- ਉੱਘੇ ਚਿੰਤਕ ਤੇ ਲੇਖਕ ਮਿੰਟੂ ਬਰਾੜ ਆਸਟਰੇਲੀਆ ਨੇ ਪ੍ਰਗਟਾਏ ਅਣਮੋਲ ਵਿਚਾਰ
ਸੁਰਿੰਦਰ ਪਾਲ ਸਿੰਘ
ਸਿਰਸਾ/29 ਜੂਨ : ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਆਪਣੇ ਗ੍ਰਹਿ ਵਿਖੇ ਪਰਤੇ ਉੱਘੇ ਚਿੰਤਕ ਤੇ ਲੇਖਕ ਮਿੰਟੂ ਬਰਾੜ ਆਸਟਰੇਲੀਆ ਵੱਲੋਂ 'ਪਰਵਾਸ ਵਿਦਿਆਰਥੀਆਂ ਲਈ ਵਰ ਜਾਂ ਸ਼ਰਾਪ' ਵਿਸ਼ੇ ਤੇ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਗਿਆ।
ਸਿਰਸਾ ਯੂਨੀਵਰਸਿਟੀ ਦੇ ਡੀਨ ਪ੍ਰੋ ਡੀ ਪੀ ਬਾਰਨੇ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਰੂ-ਬ- ਰੂ ਪ੍ਰੋਗਰਾਮ ਦੌਰਾਨ ਬੋਲਦਿਆਂ ਆਸਟ੍ਰੇਲੀਅਨ ਨਾਗਰਿਕ ਮਿੰਟੂ ਬਰਾੜ ਨੇ ਕਿਹਾ ਕਿ ਉਹ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਤੋਂ ਉੱਠਕੇ ਅਤੇ ਮੰਡੀ ਕਾਲਾਂਵਾਲੀ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਆ ਗ੍ਰਹਿਣ ਕਰਕੇ ਆਸਟ੍ਰੇਲੀਆ ਪੁੱਜੇ। ਜਿੱਥੇ ਜਾ ਕੇ ਉਨ੍ਹਾਂ ਨੇ ਸਖਤ ਮਿਹਨਤ ਕੀਤੀ। ਪੰਜਾਬੀ ਸਾਹਿਤ ਦੇ ਉੱਘੇ ਚਿੰਤਕ ਮਿੰਟੂ ਬਰਾੜ ਨੇ ਕਿਹਾ ਕਿ ਉਹ ਆਸਟਰੇਲੀਆ ਵਰਗੇ ਮੁਲਕ ਵਿਚ ਜਾ ਕੇ ਵੀ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਦਿਲ ਤੋਂ ਜੁੜੇ ਰਹੇ। ਜਿਸ ਕਾਰਨ ਉਨ੍ਹਾਂ ਦੀ ਪੁਸਤਕ ਕੰਗਾਰੂ ਨਾਮਾਂ ਹੋਂਦ ਵਿੱਚ ਆਈ। ਵਿਦੇਸ਼ਾਂ ਦੇ ਕਈ ਅਖਵਾਰਾ, ਰਸਾਲਿਆਂ ਅਤੇ ਸਾਹਿਤਕ ਸਮਾਗਮਾਂ ਦੇ ਸ਼ਿੰਗਾਰ ਬਣੇ ਮਿੰਟੂ ਬਰਾੜ ਆਸਟੇ੍ਰਲੀਆ ਵਰਗੇ ਦੇਸ਼ ਵਿਚ ਵਸਕੇ ਵੀ ਪੇਂਡੂ ਆਸਟ੍ਰੇਲੀਆ ਦੇ ਨਾਮ ਤੇ ਯੂਟਿਊਬ ਚਲਾ ਰਹੇ ਹਨ। ਉਨ੍ਹਾਂ ਸਿਹਤ ਸਿੱਖਿਆ ਅਤੇ ਰੁਜਗਾਰ ਦੇ ਖੇਤਰ ਵਿੱਚ ਵੀ ਅਸੀਮ ਕਾਰਜ ਕੀਤੇ ਹਨ। ਆਪਣੇ ਤਜ਼ਰਬੇ ਸਾਝੇਂ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਮਿਹਨਤ ਦਾ ਪੱਲਾ ਨਾ ਛੱਡਣ। ਉਨ੍ਹਾਂ ਕਿਹਾ ਕਿ ਮਿਹਨਤੀ ਲੋਕ ਇਸ ਸੰਸਾਰ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਆਪਣੀ ਮਾਤ ਭਾਸ਼ਾ ਵਿਚ ਮਾਹਰ ਹੋ ਕੇ ਦੂਜੀਆਂ ਭਾਸ਼ਾਵਾਂ ਵਿਚ ਉੱਚੇ ਮੁਕਾਮ ਹਾਸਿਲ ਕਰ ਸਕਦੇ ਹਾਂ। ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਅਨੇਕ ਸਵਾਲਾਂ ਦਾ ਬੜੇ ਵਿਸਥਾਰ ਨਾਲ ਦਿੱਤੇ।
ਇਸ ਰੂ-ਬ- ਰੂ ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਸੇਵਾ ਸਿੰਘ ਬਾਜਵਾ ਅਤੇ ਪ੍ਰੋ ਚਰਨਜੀਤ ਕੌਰ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਪੱਤਰਕਾਰ ਭੁਪਿੰਦਰ ਪੰਨੀਵਾਲੀਆ,ਪ੍ਰੋ: ਮਨਪ੍ਰੀਤ ਕੌਰ ਅਤੇ ਪ੍ਰੋ: ਗੁਰਪ੍ਰੀਤ ਸਿੰਘ ਸਾਹੂਵਾਲਾ ਤੋ ਬਿਨ੍ਹਾਂ ਬਹੁਤ ਸਾਰੇ ਵਿੱਦਿਅਕ ਮਾਹਿਰ ਅਤੇ ਵੱਖ ਵੱਖ ਵਿਭਾਗਾਂ ਦੇ ਵਿਦਿਆਥੀ ਵੀ ਹਾਜ਼ਰ ਸਨ।