ਦੇਸ਼

ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾ

July 01, 2022 11:12 AM

ਏਜੰਸੀਆਂ
ਨਵੀਂ ਦਿੱਲੀ/30 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਭਾਰੀ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੱਡਾ ਹਮਲਾ ਕੀਤਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਕਲੀ ਹੰਝੂ ਵਹਾਉਣ ’ਚ ਮਾਹਿਰ ਹਨ ਅਤੇ ਜਨਤਾ ਦੇ ਦੁੱਖ ਦਰਦ ਤੋਂ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਉੱਜਵਲ ਯੋਜਨਾ ਨੂੰ ਲੈ ਕੇ ਮੋਦੀ ਨੇ ਤਾਂ ਭਾਵੁਕ ਗੱਲਾਂ ਆਖੀਆਂ ਅਤੇ ਜਿੰਨੇ ਹੰਝੂ ਵਹਾਏ ਉਹ ਸਭ ਨਕਲੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਇਕ ਜਾਣਕਾਰੀ ਮੁਤਾਬਕ ਸਿਲੰਡਰ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਦੇਸ਼ ’ਚ 3.59 ਕਰੋੜ ਗਾਹਕਾਂ ਨੇ ਰਸੋਈ ਗੈਸ ਸਿਲੰਡਰ ਨਹੀਂ ਭਰਵਾਇਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ 1000 ਤੋਂ ਵਧੇਰੇ ਹੋ ਚੁੱਕੀ ਹੈ। ਰਾਹੁਲ ਨੇ ਫੇਸਬੁੱਕ ’ਤੇ ਪੋਸਟ ਆਪਣੇ ਇਸ ਸੰਦੇਸ਼ ’ਚ ਕਿਹਾ, ‘‘ਮਈ 2016 ’ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ ਹੋਈ। ਪੈਟਰੋਲ ਪੰਪ ਤੋਂ ਲੈ ਕੇ ਅਖ਼ਬਾਰ ਤੱਕ, ਇਸ ਯੋਜਨਾ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ, ਫਿਰ 10 ਅਗਸਤ 2021 ਨੂੰ ਉੱਜਵਲਾ 2.0 ਦਾ ਲਾਂਚ ਕਰ ਕੇ ਫਿਰ ਤੋਂ ਜਨਤਾ ਦੇ ਟੈਕਸ ਦੇ ਪੈਸਿਆਂ ਨਾਲ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਉਡਾਏ ਗਏ। ਫਿਰ ਹੌਲੀ-ਹੌਲੀ ਸਿਲੰਡਰ ਦੀਆਂ ਕੀਮਤਾਂ ਵਧਾਈਆਂ ਗਈਆਂ ਅਤੇ ਅੱਜ ਇਕ ਸਿਲੰਡਰ ਭਰਾਉਣ ਦੀ ਕੀਮਤ 1000 ਰੁਪਏ ਹੋ ਚੁੱਕੀ ਹੈ। ਮੈਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਨੇ ਦੋ ਹਿੰਦੋਸਤਾਨ ਬਣਾ ਦਿੱਤੇ ਹਨ, ਇਕ ਅਮੀਰਾਂ ਦਾ ਅਤੇ ਇਕ ਗਰੀਬਾਂ ਦਾ। ਉਨ੍ਹਾਂ ਕਿਹਾ ਕਿ ਆਪਣੀ ਇਕ ਰੈਲੀ ’ਚ ਚੁੱਲ੍ਹੇ ’ਤੇ ਖਾਣਾ ਬਣਾਉਣ ਵਾਲੀਆਂ ਮਾਵਾਂ ਲਈ ਪ੍ਰਧਾਨ ਮੰਤਰੀ ਜੀ ਕੁਝ ਜ਼ਿਆਦਾ ਭਾਵੁਕ ਹੋ ਗਏ ਸਨ ਪਰ ਅੱਜ ਸਿਰਫ ਇਕ ਸਾਲ ’ਚ ਹੀ 3.59 ਕਰੋੜ ਲੋਕਾਂ ਨੂੰ ਚੁੱਲ੍ਹਾ ਬਾਲਣ ’ਤੇ ਮਜਬੂਰ ਕਰ ਦਿੱਤਾ। ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ, ਪ੍ਰਧਾਨ ਮੰਤਰੀ ਜੀ?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ