ਦੁਨੀਆ

ਇਜ਼ਰਾਈਲ ਨੇ ਤਕਨੀਕੀ ਖੋਜ ਨਾਲ ਬਣਾਈ ਯੰਤਰ ਰੂਪੀ ਤੀਜੀ ਅੱਖ

June 30, 2022 11:21 AM

ਬੀ ਐੱਸ ਭੁੱਲਰ
ਬਠਿੰਡਾ/29 ਜੂਨ : ਕੁਦਰਤ ਨੇ ਇਨਸਾਨ ਨੂੰ ਦੋ ਅੱਖਾਂ ਦਿੱਤੀਆਂ ਹਨ, ਜੋ ਸਾਹਮਣੇ ਪਈ ਚੀਜ ਨੂੰ ਵੇਖ ਸਕਦੀਆਂ ਹਨ ਤੇ ਉਸਦਾ ਮੁਆਇਨਾ ਕਰ ਸਕਦੀਆਂ ਹਨ। ਪਰ ਇਹ ਅੱਖਾਂ ਪਰਦੇ ਵਿੱਚ ਪਈ ਵਸਤੂ ਨੂੰ ਨਹੀਂ ਵੇਖ ਸਕਦੀਆਂ। ਹੁਣ ਇਜ਼ਰਾਈਲ ਦੇਸ਼ ਨੇ ਤਕਨੀਕ ਨਾਲ ਯੰਤਰ ਰੂਪੀ ਇੱਕ ਅਜਿਹੀ ਤੀਜੀ ਅੱਖ ਈਜਾਦ ਕਰ ਲਈ ਹੈ, ਜੋ ਕੰਧ ਦੇ ਦੂਜੇ ਪਾਸੇ ਵੀ ਵੇਖ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੰਤਰ ਰੂਪੀ ਇਹ ਅੱਖ ਕਮੇਰੋ ਟੈੱਕ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ, ਅੱਖ ਕਰੀਬ 10 ਇੰਚ ਦਾ ਯੰਤਰ ਹੈ। ਇਸ ਨੂੰ ਇੱਕ ਅਜਿਹੇ ਡੱਬੇ ਵਿੱਚ ਤਿਆਰ ਕੀਤਾ ਗਿਆ, ਜਿਸ ਉਪਰ ਚਾਰਾਂ ਪਾਸਿਆਂ ਤੋਂ ਢੱਕਣ ਲਗਦੇ ਹਨ। ਇਹ ਹੀਰੇ ਵਰਗੀ ਹਾਈਟੈੱਕ ਅੱਖ ਹੈ, ਜਿਸਨੂੰ ਕੰਧ ਨਾਲ ਲਾ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਵਰਤੋਂ ਕਰਨ ਵਾਲਾ ਇਨਸਾਨ ਕੰਧ ਦੇ ਦੂਜੇ ਪਾਸੇ ਹਰ ਜਿੰਦਾ ਚੀਜ ਨੂੰ ਵੇਖ ਸਕਦਾ ਹੈ ਕਿ ਦੂਜੇ ਪਾਸੇ ਕੋਈ ਮਨੁੱਖ ਹੈ ਜਾਂ ਜਾਨਵਰ। ਜੇ ਮਨੁੱਖ ਹੈ ਤਾਂ ਉਹ ਬੈਠਾ ਹੈ, ਖੜਾ ਹੈ ਜਾਂ ਲੇਟਿਆ ਹੋਇਆ ਹੈ। ਇਸ ਅੱਖ ਨੂੰ ਹੋਰ ਤੇਜ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਇਜ਼ਰਾਈਲ ਵਿੱਚ ਇਸ ਅੱਖ ਦੀ ਫੌਜ ਵੱਲੋਂ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਫੌਜ, ਪੁਲਿਸ, ਖੁਫ਼ੀਆ ਏਜ਼ੰਸੀਆਂ ਲਈ ਇਹ ਅੱਖ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ। ਦੁਨੀਆਂ ਭਰ ਵਿੱਚ ਦਿਨੋ ਦਿਨ ਵਧ ਰਹੇ ਅੱਤਵਾਦ ਨੂੰ ਰੋਕਣ ਲਈ ਇਹ ਅੱਖ ਬਹੁਤ ਸਹਾਈ ਹੋ ਸਕਦੀ ਹੈ। ਕਿਸੇ ਇਮਾਰਤ ਵਿੱਚ ਲੁਕੇ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਇਸ ਅੱਖ ਦੇ ਸਹਾਰੇ ਪਤਾ ਲਗਾਇਆ ਜਾ ਸਕੇਗਾ ਕਿ ਅੰਦਰ ਕਿਨੇ ਵਿਅਕਤੀ ਹਨ, ਉਹ ਕਿਸ ਹਾਲਤ ਵਿੱਚ ਹਨ ਅਤੇ ਉਹਨਾਂ ਨਾਲ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ ਹੈ। ਇਹ ਮਨੁੱਖ ਦੇ ਭਲੇ ਲਈ ਵਰਤੀ ਜਾਣ ਵਾਲੀ ਇੱਕ ਵਧੀਆ ਖੋਜ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ