ਦੇਸ਼

ਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾ

July 01, 2022 11:14 AM

- 13 ਲਾਸ਼ਾਂ ਬਰਾਮਦ, ਐਨਡੀਆਰਐਫ਼ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ

ਏਜੰਸੀਆਂ
ਇੰਫਾਲ/30 ਜੂਨ : ਮਣੀਪੁਰ ਵਿੱਚ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਰਾਤ ਨੋਨੀ ਜ਼ਿਲ੍ਹੇ ਦੇ ਤੁਪੁਲ ਰੇਲਵੇ ਸਟੇਸ਼ਨ ਕੋਲ ਜ਼ਮੀਨ ਖਿਸਕਣ ਦੀ ਲਪੇਟ ਵਿੱਚ 107 ਟੈਰੀਟੋਰੀਅਲ ਜਵਾਨਾਂ ਦਾ ਕੈਂਪ ਆ ਗਿਆ। ਇਸ ਹਾਦਸੇ ਤੋਂ ਬਾਅਦ ਦਰਜਨਾਂ ਜਵਾਨ ਮਿੱਟੀ ’ਚ ਦੱਬ ਗਏ। ਮੀਡੀਆ ਰਿਪੋਰਟਾਂ ਮੁਤਾਬਕ 13 ਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਉਧਰ 72 ਤੋਂ ਵੱਧ ਜਵਾਨ ਹਾਲੇ ਵੀ ਲਾਪਤਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨਾਲ ਗੱਲਬਾਤ ਕਰਕੇ ਸਥਿਤੀ ਦਾ ਹਾਲ ਚਾਲ ਪੁੱਛਿਆ ਅਤੇ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ।
ਇਸ ਦੇ ਨਾਲ ਹੀ ਬੀਰੇਨ ਸਿੰਘ ਨੇ ਇਸ ਹਾਦਸੇ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਬੁਲਾਈ। ਜ਼ਖ਼ਮੀਆਂ ਦੀ ਮਦਦ ਲਈ ਡਾਕਟਰਾਂ ਦੀ ਟੀਮ ਮੌਕੇ ’ਤੇ ਰਵਾਨਾ ਹੋ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੋਨੀ ਦੇ ਆਰਮੀ ਮੈਡੀਕਲ ਯੂਨਿਟ ਲਿਆਂਦਾ ਗਿਆ ਹੈ। ਘਟਨਾ ਵਾਲੇ ਸਥਾਨ ’ਤੇ ਫੌਜ ਦੇ ਹੈਲੀਕਾਪਟਰ ਵੀ ਰਵਾਨਾ ਹੋ ਗਏ ਹਨ। ਉੱਤਰ ਪੂਰਬੀ ਸਰਹੱਦੀ ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਲਗਾਤਾਰ ਬਾਰਿਸ਼ ਕਾਰਨ ਇੱਕ ਵੱਡੇ ਢਿੱਗਾਂ ਡਿੱਗਣ ਨਾਲ ਜਿਰੀਬਾਮ-ਇੰਫਾਲ ਨਵੀਂ ਲਾਈਨ ਪ੍ਰੋਜੈਕਟ ਦੇ ਤੁਪੁਲ ਸਟੇਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਕਾਰਨ ਟ੍ਰੈਕ ਦੇ ਨਿਰਮਾਣ ਕਾਰਜ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਨੋਨੀ ਆਰਮੀ ਮੈਡੀਕਲ ਯੂਨਿਟ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਖਰਾਬ ਮੌਸਮ ਅਤੇ ਹਾਲ ਹੀ ਵਿੱਚ ਜ਼ਮੀਨ ਖਿਸਕਣ ਕਾਰਨ ਬਚਾਅ ਕਾਰਜਾਂ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ ਕਾਰਨ ਕਈ ਲੋਕਾਂ ਨੂੰ ਨੈਸ਼ਨਲ ਹਾਈਵੇ-37 ’ਤੇ ਸਫਰ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ