ਰਵਿੰਦਰ ਸਿੰਘ ਢੀਂਡਸਾ
ਸ੍ਰੀ ਫ਼ਤਹਿਗੜ੍ਹ ਸਾਹਿਬ/30 ਜੂਨ : ਸਰਹਿੰਦ-ਪਟਿਆਲਾ ਮਾਰਗ ‘ਤੇ ਭਾਖੜਾ ਨਹਿਰ ਕੋਲ ਵਾਪਰੇ ਸੜਕ ਹਾਦਸੇ ‘ਚ ਇੱਕ ਸ਼ਰਧਾਲੂ ਦੀ ਮੌਤ ਹੋ ਜਾਣ ਅਤੇ ਦੋ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ।
ਹਾਦਸੇ ‘ਚ ਜ਼ਖਮੀ ਹੋਏ ਭਗਤਦੀਪ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਉਨਾਂ ਦੇ ਸੇਵਕ ਜਥੇ ਦੇ ਮੈਂਬਰ ਹਰ ਮਹੀਨੇ ਗੁਰੂਦਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਕਰਨ ਲਈ ਆਉਂਦੇ ਹਨ ਤੇ ਅੱਜ ਵੀ ਉਹ ਆਪਣੇ ਜਥੇ ਦੇ ਸਾਥੀਆਂ ਨਰਿੰਦਰ ਸਿੰਘ ਅਤੇ ਕਾਲਾ ਵਾਸੀਆਨ ਪਟਿਆਲਾ ਨਾਲ ਗੁਰੂਦਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਸਨ ਤਾਂ ਸ਼ਾਮ 4 ਵਜੇ ਦੇ ਕਰੀਬ ਪਿੰਡ ਆਦਮਪੁਰ ਨੇੜਿਓਂ ਲੰਘਦੀ ਭਾਖੜਾ ਨਹਿਰ ਦਾ ਪੁਲ ਉਤਰ ਕੇ ਉਹ ਜਦੋਂ ਸੜਕ ਦੇ ਇੱਕ ਪਾਸੇ ਕੱਚੇ ‘ਚ ਪੈਦਲ ਤੁਰੇ ਜਾ ਰਹੇ ਸਨ ਤਾਂ ਅਚਾਨਕ ਪਿਛਿਓਂ ਆਈ ਇੱਕ ਤੇਜ਼ ਰਫਤਾਰ ਬੱਸ ਉਨਾਂ ਨੂੰ ਟੱਕਰ ਮਾਰਨ ਉਪਰੰਤ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਕੇ ਖਤਾਨਾਂ ‘ਚ ਜਾ ਉਤਰੀ।
ਮੌਕੇ ‘ਤੇ ਹਾਦਸੇ ਦੀ ਜਾਂਚ ਕਰ ਰਹੇ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਤੋਂ ਲੁਧਿਆਣਾ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ.ਬੀ.11.ਸੀ.ਐਫ-1945 ਪੈਦਲ ਜਾ ਰਹੇ ਨਰਿੰਦਰ ਸਿੰਘ, ਭਗਤਦੀਪ ਸਿੰਘ ਅਤੇ ਕਾਲਾ ਨਾਮਕ ਸ਼ਰਧਾਲੂਆਂ ਨੂੰ ਟੱਕਰ ਮਾਰ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਨਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਲਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ਼ ਲਈ ਅਮਰ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਹਾਦਸੇ ‘ਚ ਪੈਦਲ ਜਾ ਰਿਹਾ ਸ਼ਰਧਾਲੂ ਭਗਤਦੀਪ ਸਿੰਘ ਵੀ ਜ਼ਖਮੀ ਹੋ ਗਿਆ ਤੇ ਬੱਸ ਦੀਆਂ ਕਈ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਉਨਾਂ ਦੱਸਿਆ ਕਿ ਬੱਸ ਦਾ ਚਾਲਕ ਅਤੇ ਕੰਡਕਟਰ ਹਾਦਸੇ ਉਪਰੰਤ ਮੌਕੇ ‘ਤੋਂ ਫਰਾਰ ਹੋ ਗਏ ਜਦੋਂ ਕਿ ਬੱਸ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।