸਲ ਆਰਥਿਕ ਸਥਿਤੀ ਦਾ ਪਤਾ ਚਲਦਾ ਹੈ। ਇਹ ਪਰਿਵਾਰ ਪੜ੍ਹਾਈ ਤੇ ਡਾਕਟਰੀ ਦੇ ਖ਼ਰਚੇ ਸਹਿਣ ਨਹੀਂ ਕਰ ਸਕਦੇ ਅਤੇ ਮਹਿੰਗਾਈ ਦੇ ਭੰਨੇ ਹੋਏ ਹਨ। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੀ ਮੌਜੂਦਾ ਸਰਕਾਰ ਕਿਸਾਨਾਂ ਨੂੰ ਦੁੱਖਾਂ ’ਚੋਂ ਉਭਾਰਨ ਦੇ ਵਾਅਦੇ ਕਰਕੇ ਹੋਂਦ ’ਚ ਆਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਨੇ ਆਪਣੇ ਸ਼ਲਾਘਾਯੋਗ ਅਧਿਅਨ ਰਾਹੀਂ ਕਿਸਾਨਾਂ ਦੀ ਹਾਲਤ ਸਾਹਮਣੇ ਲੈ ਆਂਦੀ ਹੈ। ਅਧਿਅਨ ਅਸਲੀਅਤ ਨੂੰ ਤਫਸੀਲ ਨਾਲ ਉਭਾਰਨ ਵਾਲਾ ਹੈ। ਪਰ ਇਨ੍ਹਾਂ ਅਧਿਅਨਾਂ ਦਾ ਵਿਵਹਾਰ ’ਚ ਸਮਾਜ ਨੂੰ ਲਾਭ ਤਦ ਹੀ ਪਹੁੰਚ ਸਕੇਗਾ ਜੇਕਰ ਸਰਕਾਰ ਗੰਭੀਰਤਾ ਨਾਲ ਕੁੱਛ ਕਰੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ