ਦੁਨੀਆ

ਆਸਟ੍ਰੇਲੀਆ ’ਚ ਭਾਰਤੀ ਕਰ ਰਹੇ ਤਰੱਕੀਆਂ

July 01, 2022 01:30 PM

ਬੀਐਸ ਭੁੱਲਰ
ਸਿਡਨੀ/30 ਜੂਨ: ਨਵੀਆਂ ਤਕਨੀਕਾਂ ਅਤੇ ਆਵਾਜਾਈ ਦੇ ਸਾਧਨਾਂ ਸਦਕਾ ਹੁਣ ਦੁਨੀਆਂ ਇੱਕ ਹੋ ਗਈ ਹੈ। ਭਾਰਤੀਆਂ ਨੇ ਸੰਸਾਰ ਦੇ ਕਰੀਬ ਹਰ ਦੇਸ ਵਿੱਚ ਜਾ ਪੈਰ ਟਿਕਾਏ ਹਨ। ਭਾਰਤੀਆਂ ਨੇ ਭਾਵੇਂ ਆਪਣੀ ਆਰਥਿਕ ਹਾਲਤ ਵਿੱਚ ਸੁਧਾਰ ਕਰਨ ਜਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੇ ਬੇਰੁਜਗਾਰੀ ਤੋਂ ਤੰਗ ਹੋ ਕੇ ਵਿਦੇਸ਼ਾਂ ਵੱਲ ਰੁਖ਼ ਕੀਤਾ, ਪਰ ਉਹ ਦੂਜੇ ਦੇਸਾਂ ਵਿੱਚ ਸਫ਼ਲ ਰਹੇ। ਪਹਿਲੇ ਪਹਿਲ ਉਹਨਾਂ ਦੀ ਨਿਗਾਹ ਅਮਰੀਕਾ ਜਾਂ ਕੈਨੇਡਾ ਤੇ ਹੀ ਰਹੀ, ਪਰ ਹੁਣ ਆਸਟ੍ਰੇਲੀਆ ਵਿੱਚ ਵੀ ਵਧ ਫੁੱਲ ਰਹੇ ਹਨ।
ਇੱਕ ਸਰਵੇਖਣ ਅਨੁਸਾਰ ਸਾਲ 2016 ’ਚ ਆਸਟ੍ਰੇਲੀਆ ਵਿੱਚ ਭਾਰਤੀਆਂ ਦੀ ਗਿਣਤੀ ਕਰੀਬ 4,55,389 ਸੀ ਜਿਹੜੀ 2021 ਤੱਕ ਵਧ ਕੇ 6,73,
352 ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਉਥੇ ਭਾਰਤੀਆਂ ਦੀ ਆਬਾਦੀ ਵਿੱਚ 47.86 ਫੀਸਦੀ ਵਾਧਾ ਹੋਇਆ ਹੈ, ਜੋ ਇੱਕ ਵੱਡਾ ਅੰਕੜਾ ਹੈ। ਇਸ ਦੇਸ ਵਿੱਚ ਵਸਣ ਵਾਲਿਆਂ ’ਚ ਪਹਿਲੇ ਸਥਾਨ ਤੇ ਆਸਟ੍ਰੇਲੀਅਨ ਹਨ, ਦੂਜੇ ਸਥਾਨ ਤੇ ਇੰਗਲੈਂਡ ਵਾਲੇ ਅਤੇ ਤੀਜੇ ਸਥਾਨ ਤੇ ਭਾਰਤੀ ਪਹੁੰਚ ਗਏ ਹਨ। ਭਾਰਤ ਵਾਸੀਆਂ ਨੇ ਚੀਨ ਅਤੇ ਨਿਊਜੀਲੈਂਡ ਵਾਲਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇੱਥੇ ਇਹ ਤੱਥ ਵੀ ਹੈਰਾਨੀਕੁੰਨ ਹੈ ਕਿ ਆਸਟ੍ਰੇਲੀਆ ਵਿੱਚ ਪੈਦਾ ਹੋਣ ਵਾਲੇ ਭਾਰਤੀ ਬੱਚਿਆਂ ਵਿੱਚੋਂ ਤਕਰੀਬਨ ਅੱਧ ਦੇ ਨਜਦੀਕ ਅਜਿਹੇ ਹਨ, ਜਿਹਨਾਂ ਦੇ ਮਾਂ ਬਾਪ ਚੋਂ ਇੱਕ ਭਾਰਤੀ ਹੈ ਅਤੇ ਇੱਕ ਵਿਦੇਸ਼ੀ ਹੈ। ਭਾਰਤੀ ਉਥੇ ਪਹੁੰਚਦੇ ਹਨ ਅਤੇ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਵਿਦੇਸ਼ੀ ਮੁੰਡੇ ਕੁੜੀ ਨਾਲ ਵਿਆਹ ਕਰਵਾ ਕੇ ਆਪਣੀ ਜਿੰਦਗੀ ਤੋਰਦੇ ਹਨ। ਉਹ ਉਥੇ ਆਪਣੇ ਪੈਰ ਵੀ ਜਮਾਂ ਲੈਂਦੇ ਹਨ ਅਤੇ ਬੱਚੇ ਪੈਦਾ ਕਰਕੇ ਭਾਰਤੀਆਂ ਦੀ ਗਿਣਤੀ ਵਿੱਚ ਵਾਧਾ ਵੀ ਕਰਦੇ ਹਨ।
ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਜੋ ਇਹ ਮਿਥ ਬਣੀ ਹੋਈ ਸੀ ਕਿ ਭਾਰਤੀ ਲੋਕ ਵਿਦੇਸ਼ਾਂ ਵਿੱਚ ਜਾ ਕੇ ਮਜਦੂਰੀ ਹੀ ਕਰਦੇ ਹਨ ਤੇ ਉਹਨਾਂ ਦੀ ਹਾਲਤ ਕਾਫ਼ੀ ਮੰਦੀ ਹੁੰਦੀ ਹੈ, ਹੁਣ ਅਜਿਹਾ ਨਹੀਂ ਹੈ। ਆਸਟ੍ਰੇਲੀਆ ਵਿੱਚ ਭਾਰਤੀ ਲੋਕ ਉਥੋਂ ਦੀ ਸਿਆਸਤ ਵਿੱਚ ਹਿੱਸਾ ਲੈਂਦੇ ਹਨ, ਸਰਕਾਰ ਪ੍ਰਸ਼ਾਸਨ ਵਿੱਚ ਭਾਗੀਦਾਰ ਹੁੰਦੇ ਹਨ। ਉਹ ਡਾਕਟਰ ਅਤੇ ਵਕੀਲ ਹਨ। ਉਹਨਾਂ ਦੇ ਬਹੁਤ ਵੱਡੇ ਵੱਡੇ ਕਾਰੋਬਾਰ ਹਨ, ਹਜ਼ਾਰਾਂ ਹਜ਼ਾਰਾਂ ਏਕੜ ਦੇ ਖੇਤੀ ਫਾਰਮ ਹਨ। ਸੈਂਕੜੇ ਸੈਂਕੜੇ ਟਰੱਕਾਂ ਬੱਸਾਂ ਟੈਕਸੀਆਂ ਵਾਲੇ ਟਰਾਂਸਪੋਰਟਰ ਹਨ। ਉਹਨਾਂ ਦੇ ਕਾਫ਼ੀ ਵੱਡੇ ਵੱਡੇ ਸਟੋਰ ਹਨ। ਅੱਜ ਉਹਨਾਂ ਕੋਲ ਹੋਰ ਦੇਸ਼ਾਂ ਦੇ ਲੋਕ ਕੰਮ ਕਰਨ ਲਈ ਪਹੁੰਚਦੇ ਹਨ, ਜਿਹਨਾਂ ਵਿੱਚ ਗੋਰੇ ਵੀ ਸ਼ਾਮਲ ਹੁੰਦੇ ਹਨ।
ਸਰਵੇਖਣ ਮੁਤਾਬਿਕ ਦੂਜੀ ਹੈਰਾਨ ਕਰਨ ਵਾਲੀ ਗੱਲ ਹੈ, ਉਥੇ ਵਸਦੇ ਲੋਕਾਂ ਦੀ ਧਾਰਮਾਂ ਵੱਲ ਦਿਲਚਸਪੀ ਦਾ ਅੰਕੜਾ। ਅੱਜ ਤੋਂ 50 ਸਾਲ ਪਹਿਲਾਂ ਇਸ ਦੇਸ ਵਿੱਚ 90 ਫੀਸਦੀ ਲੋਕ ਈਸਾਈ ਧਰਮ ਨੂੰ ਮੰਨਣ ਵਾਲੇ ਵਸਦੇ ਸਨ, ਪਰ 2016 ’ਚ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 50 ਫੀਸਦੀ ਰਹਿ ਗਈ ਹੈ। ਹੁਣ ਵੀ ਇਸ ਦੇਸ਼ ਵਿੱਚ ਸਭ ਤੋਂ ਵੱਧ ਲੋਕ ਈਸਾਈ ਧਰਮ ਨੂੰ ਮੰਨਣ ਵਾਲੇ ਹੀ ਹਨ, ਪਰ ਫੀਸਦੀ ਗਿਣਤੀ ਘਟਣ ਦਾ ਕਾਰਨ ਸ਼ਾਇਦ ਇੱਥੇ ਦੂਜੇ ਧਰਮਾਂ ਨਾਲ ਸਬੰਧਤ ਲੋਕਾਂ ਦਾ ਵਸ ਜਾਣਾ ਵੀ ਹੈ।
ਭਾਰਤ ਨਾਲ ਸਬੰਧਤ ਧਰਮ ਹਿੰਦੂ ਸਿੱਖ ਨੂੰ ਮੰਨਣ ਵਾਲਿਆਂ ਦੀ ਗਿਣਤੀ ਇਸ ਦੇਸ਼ ਵਿੱਚ ਸਿਰਫ 2.8 ਫੀਸਦੀ ਹੀ ਬਣਦੀ ਹੈ। ਪਰ ਮਹੱਤਵਪੂਰਨ ਤੇ ਅਹਿਮ ਅੰਕੜਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਹੈ, ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਹੈਰਾਨ ਕਰਨ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ 39 ਫੀਸਦੀ ਲੋਕ ਅਜਿਹੇ ਵਸਦੇ ਹਨ, ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਪਿਛਲੇ ਪੰਜ ਸਾਲਾਂ ਦੌਰਾਨ ਇਸ ਅੰਕੜੇ ਵਿੱਚ 9 ਫੀਸਦੀ ਵਾਧਾ ਹੋਇਆ ਹੈ। ਧਾਰਮਿਕ ਲੋਕ ਭਾਵੇਂ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ, ਪਰ ਅਸਲ ਵਿੱਚ ਉਹ ਵਿਗਿਆਨਕ ਸੋਚ ਦੇ ਮਾਲਕ ਹਨ।
ਆਸਟ੍ਰੇਲੀਆ ਵਿੱਚ ਭਾਰਤੀ ਖਾਸ ਕਰਕੇ ਪੰਜਾਬੀਆਂ ਦੀ ਹਾਲਤ ਚੰਗੀ ਹੈ, ਉਹ ਸੰਤੁਸ਼ਟ ਹਨ ਅਤੇ ਵਧ ਫੁੱਲ ਰਹੇ ਹਨ। ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ ਪਿਛਲੇ ਸਾਲਾਂ ਵਿੱਚ ਕਾਫ਼ੀ ਵਧੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ