BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਉਪਰਲੇ 100 ਸ਼ਹਿਰਾਂ ’ਚ ਭਾਰਤ ਦਾ ਇਕ ਵੀ ਸ਼ਹਿਰ ਨਹੀ

June 28, 2022 11:37 AM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2015 ਵਿੱਚ ਦੇਸ਼ ਵਿੱਚ ਇਕ ਸੌ ਸਮਾਰਟ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਸੀ। ਮੋਦੀ ਸਰਕਾਰ ਦੀ ਇਸ ਤਮੰਨਾ ਤੇ ਜੋਸ਼ ਭਰੀ ਪਰਿਯੋਜਨਾ ਦੇ ਕੀ ਠੋਸ ਨਤੀਜੇ ਨਿਕਲੇ ਹਨ, ਇਸ ਬਾਰੇ ਮੋਦੀ ਸਰਕਾਰ ਨੇ ਕੁਝ ਸਾਫ ਨਹੀਂ ਕੀਤਾ। ਇਸ ਪਰਿਯੋਜਨਾ ਦੇ ਕਾਬਲੇ ਤਸਦੀਕ ਨਤੀਜੇ ਤਾਂ ਸਾਹਮਣੇ ਨਹੀਂ ਆ ਸਕੇ, ‘ਦ ਇਕਾੱਨਮਿਸਟ’ ਦੀ ਦੁਨੀਆ ਵਿੱਚ ਰਹਿਣਯੋਗ ਸਭ ਤੋਂ ਚੰਗੇ ਇੱਕ ਸੌ ਸ਼ਹਿਰਾਂ ਦੀ 2022 ਦੀ ਸੂਚੀ ਜ਼ਰੂਰ ਆ ਗਈ ਹੈ ਅਤੇ ਅਫਸੋਸ ਦੀ ਗੱਲ ਹੈ ਕਿ ਰਹਿਣਯੋਗ ਸਭ ਤੋਂ ਵਧੀਆ ਦੁਨੀਆ ਦੇ ਇਕ ਸੌ ਸ਼ਹਿਰਾਂ ਵਿੱਚ ਭਾਰਤ ਦਾ ਇਕ ਵੀ ਸ਼ਹਿਰ ਨਹੀਂ ਹੈ। ਇਸ ਕੌਮਾਂਤਰੀ ਸਰਵੇਖਣ ਵਿੱਚ, ਜੋ ਦੁਨੀਆ ਦੇ 173 ਸ਼ਹਿਰਾਂ ਨੂੰ ਦਰਜਾਬੰਦੀ ਹੇਠ ਲਿਆਇਆ ਹੈ, ਆਸਟਰੀਆ ਦੀ ਰਾਜਧਾਨੀ, ਵਿਆਨਾ, ਨੂੰ ਦੁਨੀਆ ਦਾ ਰਹਿਣ ਲਈ ਸਭ ਤੋਂ ਵਧੀਆ ਸ਼ਹਿਰ ਦੱਸਿਆ ਗਿਆ ਹੈ। ਵਿਆਨਾ ਪਹਿਲਾਂ ਵੀ 2018 ਅਤੇ 2019 ਵਿੱਚ ਪਹਿਲੇ ਸਥਾਨ ’ਤੇ ਰਿਹਾ ਸੀ। 2021 ’ਚ ਕੋਵਿਡ-19 ਮਹਾਮਾਰੀ ਦੀ ਮਾਰ ਪਈ ਹੋਣ ਕਾਰਨ ਇਸ ਦਾ ਦਰਜਾ ਖਿਸਕ ਕੇ 12ਵੇਂ ਸਥਾਨ ’ਤੇ ਚਲਾ ਗਿਆ ਸੀ ਪਰ ਆਪਣੀ ਰਹਿਣਯੋਗਤਾ ਕਾਰਨ ਇਸ ਨੇ ਮੁੜ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਸਰਵੇਖਣ ’ਚ ਰਹਿਣ ਲਈ ਸਭ ਤੋਂ ਚੰਗੇ ਸ਼ਹਿਰਾਂ ਦੀ ਹੀ ਸੂਚੀ ਨਹੀਂ ਦਿੱਤੀ ਗਈ ਸਗੋਂ ਰਹਿਣ ਲਈ ਸਭ ਤੋਂ ਮਾੜੇ ਸ਼ਹਿਰਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਸ਼ਹਿਰ ਦਾ ਬੁਨਿਆਦੀ ਢਾਂਚਾ, ਹਰੀਆਂ-ਭਰੀਆਂ ਥਾਵਾਂ, ਜ਼ੁਰਮ ਦੀ ਦਰ ਅਤੇ ਸਿਹਤ ਸਹੂਲਤਾਂ ਨੂੰ ਇਕ ਸ਼ਹਿਰ ਨੂੰ ਰਹਿਣਯੋਗ ਤੌਰ ’ਤੇ ਉੱਤਮ ਮੰਨਣ ਲਈ ਵਰਤਿਆ ਗਿਆ ਹੈ। ਉਪਰਲੇ 10 ਰਹਿਣਯੋਗਤਾ ਪੱਖੋਂ ਸਭ ਤੋਂ ਵਧੀਆ ਸ਼ਹਿਰ ਮੰਨਣ ’ਚ ਕੋਵਿਡ-19 ਦੇ ਨੇਮਾਂ ਦੀ ਘੱਟ ਵਰਤੋਂ ਅਤੇ ਕੋਵਿਡ-19 ’ਤੇ ਪਾਏ ਗਏ ਨਿਯੰਤਰਣ ਦਾ ਵੀ ਯੋਗਦਾਨ ਹੈ। ਇਕ ਸ਼ਹਿਰ ਨੂੰ ਬਾਕੀ ਦੇ ਸ਼ਹਿਰਾਂ ਨਾਲੋਂ ਵਧੇਰੇ ਰਹਿਣਯੋਗ ਮਿੱਥਣ ’ਚ ਜਿਨ੍ਹਾਂ ਪੰਜ ਸ਼ੇ੍ਰਣੀਆਂ ਨੂੰ ਆਧਾਰ ਬਣਾਇਆ ਗਿਆ ਹੈ, ਉਹ ਹਨ : ਸਥਿਰਤਾ, ਸਿਹਤ-ਸਹੂਲਤਾਂ, ਸਭਿਆਚਾਰ ਅਤੇ ਵਾਤਾਵਰਣ, ਸਿੱਖਿਆ ਅਤੇ ਬੁਨਿਆਦੀ ਢਾਂਚਾ। ਸ਼ਹਿਰ ’ਚ ਤੁਰਨਾ-ਫਿਰਨਾ ਆਨੰਦਦਾਇਕ, ਸੁਰੱਖਿਅਤ, ਆਰਾਮਦਾਇਕ ਅਤੇ ਦਿਲਚਸਪ ਹੋਣਾ ਚਾਹੀਦਾ ਹੈ। ਬੁਨਿਆਦੀ ਢਾਂਚੇ ਦੇ ਵਰਗ ’ਚ ਚੰਗੇ ਸਾਫ਼-ਸੁਥਰੇ ਹਵਾਦਾਰ ਮਕਾਨ ਅਤੇ ਵਧੀਆ ਜਨਤਕ ਟਰਾਂਸਪੋਰਟ ਵਿਵਸਥਾ ਸ਼ਾਮਲ ਹੈ। ਇਹ ਮੰਨਿਆ ਗਿਆ ਹੈ ਕਿ ਜੇਕਰ ਸ਼ਹਿਰ ’ਚ ਹਰੀਆਂ-ਭਰੀਆਂ ਥਾਵਾਂ ਦੀ ਘਾਟ ਹੈ, ਹਵਾ ਪ੍ਰਦੂਸ਼ਿਤ ਹੈ, ਸ਼ੋਰ-ਸ਼ਰਾਬਾ ਹੈ ਅਤੇ ਨਾਲ ਹੀ ਗੁਆਂਢ ਸੁਰੱਖਿਅਤ ਨਹੀਂ ਤਾਂ ਸ਼ਹਿਰ ਦਾ ਰੌਂਅ ਨਿਰਾਸ਼ਾ ਭਰਿਆ ਹੋਵੇਗਾ।
ਇਸ ਹਿਸਾਬ ਉਪਰਲੇ ਰਹਿਣਯੋਗਤਾ ਪੱਖੋਂ ਬੇਹਤਰੀਨ ਦਸ ਸ਼ਹਿਰਾਂ ’ਚ, ਵਿਆਨਾ ਤੋਂ ਬਾਅਦ ਕੋਪਨਹੇਗਨ, (ਡੈਨਮਾਰਕ) ਜ਼ਯੁਰਿਖ (ਸਵਿੱਟਜ਼ਰਲੈਂਡ) ਅਤੇ ਤੀਜੇ ਸਥਾਨ ਤੇ ਕੈਨੇਡਾ ਦਾ ਕੈਲਗਰੀ ਆਉਂਦੇ ਹਨ। ਕੈਨੇਡਾ ਦੇ ਦੋ ਹੋਰ ਸ਼ਹਿਰ ਵੈਨਕੂਵਰ (ਪੰਜਵੇਂ) ਅਤੇ ਟੋਰਾਂਟੋ (ਅੱਠਵੇਂ) ਵੀ ਉਪਰਲੇ 10 ਸ਼ਹਿਰਾਂ ’ਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਵਿੱਟਜ਼ਰਲੈਂਡ ਦਾ ਜਨੇਵਾ, ਜਰਮਨੀ ਦਾ ਫਰੈਂਕਫਰਟ, ਨੀਦਰਲੈਂਡ ਦਾ ਅਮਸਟਰਡਮ ਅਤੇ ਜਾਪਾਨ ਦਾ ਓਸਾਕਾ ਵੀ ਉਪਰਲੇ 10 ਸ਼ਹਿਰਾਂ ਵਿੱਚ ਸ਼ਾਮਲ ਹਨ। ਓਸਾਕਾ ਅਤੇ ਆਸਟਰੇਲੀਆ ਦੇ ਮੈਲਬੋਰਨ ਨੂੰ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਸਭ ਤੋਂ ਮਾੜੇ ਨਾ ਰਹਿਣਯੋਗ 10 ਸ਼ਹਿਰਾਂ ’ਚ ਗੁਆਂਢੀ ਦੇਸ਼ਾਂ ਦੇ ਦੋ ਸ਼ਹਿਰ, ਢਾਕਾ ਅਤੇ ਕਰਾਚੀ, ਸ਼ਾਮਲ ਹਨ। ਇਨ੍ਹਾਂ ’ਚ ਤਹਿਰਾਨ, ਹਰਾਹੇ, ਤ੍ਰਿਪੋਲੀ, ਲਾਗੋਸ, ਦਮਿਸ਼ਕ ਵੀ ਸ਼ਾਮਲ ਹਨ ਜਿਥੇ ਸੁਰੱਖਿਆ ਬਹੁਤ ਘੱਟ ਹੈ। ਰਹਿਣਯੋਗਤਾ ਦੇ ਹਿਸਾਬ, ਆਲਮੀ ਰਹਿਣਯੋਗਤਾ ਸੂਚਕ ਅੰਕ ਅਨੁਸਾਰ, ਉਪਰਲੇ ਸਭ ਤੋਂ ਚੰਗੇ ਸ਼ਹਿਰ ਮਿੱਥਣ ਦੇ ਆਧਾਰ ਵਜੋਂ ਵਰਤੇ ਗਏ ਪ੍ਰਵਰਗਾਂ, ਜਿਵੇਂ ਕਿ ਸਿਹਤ-ਸਹੂਲਤਾਂ, ਵਾਤਾਵਰਣ ਅਤੇ ਸੁਰੱਖਿਆ ਆਦਿ, ਤੋਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇਸ਼ ਵਿੱਚ ਹੀ ਰਹਿਣਯੋਗ ਪੱਖੋਂ ਸ਼ਾਨਦਾਰ ਸ਼ਹਿਰ ਮਿਲ ਸਕਦੇ ਹਨ, ਜਿਸ ’ਚ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਿਕਾਸ ਖਾਸ ਉੱਚ ਪੱਧਰ ’ਤੇ ਪਹੁੰਚਿਆ ਹੋਇਆ ਹੈ। ਅਸਥਿਰ ਅਤੇ ਅਸੁਰੱਖਿਅਤ ਸ਼ਹਿਰ ’ਚ ਕੋਈ ਵੀ ਨਹੀਂ ਰਹਿਣਾ ਚਾਹੁੰਦਾ। ਬੁਨਿਆਦੀ ਢਾਂਚੇ ਦੇ ਵਿਕਾਸ ਬਗੈਰ, ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਪ੍ਰਦਾਨ ਕੀਤੇ ਬਗੈਰ, ਚੰਗੇ ਸਮਾਰਟ ਸ਼ਹਿਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹ ਕੰਮ ਸਾਡੇ ਦੇਸ਼ ਵਿੱਚ ਮਜ਼ਬੂਤੀ ਨਾਲ ਕੀਤੇ ਹੀ ਨਹੀਂ ਗਏ ਅਤੇ ਇਸੇ ਲਈ ਸਮਾਰਟ ਸ਼ਹਿਰਾਂ ਦੀ ਪਰਿਯੋਜਨਾ ਦੇ ਨਤੀਜਿਆਂ ਬਾਰੇ ਕੁੱਝ ਪਤਾ ਨਹੀਂ ਲੱਗ ਰਿਹਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ