BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਮਾਲੀ ਵਸੀਲੇ ਜੁਟਾਏ ਬਗੈਰ ਕਾਗਜ਼ੀ ਰਹਿ ਜਾਣਗੀਆਂ ਯੋਜਨਾਵਾਂ

June 29, 2022 12:31 PM

ਪੰਜਾਬੀਆਂ ਨਾਲ ਬਹੁਤ ਸਾਰੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਚੋਣਾਂ ’ਚ ਵੱਡੀ ਜਿੱਤ ਹਾਸਲ ਕਰਕੇ ਪੰਜਾਬ ’ਚ ਬੀਤੇ ਮਾਰਚ ਮਹੀਨੇ ’ਚ ਆਪਣੀ ਸਰਕਾਰ ਬਣਾਉਣ ’ਚ ਕਾਮਯਾਬ ਹੋਈ ਸੀ ਅਤੇ ਜਦੋਂ ਬੀਤੇ ਸੋਮਵਾਰ, 28 ਜੂਨ ਨੂੰ, ਇਸ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਤਾਂ ਜ਼ਾਹਿਰ ਹੈ ਕਿ ਕੀਤੇ ਵਾਅਦਿਆਂ ਦਾ ਬੋਝ ਬਜਟ ’ਚ ਦਿਖਣਾ ਹੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਢੇ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਾਟੇ ਵਾਲਾ 1 ਲੱਖ 55 ਹਜ਼ਾਰ ਕਰੋੜ ਰੁਪਏ ਦਾ ਬਜਟ ਸਦਨ ’ਚ ਪੇਸ਼ ਕੀਤਾ। 2022-2023 ਦੇ ਵਿੱਤੀ ਸਾਲ ਲਈ ਪੇਸ਼ ਕੀਤੇ ਗਏ ਬਜਟ ਪ੍ਰਤੀ ਅਰਥਸ਼ਾਸਤਰੀਆਂ ਦੇ ਪ੍ਰਤੀਕਰਮ ਵੱਖਰੇ-ਵੱਖਰੇ ਹਨ। ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬਜਟ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ। ਪੰਜਾਬ ਦੇ ਲੋਕਾਂ ਵੱਲੋਂ ਬਜਟ ਪ੍ਰਤੀ ਰਲਵਾਂ-ਮਿਲਵਾਂ ਹੁੰਗਾਰਾ ਦਿੱਤਾ ਗਿਆ ਹੈ। ਕਿਸਾਨ ਖੁਸ਼ ਨਹੀਂ ਹਨ। ਇਸ ਦੇ ਠੋਸ ਕਾਰਨ ਹਨ। ਫਸਲੀ ਵਿਭਿੰਨਤਾ ਨੂੰ ਵਧਾਉਣ ਲਈ ਬਜਟ ’ਚ ਜ਼ਿਆਦਾ ਪੈਸਾ ਰੱਖਣਾ ਚਾਹੀਦਾ ਸੀ ਅਤੇ ਇਸ ਤਰ੍ਹਾਂ ਹੀ, ਕੇਰਲ ਦੀ ਤਰਜ਼ ’ਤੇ, ਫਲਾਂ ਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਬੀਮੇ ਹੇਠ ਲਿਆਉਣ ਲਈ, ਨੁਕਸਾਨ ਦੀ ਭਰਪਾਈ ਲਈ, ਵਧੇਰੇ ਪੈਸਾ ਰੱਖਣਾ ਚਾਹੀਦਾ ਸੀ। ਮੁੱਖ ਚੀਜ਼ ਇਹ ਕਿ ਕਿਸਾਨਾਂ ਦਾ ਕਰਜ਼ ਲਾਹੁਣ ਦੀ ਕੋਈ ਸਕੀਮ ਨਹੀਂ ਦਿੱਤੀ ਗਈ। ਸੁਖੀ ਤੇ ਕਰਜ਼ ਤੋਂ ਮੁਕਤ ਕਿਸਾਨ ਬਗੈਰ ਪੰਜਾਬ ਦਾ ਹਰੇਕ ਭਵਿੱਖ-ਨਕਸ਼ਾ ਅਸਲੀਅਤ ਤੋਂ ਦੂਰ ਅਤੇ ਖੋਖਲਾ ਹੀ ਰਹੇਗਾ।
ਵਿੱਤ ਮੰਤਰੀ ਨੇ ਕਿਹਾ ਹੈ ਕਿ 1 ਜੁਲਾਈ ਤੋਂ ਪੰਜਾਬ ’ਚ 300 ਯੂਨਿਟ ਮੁਫ਼ਤ ਬਿਜਲੀ ਮਿਲਣ ਲੱਗੇਗੀ। 2022-23 ਦੇ ਵਿੱਤੀ ਸਾਲ ਲਈ ਬਜਟ ’ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਇਹ ਵਾਅਦਾ ਵੀ ਦੁਹਰਾਇਆ ਗਿਆ ਹੈ ਕਿ 24 ਹਜ਼ਾਰ 400 ਖਾਲੀ ਪਈਆਂ ਸਰਕਾਰੀ ਆਸਾਮੀਆਂ ਭਰੀਆਂ ਜਾਣਗੀਆਂ ਅਤੇ ਠੇਕੇ ’ਤੇ ਕੰਮ ਕਰਦੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪੰਜਾਬ ’ਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ ਕਰੇਗੀ। ਟੈਕਸ ਚੋਰੀ ਰੋਕ ਕੇ ਘਾਟਾ ਪੂਰਾ ਕਰਨ ਬਾਰੇ ਖਾਸ ਜ਼ੋਰ ਦਿੱਤਾ ਗਿਆ ਹੈ। 117 ਮੁਹੱਲਾ ਕਲੀਨਿਕ ਵੀ ਸਥਾਪਿਤ ਕੀਤੇ ਜਾਣੇ ਹਨ, ਜਿਨ੍ਹਾਂ ਲਈ ਬਜਟ ’ਚ 77 ਕਰੋੜ ਰੁਪਏ ਰੱਖੇ ਗਏ ਹਨ। ਖੇਤੀ ਖੇਤਰ ਲਈ ਜਿਹੜਾ ਕੁੱਲ 11 ਹਜ਼ਾਰ 560 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਉਸ ਵਿਚੋਂ ਲਗਭਗ 7 ਹਜ਼ਾਰ ਕਰੋੜ ਰੁਪਏ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ’ਤੇ ਹੀ ਨਿਕਲ ਜਾਣੇ ਹਨ। ਸਾਢੇ ਚਾਰ ਸੌ ਕਰੋੜ ਰੁਪਏ ਸਿੱਧੀ ਬਿਜਾਈ ਨੂੰ ਅਗਾਂਹ ਖੜਨ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚੋਂ ਚੁਣ ਕੇ ਇਕ ਸੌ ‘ਸਕੂਲ ਆਫ ਐਮਿਨੇਂਸ’ ਵੀ ਬਣਾਉਣੇ ਹਨ। ਮੋਹਾਲੀ ਨੇੜੇ 490 ਏਕੜ ’ਚ ਫਿਟਨੈੱਸ ਸਿਟੀ ਬਨਾਉਣ ਦਾ ਵੀ ਨਿਸ਼ਾਨਾ ਰੱਖਿਆ ਗਿਆ ਹੈ, ਜਿਥੇ ਆਧੁਨਿਕ ਤਕਨੀਕਾਂ ਨੂੰ ਅਗਾਂਹ ਵਧਾਇਆ ਜਾਵੇਗਾ। ਖੁਦਕਸ਼ੀ ਪੀੜਤ ਕਿਸਾਨ ਪਰਿਵਾਰਾਂ ਲਈ ਰਾਹਤ ਅਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਇਆ ਦੇਣ ਦੇ ਵਾਅਦੇ ਬਾਰੇ ਬਜਟ ਖਾਮੋਸ਼ ਹੈ।
ਪਿਛਲੇ ਸਾਲਾਂ ਤੋਂ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤੇ ਗਏ ਬਜਟਾਂ ਤੋਂ ਪਤਾ ਚਲਦਾ ਹੈ ਕਿ ਸਰਕਾਰ ਦਾ ਖਰਚ ਵੱਧ ਰਿਹਾ ਹੈ ਜਦੋਂ ਕਿ ਅਸਲ ਆਮਦਨੀ ਮੁਕਾਬਲਤਨ ਘੱਟ ਰਹਿੰਦੀ ਹੈ। ਜਾਰੀ ਕੀਤੇ ਗਏ ‘ਵ੍ਹਾਈਟ ਪੇਪਰ’ ਅਨੁਸਾਰ ਪੰਜਾਬ ਸਿਰ 2 ਲੱਖ 63 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜੋ ਕਿ ਪੇਸ਼ ਕੀਤੇ ਗਏ ਬਜਟ ਦੀ ਕੁੱਲ ਰਕਮ ਨਾਲੋਂ ਕਿਤੇ ਜ਼ਿਆਦਾ ਹੈ। ਇਹ ਰਾਜ ਦੀ 6 ਲੱਖ 30 ਹਜ਼ਾਰ ਕਰੋੜ ਰੁਪਏ ਦੀ ਕੁੱਲ ਘਰੇਲੂ ਪੈਦਾਵਾਰ ਦਾ 45.88 ਪ੍ਰਤੀਸ਼ਤ ਬਣਦਾ ਹੈ। ਹਰੇਕ ਪੰਜਾਬੀ ਦੇ ਸਿਰ ਇਕ ਲੱਖ ਤਿੰਨ ਹਜ਼ਾਰ ਰੁਪਏ ਦਾ ਕਰਜ਼ ਹੈ। ਬਜਟ ’ਚ ਆਮਦਨ ਨਾਲੋਂ ਖਰਚ ਜ਼ਿਆਦਾ ਦਿਖਾਏ ਗਏ ਹਨ। ਜੂਨ ਦੇ ਅੰਤ ’ਤੇ ਜੀਐਸਟੀ ਕਾਨੂੰਨ ਅਧੀਨ ਕੇਂਦਰ ਤੋਂ ਮਿਲਣ ਵਾਲਾ ਪੈਸਾ, ਜੋ ਕੋਈ 15 ਹਜ਼ਾਰ ਕਰੋੜ ਰੁਪਏ ਹੈ, ਵੀ ਬੰਦ ਹੋ ਜਾਣਾ ਹੈ। ਇਸ ਵਿੱਤੀ ਵਰ੍ਹੇ ਦੌਰਾਨ 36,512 ਕਰੋੜ ਰੁਪਏ ਦਾ ਸੂਦ ਵੀ ਅਦਾ ਕਰਨਾ ਹੈ। ਬਜਟ ਘਾਟਾ ਪੂਰਾ ਕਰਨ ਦੀ ਉਮੀਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਬਕਾਰੀ, ਖਨਨ ਤੇ ਜੀਐਸਟੀ ਤੋਂ ਹੈ। ਮਾਹਿਰਾਂ ਅਨੁਸਾਰ ਮੁਆਵਜ਼ਾ ਬੰਦ ਹੋਣ ਬਾਅਦ ਜੀਐਸਟੀ ਦਾ ਘਾਟਾ ਪੂਰਾ ਕਰਨਾ ਪੰਜਾਬ ਸਰਕਾਰ ਲਈ ਕਾਫ਼ੀ ਔਖਾ ਹੋਵੇਗਾ। ਆਬਕਾਰੀ (ਐਕਸਾਈਜ਼) ਯਾਨੀ ਸ਼ਰਾਬ ਤੋਂ ਪੰਜਾਬ ਸਰਕਾਰ ਨੂੰ 9647 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। ਮਾਹਿਰ ਇਸ ਅਨੁਮਾਨ ਨੂੰ ਦਰੁੱਸਤ ਨਹੀਂ ਸਮਝ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਆਬਕਾਰੀ ਨੀਤੀ ਤੋਂ 7 ਹਜ਼ਾਰ ਕਰੋੜ ਰੁਪਏ ਮਿਲਣਾ ਵੀ ਔਖਾ ਹੈ।
ਸੋ, ਸਰਕਾਰ ਨੇ ਕਰਨ ਵਾਲੇ ਕੰਮ ਤਾਂ ਕਾਫ਼ੀ ਕੱਢ ਲਏ ਹਨ ਪਰ ਬਜਟ ਅਨੁਮਾਨ ਹਕੀਕਤ ’ਚ ਉੱਤਰਦੇ ਨਹੀਂ ਦਿਖ ਰਹੇ। ਫੰਡ ਨਾ ਜੁਟਾਏ ਜਾ ਸਕੇ ਤਾਂ ਯੋਜਨਾਵਾਂ ਕਾਗਜ਼ ’ਤੇ ਹੀ ਰਹਿ ਜਾਣਗੀਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ