ਲਖਵੀਰ ਸਿੰਘ
ਮੋਰਿੰਡਾ/30 ਜੂਨ : ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਪ੍ਰਬੰਧ ਤਾਂ ਕੀ ਕਰਨੇ ਸਨ ਉਲਟਾ ਸ਼ਹਿਰ ਦੀ ਦਿਸ਼ਾ ਅਤੇ ਦਸ਼ਾ ਨੂੰ ਵਿਗਾੜਨ ਵਿੱਚ ਨਗਰ ਕੌਂਸਲ ਮੋਰਿੰਡਾ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਜਗਪਾਲ ਸਿੰਘ ਕੰਗ, ਗੁਰਦੀਪ ਸਿੰਘ ਕੰਗ, ਲਖਵੀਰ ਸਿੰਘ ਲਵਲੀ, ਕੁਲਵੀਰ ਸਿੰਘ ਕੁਕੀ, ਬਚਨ ਲਾਲ ਵਰਮਾ, ਮੋਹਣ ਲਾਲ ਵੀਰਜੀ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਵਿਨੋਦ ਮਹਿਤਾ, ਠੇਕੇਦਾਰ ਮੰਗਤ ਸਿੰਘ ਆਦਿ ਅਨੇਕਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਨਾ ਤਾਂ ਮੀਂਹ ਵਾਲੇ ਪਾਣੀ ਦਾ ਨਿਕਾਸ ਹੈ ਤੇ ਨਾ ਹੀ ਸੀਵਰੇਜ ਦੇ ਪਾਣੀ ਦਾ ਨਿਕਾਸ ਹੈ। ਕਿਸੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਨਗਰ ਕੌਂਸਲ ਦੀ ਜਿੰਮੇਵਾਰੀ ਬਣਦੀ ਹੈ।
ਭਾਵੇਂ ਸ਼ਹਿਰ ਵਿੱਚ ਸੀਵਰੇਜ ਪਾਉਣਾ ਹੋਵੇ ਜਾਂ ਪਾਣੀ ਦੇ ਨਿਕਾਸ ਦੀ ਗੱਲ ਹੋਵੇ। ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਅੱਜ ਮੌਨਸੂਨ ਦੇ ਪਹਿਲੇ ਮੀਂਹ ਨੇ ਇਹ ਸਾਬਿਤ ਕਰ ਦਿੱਤਾ ਕੇ ਨਾ ਤਾਂ ਕਰੋੜਾਂ ਰੁਪਏ ਖਰਚ ਕੇ ਰੇਲਵੇ ਅੰਡਰ ਬਰਿੱਜ ਸੁਰੱਖਿਅਤ ਹੈ ਅਤੇ ਨਾ ਹੀ ਲੋਕੀ ਆਪਣੇ ਘਰਾਂ ਵਿੱਚ ਸੁਰੱਖਿਅਤ ਹਨ ਕਿਉਂਕਿ ਮੀਂਹ ਦਾ ਪਾਣੀ ਸੀਵਰੇਜ ਦੇ ਪਾਣੀ ਨਾਲ ਮਿਲਕੇ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਜੋ ਕਿ ਲੋਕਾਂ ਨੂੰ ਖੁਦ ਹੀ ਘਰਾਂ ਵਿਚੋਂ ਪਾਣੀ ਬਾਹਰ ਕੱਢਣ ਲਈ ਸਾਰਾ ਦਿਨ ਮਿਹਨਤ ਕਰਨੀ ਪਈ। ਰੇਲਵੇ ਅੰਡਰ ਬਰਿੱਜ ਦੇ ਹੇਠਾਂ ਮੀਂਹ ਦਾ ਪਾਣੀ ਖੜਨ ਨਾਲ ਵਾਹਨਾਂ ਨੂੰ ਆਵਾਜਾਈ ਵਿੱਚ ਕਾਫੀ ਸਮੱਸਿਆ ਆਈ। ਬੱਸਾਂ ਕਈ ਘੰਟੇ ਬਰਿੱਜ ਦੇ ਹੇਠਾਂ ਹੀ ਫਸੀਆਂ ਰਹੀਆਂ।
ਉਪਰੋਕਤ ਵਿਅਕਤੀਆਂ ਨੇ ਨਗਰ ਕੌਂਸਲ ਮੋਰਿੰਡਾ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦਿਆਂ ਇਸ ਨਗਰ ਕੌਂਸਲ ਦੇ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਜਦੋਂ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਅਤੇ ਨਗਰ ਕੌਂਸਲ ਦੇ ਐਸ.ਡੀ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਰਾਣੀ ਬਸੀ ਰੋਡ ਤੇ ਪਾਣੀ ਦੇ ਨਿਕਾਸ ਲਈ ਉਹਨਾਂ ਨੇ ਟੀਮਾਂ ਨੂੰ ਕਹਿ ਦਿੱਤਾ ਹੈ, ਬਹੁਤ ਛੇਤੀ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇਗੀ। ਜਦਕਿ ਖਬਰ ਲਿਖਣ ਤੱਕ ਨਗਰ ਕੌਂਸਲ ਦੀ ਕਿਸੇ ਵੀ ਟੀਮ ਨੇ ਪਾਣੀ ਦੇ ਨਿਕਾਸ ਦਾ ਕੋਈ ਉਪਰਾਲਾ ਨਹੀਂ ਕੀਤਾ।