- ਪਿਛਲੇ ਸਾਲ 3066 ਲੱਖ ਯੂਨਿਟ ਬਿਜਲੀ ਸਪਲਾਈ ਕਰਨ ਦੇ ਰਿਕਾਰਡ ਨੂੰ ਪਛਾੜਿਆ
ਦਸਨਸ
ਚੰਡੀਗੜ੍ਹ/29 ਜੂਨ : ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਖੇਤੀਬਾੜੀ ਅਤੇ ਘਰੇਲੂ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਸਬੰਧੀ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਇਹ ਸਪਲਾਈ ਪਿਛਲੇ ਸਾਲ ਦੇ ਮੁਕਾਬਲੇ 6.49 ਫ਼ੀਸਦੀ ਵੱਧ ਹੈ। ਪਿਛਲੇ ਸਾਲ 1 ਜੁਲਾਈ, 2021 ਨੂੰ 3066 ਲੱਖ ਯੂਨਿਟ ਸਪਲਾਈ ਕੀਤੀ ਗਈ ਸੀ। ਇਸ ਸਾਲ ਪੀ.ਐਸ.ਪੀ.ਸੀ.ਐਲ. ਨੇ 29-06-2022 ਨੂੰ ਦੁਪਹਿਰ 12.15 ਵਜੇ 14207 ਮੈਗਾਵਾਟ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਕੇ ਪਿਛਲੇ ਸਾਲ 01-07-2021 ਨੂੰ 13431 ਮੈਗਾਵਾਟ ਬਿਜਲੀ ਸਪਲਾਈ ਕਰਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਗਰਮੀ ਦੇ ਇਸ ਸੀਜਨ ਦੌਰਾਨ ਵਧ ਰਹੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਇਸ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਵੱਲੋਂ ਖੇਤੀਬਾੜੀ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ਪੀ.ਐਸ.ਪੀ.ਸੀ.ਐਲ. ਵੱਲੋਂ ਸਰੋਤਾਂ ਨੂੰ ਵਰਤਦਿਆਂ ਬਿਜਲੀ ਪ੍ਰਬੰਧਨ ਵਾਸਤੇ ਪਰਿਵਰਤਨ ਦੇ ਨਿਪਟਾਰੇ ਸਬੰਧੀ ਵੱਖ-ਵੱਖ ਵਿਧੀਆਂ ਅਪਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਸਟਮ ਦੀ ਬਿਜਲੀ ਸਬੰਧੀ ਲੋੜ ਨੂੰ ਪੂਰਾ ਕਰਨ ਲਈ ਰਣਜੀਤ ਸਾਗਰ ਡੈਮ ਪਲਾਂਟ ਦੀ 3 ਨੰਬਰ ਯੂਨਿਟ ਦੇ ਕੰਡੈਂਸਰ ਮੋਡ, ਜਿਸ ਦੀ ਕਈ ਸਾਲਾਂ ਤੋਂ ਵਰਤੋਂ ਨਹੀਂ ਕੀਤੀ ਜਾ ਰਹੀ ਸੀ, ਨੂੰ ਸਿਸਟਮ ਵਿੱਚ ਬਿਜਲੀ ਦੀ 60 ਮੈਗਾ ਵੋਲਟ ਐਂਪੀਅਰ ਰੀਐਕਟਿਵ (ਐਮ.ਵੀ.ਏ.ਆਰ.) ਦੀ ਲੋੜ ਨੂੰ ਪੂਰਾ ਕਰਨ ਲਈ ਚਾਲੂ ਕਰ ਦਿੱਤਾ ਗਿਆ ਹੈ।