- ਪੈਰੋਕਾਰਾਂ ਨੇ ਹਾਈ ਕੋਰਟ ’ਚ ਪਾਈ ਪਟੀਸ਼ਨ, ਮੰਗੀ ਜਾਂਚ, ਸੁਣਵਾਈ ਅੱਜ
ਅਨਿਲ ਵਰਮਾ
ਬਠਿੰਡਾ/3 ਜੁਲਾਈ : ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ, ਜਿਸ ਉਪਰ ਡੇਰੇ ਨਾਲ ਜੁੜੇ ਮੈਂਬਰ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਵੀ ਮਾਮਲੇ ਦਰਜ ਹਨ ਦੀ ਆਪਣੀ ‘‘ਸ਼ਾਖ’’ ’ਤੇ ਸਵਾਲ ਖੜ੍ਹੇੇ ਹੋ ਗਏ ਹਨ।
ਡੇਰਾ ਮੁਖੀ ਰਾਮ ਰਹੀਮ ਦਾ ਇਹ ਰੌਲਾ ਪੈ ਗਿਆ ਹੈ ਕਿ ਅੱਜ ਦੇ ਹਾਲਾਤ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਪੈਰੋਲ ’ਤੇ ਬਾਹਰ ਆਇਆ ਗੁਰਮੀਤ ਸਿੰਘ ਰਾਮ ਰਹੀਮ ਅਸਲੀ ਹੈ ਜਾਂ ਨਕਲੀ। ਇਸ ਦੀ ਜਾਂਚ ਲਈ ਡੇਰੇ ਨਾਲ ਜੁੜੇ ਪੈਰੋਕਾਰਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਜਾਂਚ ਦੀ ਮੰਗ ਕੀਤੀ ਗਈ ਹੈ। ਡੇਰੇ ਦੇ ਪੈਰੋਕਾਰਾਂ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ 4 ਜੁਲਾਈ ਸੋਮਵਾਰ ਨੂੰ ਹੋਣੀ ਹੈ । ਹੁਣ ਦੇਖਣਾ ਹੋਵੇਗਾ ਕਿ ਮਾਣਯੋਗ ਅਦਾਲਤ ਇਸ ਪਟੀਸ਼ਨ ’ਤੇ ਕੀ ਫ਼ੈਸਲਾ ਲੈਂਦੀ ਹੈ।
ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਕੁਝ ਪ੍ਰੇਮੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਿਹੜਾ ਵਿਅਕਤੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ’ਤੇ ਬਾਹਰ ਆਇਆ ਹੈ, ਉਹ ਨਕਲੀ ਗੁਰਮੀਤ ਰਾਮ ਰਹੀਮ ਹੈ ਜਦੋਂ ਕਿ ਅਸਲੀ ਰਾਮ ਰਹੀਮ ਨੂੰ ਅਗਵਾ ਕੀਤਾ ਹੋਇਆ ਹੈ । ਪਾਈ ਪਟੀਸ਼ਨ ’ਤੇ ਹਾਈ ਕੋਰਟ ’ਚ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ ।
ਇਹ ਪਟੀਸ਼ਨ ਚੰਡੀਗੜ੍ਹ ਨਿਵਾਸੀ ਅਸ਼ੋਕ ਕੁਮਾਰ ਅਤੇ ਇੱਕ ਦਰਜਨ ਤੋ ਵੱਧ ਪ੍ਰੇਮੀਆਂ ਵੱਲੋਂ ਪਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਮੰਗੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਟੀਸ਼ਨ ਪਾਉਣ ਵਾਲੇ ਪੈਰੋਕਾਰਾਂ ਨੇ ਕਿਹਾ ਕਿ ਡੇਰਾ ਸਿਰਸਾ ਦੀ ਗੱਦੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਹੈ, ਜਿਸ ਕਰਕੇ ਅਸਲੀ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਅਗਵਾ ਕੀਤਾ ਗਿਆ ਹੈ ਜਾਂ ਉਸ ਦਾ ਕਤਲ ਵੀ ਕੀਤਾ ਜਾ ਸਕਦਾ ਹੈ ਅਤੇ ਹੁਣ ਜੋ ਡੇਰਾ ਮੁਖੀ ਰਾਮ ਰਹੀਮ ਬਾਗਪਤ ਆਸ਼ਰਮ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਪੈਰੋਲ ’ਤੇ ਬਾਹਰ ਆਇਆ ਹੈ ਉਹ ਨਕਲੀ ਹੈ । ਇਸ ਮਾਮਲੇ ’ਤੇ ਡੇਰਾ ਸਿਰਸਾ ਨਾਲ ਜੁੜੇ ਮੈਂਬਰਾਂ ਅਤੇ ਡੇਰਾ ਸਿਰਸਾ ਵਿੱਚ ਮੌਜੂਦ ਡੇਰਾ ਪ੍ਰੇਮੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਪਟੀਸ਼ਨ ਨੂੰ ਸਾਜ਼ਿਸ਼ ਕਰਾਰ ਦਿੱਤਾ ਅਤੇ ਡੇਰਾ ਮੁਖੀ ਦੇ ਅਸਲੀ ਜਾਂ ਨਕਲੀ ਹੋਣ ਦੇ ਪਾਏ ਜਾ ਰਹੇ ਰੌਲੇ ਨੂੰ ਮੁੱਢੋਂ ਨਕਾਰਦਿਆਂ ਪਟੀਸ਼ਨ ਪਾਉਣ ਵਾਲੇ ਵਿਅਕਤੀਆਂ ਨੂੰ ਡੇਰਾ ਸਿਰਸਾ ਵਿਰੋਧੀ ਦੱਸਿਆ।
ਡੇਰਾ ਪ੍ਰੇਮੀਆਂ ਵੱਲੋ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋਂ ਪੰਜ ਸਾਲ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਵੱਲੋਂ ਡੇਰਾ ਮੁਖੀ ਦੀ ਹੋਂਦ ’ਤੇ ਸਵਾਲ ਉਠਾਉਦਿਆਂ ਅਸਲੀ ਜਾਂ ਨਕਲੀ ਦਾ ਰੌਲਾ ਪਾਇਆ ਸੀ, ਜਿਸ ’ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੁਰਮਾਨਾ ਵੀ ਲਾਇਆ ਗਿਆ ਸੀ।
ਉਨ੍ਹਾਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਅਤੇ ਪਟੀਸ਼ਨ ਪਾ ਕੇ ਡੇਰੇ ਦੀ ਸ਼ਾਖ ਨੂੰ ਬਦਨਾਮ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਜਿਸ ਉਪਰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹਨ ਤੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ, ਹੁਣ 21 ਦਿਨ ਦੀ ਪੈਰੋਲ ’ਤੇ ਆਇਆ ਹੈ ਅਤੇ ਉਸ ਵੱਲੋਂ ਇਕ ਵੀਡੀਓ ਪਾ ਕੇ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਵੀ ਦਿੱਤਾ ਹੈ । ਪਟੀਸ਼ਨ ਪਾਉਣ ਵਾਲੇ ਵਿਅਕਤੀਆਂ ਵੱਲੋਂ ਉਸ ਸੰਦੇਸ਼ ’ਤੇ ਵੀ ਸਵਾਲ ਖੜ੍ਹੇੇ ਕੀਤੇ ਹਨ ਅਤੇ ਕਿਹਾ ਕਿ ਉਹ ਡੇਰਾ ਮੁਖੀ ਨਹੀਂ ਹੋ ਸਕਦੇ ਜੋ ਲੋਕਾਂ ਨੂੰ ਸਹੀ ਰਸਤਾ ਦਿਖਾਉਂਦੇ ਸਨ।