BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਆਰਥਿਕ ਪਾਬੰਦੀਆਂ ਬੇਅਸਰ, ਬਦਲ ਰਹੇ ਜ਼ਮਾਨੇ ਦੇ ਨਕਸ਼ ਉਭਰੇ

June 30, 2022 12:35 PM

ਰੂਸ ਅਤੇ ਯੂਕਰੇਨ ਦਰਮਿਆਨ ਜੰਗ ਲੱਗੀ ਨੂੰ, ਚਾਰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਹ ਜੰਗ ਲੱਗਣ ਤੋਂ ਪਹਿਲਾਂ ਤਮਾਮ ਕਿਆਸਾਂ ਦੇ ਬਾਵਜੂਦ, ਇਹ ਸਪਸ਼ੱਟ ਨਹੀਂ ਸੀ ਕਿ ਇਹ ਜੰਗ ਸਮੁੱਚੇ ਸੰਸਾਰ ’ਤੇ ਹੀ ਅਜਿਹੇ ਵਿਨਾਸ਼ਕਾਰੀ ਪ੍ਰਭਾਵ ਪਾਵੇਗੀ ਜਿਸ ਪ੍ਰਕਾਰ ਦੇ ਇਹ ਹੁਣ ਪਾ ਚੁੱਕੀ ਹੈ। ਜੰਗ ਜਾਰੀ ਰਹਿਣ ਦੀ ਹਾਲਤ ਵਿੱਚ ਸਮੁੱਚੇ ਸੰਸਾਰ ਲਈ ਹੋਰ ਵੀ ਮਾੜੇ ਨਤੀਜੇ ਨਿਕਲਣ ਦੀ ਹੀ ਸੰਭਾਵਨਾ ਹੈ। ਜੰਗ ’ਚ ਯੂਕਰੇਨ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਜ਼ਾਹਿਰ ਹੈ ਕਿ ਰੂਸ ਨੂੰ ਵੀ ਆਪਣੇ ਬਹੁਤ ਸਾਰੇ ਫੌਜੀ ਗੁਆਉਣੇ ਪਏ ਹੋਣਗੇ। ਚਾਰ ਮਹੀਨੇ ਲੰਘ ਜਾਣ ਬਾਅਦ ਹਾਲਤ ਇਹ ਹੈ ਕਿ ਰੂਸ ਆਪਣੀ ‘‘ਵਿਸ਼ੇਸ਼ ਫੌਜੀ ਕਾਰਵਾਈ’’ ਵਿੱਚ ਪੂਰੀ ਤਰ੍ਹਾਂ ਸਫਲ ਹੁੰਦਾ ਨਜ਼ਰ ਆ ਰਿਹਾ ਹੈ। ਪੂਰਬੀ ਯੂਕਰੇਨ ’ਤੇ ਰੂਸੀ ਫੌਜਾਂ ਦਾ ਕਬਜ਼ਾ ਹੋ ਚੁੱਕਾ ਹੈ। ਹਾਲਾਂਕਿ ਅਮਰੀਕਾ ਅਤੇ ਇਸ ਦੇ ਯੂਰਪੀ ਸਹਿਯੋਗੀ ਦੇਸ਼ ਯੂਕਰੇਨ ਨੂੰ ਫੌਜੀ ਸਹਾਇਤਾ ਵਜੋਂ ਅਰਬਾਂ ਡਾਲਰ ਦੇ ਚੁੱਕੇ ਹਨ, ਬਹੁਤ ਸਾਰੇ ਹਥਿਆਰ ਵੀ ਯੂਕਰੇਨ ਨੂੰ ਪਹੁੰਚਾਏ ਗਏ ਹਨ ਪਰ ਯੂਕਰੇਨ ਦੀ ਹੋਰ ਹਥਿਆਰਾਂ ਦੀ ਮੰਗ ਖਤਮ ਨਹੀਂ ਹੋਈ ਹੈ। ਮਹੀਨੇ ਭਰ ਦੀ ਲੜਾਈ ਪਿੱਛੋਂ ਯੂਕਰੇਨ ਨੂੰ ਲੜਾਈ ਪੱਖੋਂ ਬੇਹੱਦ ਮਹੱਤਵਪੂਰਣ ਸ਼ਹਿਰ, ਸੀਵੀਰੋਦੋਨੇਤਸਕ, ਤੋਂ ਆਪਣੀਆਂ ਫੌਜਾਂ ਕੱਢਣੀਆਂ ਪਈਆਂ ਹਨ। ਦੇਸ਼ ਦਾ ਪੂਰਬੀ ਖਿੱਤਾ ਜ਼ੇਲੈਂਸਕੀ ਗੁਆ ਚੁੱਕਾ ਹੈ। ਯੂਕਰੇਨ ਦੀ ਆਬਾਦੀ ਵੱਡੇ ਪੱਧਰ ’ਤੇ ਵਿਸਥਾਪਿਤ ਹੋਈ ਹੈ ਅਤੇ ਇਸ ਦੀ ਕਣਕ ਦੇ ਬਾਹਰ ਜਾਣ ਦਾ ਰਾਹ ਬੰਦ ਹੋ ਚੁੱਕਾ ਹੈ। ਇਸ ਸਭ ਲਈ ਯੂਕਰੇਨ ਦਾ ਰਾਸ਼ਟਰਪਤੀ, ਸਾਬਕਾ ਕਮੇਡੀਅਨ, ਜ਼ੇਲੇਂਸਕੀ ਹੀ ਜ਼ਿਮੇਵਾਰ ਹੈ ਜਿਸ ਨੇ ਅਮਰੀਕਾ ਅਤੇ ਨਾਟੋ ਦੇਸ਼ਾਂ ਦੀ ਸ਼ਹਿ ’ਤੇ ਨਾਟੋ ਫੌਜਾਂ ਰੂਸ ਦੇ ਗੁਆਂਢ ’ਚ ਲਿਆਉਣ ਲਈ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਲਈ ਜ਼ਿੱਦ ਫੜੀ ਰੱਖੀ। ਜ਼ਾਹਿਰ ਹੈ ਕਿ ਇਸ ’ਚ ਅਮਰੀਕਾ ਦੀ ਹੀ ਚਾਲ ਹੈ।
ਰੂਸ ਯੂਕਰੇਨ ਦੀ ਜੰਗ ਨੇ ਸੰਸਾਰ ਵਿੱਚ ਜੋ ਪ੍ਰਭਾਵ ਪਾਇਆ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਇਹ ਜੰਗ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਨਾ ਰਹਿ ਕੇ ਇਕ ਅਜਿਹੀ ਜੰਗ ਦਾ ਰੂਪ ਧਾਰ ਰਹੀ ਹੈ ਜੋ ਸੰਸਾਰ ਨੂੰ, ਸੰਸਾਰ ’ਚ ਤਾਕਤਾਂ ਦੇ ਤੋਲ ਨੂੰ ਬਦਲਣ ਦਾ ਨਤੀਜਾ ਕੱਢ ਸਕਦੀ ਹੈ। ਇਸ ਜੰਗ ਦੇ ਨਤੀਜਿਆਂ ਤੋਂ ਸਾਫ ਦਿੱਖਦਾ ਹੈ ਕਿ ਰੂਸ ਅਤੇ ਇਸ ਦੀ ਸਮਰੱਥਾ ਬਾਰੇ ਅਮਰੀਕਾ ਸਹੀ ਅੰਦਾਜ਼ੇ ਨਹੀਂ ਲਾ ਸਕਿਆ ਹੈ। ਚਾਰ ਮਹੀਨੇ ਲੰਘ ਚੁੱਕੇ ਹਨ ਅਤੇ ਉਹ ਕੁੱਛ ਨਹੀਂ ਵਾਪਰ ਸਕਿਆ ਜੋ ਅਮਰੀਕਾ ਅਤੇ ਇਸ ਦੇ ਬਰਤਾਨੀਆਂ ਜਿਹੇ ਜੰਗੀ ਸਹਿਯੋਗੀਆ ਨੇ ਸਾਫ-ਸਾਫ਼ ਬਿਆਨ ਕੀਤਾ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਅਮਰੀਕਾ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ‘‘ਇਤਹਾਸ ਦੀਆਂ ਸਭ ਤੋਂ ਪ੍ਰਭਾਵਕਾਰੀ, ਬਹੁ-ਪੱਖੀ ਆਰਥਿਕ ਪਾਬੰਦੀਆਂ ਨਾਲ ਰੂਸ ਦੀ ਕੁਲ ਘਰੇਲੂ ਪੈਦਾਵਾਰ, ਇਸ ਸਾਲ 15 ਪ੍ਰਤੀਸ਼ਤ ਹੇਠਾਂ ਆਵੇਗੀ, ਜਿਸ ਨਾਲ ਪਿਛਲੇ 15 ਸਾਲਾਂ ਦੀਆਂ ਆਰਥਿਕ ਪ੍ਰਾਪਤੀਆਂ ਮਿੱਟੀ ’ਚ ਮਿਲ ਜਾਣਗੀਆਂ।’’ ਇਹ ਸਹੀ ਹੈ ਕਿ ਆਰਥਿਕ ਪਾਬੰਦੀਆਂ ਨੇ ਸ਼ੁਰੂ-ਸ਼ੁਰੂ ਵਿੱਚ ਪ੍ਰਭਾਵ ਪਾਇਆ ਸੀ। ਡਾਲਰ ਜੰਗ ਲੱਗਣ ਤੋਂ ਪਹਿਲਾਂ ਮੱਧ ਫਰਵਰੀ ਵਿੱਚ 76 ਰੂਬਲ ਦਾ ਸੀ । ਆਰਥਿਕ ਪਾਬੰਦੀਆਂ ਬਾਅਦ ਮਾਰਚ ਦੇ ਪਹਿਲੇ ਹਫ਼ਤੇ 1 ਡਾਲਰ 158.3 ਰੂਬਲ ਦਾ ਹੋ ਗਿਆ ਸੀ ਜਿਸ ਲਈ ਰੂਸ ਦੇ ਕੇਂਦਰੀ ਬੈਂਕ ਨੂੰ ਵਿਆਜ ਦਰ 9.50 ਪ੍ਰਤੀਸ਼ਤ ਤੋਂ ਵਧਾ ਕੇ 20 ਪ੍ਰਤੀਸ਼ਤ ਕਰਨੀ ਪਈ ਸੀ। ਇਸੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਰੂਸੀ ਮੁਦਰਾ ਰੂਬਲ ਨੂੰ ਰੱਬਲ ਯਾਨੀ ਮਲਬਾ ਕਿਹਾ ਸੀ। ਪਰ ਰੂਸ ਦੁਆਰਾ ਗੈਸ, ਪੈਟਰੋਲ ਤੇ ਕੋਲੇ ਦੀ ਕੀਮਤ ਰੂਬਲ ’ਚ ਤਾਰਨ ਲਈ ਕਹਿਣ ਬਾਅਦ ਅਪ੍ਰੈਲ ਦੇ ਦੂਸਰੇ ਹਫ਼ਤੇ ਤੱਕ ਡਾਲਰ ਮੁੜ 76 ਰੂਬਲ ਦਾ ਹੀ ਨਹੀਂ ਹੋ ਗਿਆ ਸਗੋਂ ਅੱਜ ਇਕ ਡਾਲਰ ਲਗਭੱਗ 54 ਰੂਬਲ ਦਾ ਹੈ। ਰੂਸ ਦੇ ਕੇਂਦਰੀ ਬੈਂਕ ਨੇ ਕਰਜ਼ ਦਰਾਂ ਵੀ ਵਾਪਸ 9.50 ਪ੍ਰਤੀਸ਼ਤ ’ਤੇ ਲੈ ਆਂਦੀਆਂ ਹਨ। ਮਹਿੰਗਾਈ ਸਗੋਂ ਘੱਟ ਰਹੀ ਹੈ। ਰੂਸ ਦੀ ਕੁਲ ਘਰੇਲੂ ਪੈਦਾਵਾਰ ਦੇ, ਅਮਰੀਕੀ ਅੰਦਾਜ਼ੇ ਮੁਤਾਬਿਕ, ਸੁੰਘੜਣ ਦੀ ਕੋਈ ਸੰਭਾਵਨਾ ਨਹੀਂ ਹੈ।
ਰੂਸ ਦੀ ਨਾ ਤਾਂ ਪੈਟਰੋਲ-ਡੀਜ਼ਲ ਆਦਿ ਤੋਂ ਹੁੰਦੀ ਆਮਦਨ ਖਾਸ ਘਟੀ ਹੈ ਅਤੇ ਨਾ ਹੀ ਉਸ ਦੇ ਨਿਰਯਾਤ ਵਿੱਚ ਖਾਸ ਕਮੀ ਆਈ ਹੈ। ਤੇਲ ਦੀਆ ਵਧੀਆਂ ਕੀਮਤਾਂ ਤੋਂ ਰੂਸ ਨੂੰ ਲਾਭ ਹੋ ਰਿਹਾ ਹੈ। ਯੂਰਪ ਨੂੰ ਤੇਲ ਅਤੇ ਗੈਸ ਦੀ ਸਪਲਾਈ ਜਾਰੀ ਰੱਖ ਕੇ ਅਤੇ ਚੀਨ ਤੇ ਭਾਰਤ ਨੂੰ ਥੋੜ੍ਹਾ ਸਸਤੇ ਭਾਅ ਤੇਲ ਵੇਚਣਾ ਜਾਰੀ ਰੱਖ ਕੇ ਰੂਸ ਨੇ ਆਰਥਿਕ ਪਾਬੰਦੀਆਂ ਨੂੰ ਪ੍ਰਭਾਵਸ਼ਾਲੀ ਨਹੀਂ ਰਹਿਣ ਦਿੱਤਾ ਹੈ। ਆਉਂਦੇ ਸਮੇਂ ’ਚ ਰੂਸ ਨੇ ਕਣਕ, ਖਾਦਾਂ ਅਤੇ ਦੂਸਰੀਆਂ ਧਾਤਾਂ ਦੇ ਨਿਰਯਾਤ ’ਚ ਵਾਧਾ ਕਰਨਾ ਹੈ ਜਿਸ ਨਾਲ ਆਰਥਿਕ ਪਾਬੰਦੀਆਂ ਦਾ ਰਹਿੰਦਾ-ਖੂੰਹਦਾ ਪ੍ਰਭਾਵ ਵੀ ਖਤਮ ਹੋ ਜਾਵੇਗਾ।
ਪਰ ਹਾਲੇ ਤੱਕ ਇਹ ਪ੍ਰਤੱਖ ਹੈ ਕਿ ਰੂਸ ਆਪਣੀ ਫੌਜੀ ਕਾਰਵਾਈ ’ਚ ਵੀ ਸਫਲ ਹੋਇਆ ਹੈ ਅਤੇ ਅਮਰੀਕਾ ਤੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਆਰਥਿਕ ਪਾਬੰਦੀਆਂ ਨੂੰ ਵੀ ਬੇਅਸਰ ਕਰਨ ’ਚ ਕਾਮਯਾਬ ਰਿਹਾ ਹੈ। ਰੂਸ ਨੇ ਅਮਰੀਕਾ ਦੀ ਕੌਮਾਂਤਰੀ ਪਿੜ ’ਚ ਖੁਰ ਰਹੀ ਤਾਕਤ ਨੂੰ ਪ੍ਰਤੱਖ ਕਰ ਦਿੱਤਾ ਹੈ। ਇਸੇ ਖੋਰੇ ਨੂੰ ਅਮਰੀਕਾ ਦੀ ਅਰਥਵਿਵਸਥਾ ’ਚ ਉੱਚੀ ਮਹਿੰਗਾਈ ਤੇ ਬੇਰੁਜ਼ਗਾਰੀ ਦਰ ਅਤੇ ਮੰਗ ਦੀ ਕਮੀ ਹੋਰ ਤੇਜ਼ ਕਰੇਗੀ। ਸੋ, ਬਦਲ ਰਹੇ ਜ਼ਮਾਨੇ ਦੇ ਨਕਸ਼ ਉਭਰ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ