BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਸੁਪਰੀਮ ਕੋਰਟ ਦੀਆਂ ਟਿੱਪਣੀਆਂ, ਲੋਕਾਂ ਦੀਆਂ ਭਾਵਨਾਵਾਂ ਦਾ ਇਜ਼ਹਾਰ

July 04, 2022 11:26 AM

ਦੇਸ਼ ਦੀ ਸਰਵਉੱਚ ਅਦਾਲਤ, ਸੁਪਰੀਮ ਕੋਰਟ, ਨੇ ਬੀਤੇ ਸ਼ੁੱਕਰਵਾਰ, ਪਹਿਲੀ ਜੁਲਾਈ, ਨੂੰ ਭਾਰਤੀ ਜਨਤਾ ਪਾਰਟੀ ਦੀ ਪਾਰਟੀ ’ਚੋਂ ਮੁਅੱਤਲ ਸਾਬਕਾ ਤਰਜਮਾਨ ਨੂਪੁਰ ਸ਼ਰਮਾ ’ਤੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਸ਼ਾਇਦ ਹੀ ਆਜ਼ਾਦ ਭਾਰਤ ਦੇ ਇਤਹਾਸ ਵਿੱਚ ਕਿਸੇ ਸਿਆਸੀ ਪਾਰਟੀ ਦੇ ਬੁਲਾਰੇ ਜਾਂ ਨੁਮਾਇੰਦੇ ਵੱਲੋਂ ਕੀਤੀਆਂ ਕਿਸੇ ਵੀ ਪ੍ਰਕਾਰ ਦੀਆਂ ਟਿੱਪਣੀਆਂ ਖ਼ਿਲਾਫ਼ ਸੁਪਰੀਮ ਕੋਰਟ ਨੇ ਅਜਿਹਾ ਸਖ਼ਤ ਵਤੀਰਾ ਅਖਤਿਆਰ ਕੀਤਾ ਹੋਵੇ। ਭਾਰਤੀ ਜਨਤਾ ਪਾਰਟੀ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੇ ਇਕ ਟੈਲੀਵਿਜ਼ਨ ਚੈਨਲ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਪੈਗੰਬਰ ਮੁਹੰਮਦ ਸਾਹਿਬ ਖ਼ਿਲਾਫ਼ ਇਤਰਾਜ਼ਯੋਗ ਤੇ ਬੇਲੋੜੀਆਂ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਨੇ ਨਾ ਕਿ ਭਾਰਤ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਸਗੋਂ ਹੋਰਨਾ ਮੁਲਕਾਂ, ਖਾਸ ਕਰ ਮੱਧਪੂਰਬੀ ਮੁਲਕਾਂ ਵਿੱਚ ਵਸਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀ। ਇਹ ਟਿੱਪਣੀਆਂ ਬੀਤੇ ਮਈ ਮਹੀਨੇ ਦੀ 27 ਤਾਰੀਕ ਨੂੰ ਕੀਤੀਆਂ ਗਈਆਂ ਸਨ। ਇਨ੍ਹਾਂ ਟਿੱਪਣੀਆਂ ਦਾ ਵਿਰੋਧ ਦੇਸ਼ ਭਰ ਵਿੱਚ ਮੁਸਲਮਾਨਾਂ ਨੇ ਹੀ ਨਹੀਂ ਸਗੋਂ ਧਰਮ ਨਿਰਪੱਖ ਤੇ ਅਗਾਂਹਵਧੂ ਲੋਕਾਂ ਨੇ ਕੀਤਾ ਸੀ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੁੱਪੀ ਅਖਤਿਆਰ ਕੀਤੀ ਰੱਖੀ। ਇਸੇ ਸਮੇਂ ਦੌਰਾਨ ਹਜ਼ਾਰਾਂ ਮੁਸਲਮਾਨਾਂ ਦੁਆਰਾ ਕਈ ਰਾਜਾਂ ’ਚ ਰੋਸ ਮੁਜ਼ਾਹਰੇ ਕੀਤੇ ਗਏ। ਯੋਗੀ ਅਦਿਤਿਯਾ ਨਾਥ ਦੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਮੀਦ ਮੁਤਾਬਿਕ ਇਨ੍ਹਾਂ ਮੁਜ਼ਾਹਰਾਕਾਰੀਆਂ ਵਿਰੁੱਧ ਸਖ਼ਤੀ ਤੋਂ ਕੰਮ ਲਿਆ ਅਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਦਰਜਨਾਂ ਮੁਸਲਿਮ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੱਧ ਪੂਰਬੀ ਮੁਸਲਿਮ ਦੇਸ਼ਾਂ ਦੁਆਰਾ ਰੋਹ ਤੇ ਰੋਸ ਜਤਾਏ ਜਾਣ ਬਾਅਦ 10 ਜੂਨ ਨੂੰ ਭਾਰਤੀ ਜਨਤਾ ਪਾਰਟੀ ਨੇ ਨੂਪੁਰ ਸ਼ਰਮਾ ਤੋਂ ਖ਼ੁਦ ਨੂੰ ਅਲੱਗ ਕਰਦਿਆਂ ਉਸਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਜਦੋਂ ਕਿ ਉਹ 5 ਜੂਨ ਤੋਂ ਹੀ ਦਰਿਸ਼ ਤੋਂ ਗਾਇਬ ਸੀ। ਉਸ ਦਿਨ ਨੂਪੁਰ ਨੇ ਆਪਣੇ ਸ਼ਬਦ ਵਾਪਸ ਲੈਣ ਦਾ ਟਵੀਟ ਕੀਤਾ ਸੀ। ਉਸ ਬਾਅਦ ਉਸ ਨੂੰ ਸੰਭਵ ਤੌਰ ’ਤੇ ਉਸ ਦੇ ਹੁਕਮਰਾਨ ਹਿਮਾਇਤੀਆਂ ਨੇ ਚੋੁੱਪ ਰਹਿਣ ਦੀ ਸਲਾਹ ਦੇ ਦਿੱਤੀ ਸੀ।
ਇਸ ਦੌਰਾਨ ਨੂਪੁਰ ਸ਼ਰਮਾ ਦੀਆਂ ਪੈਗੰਬਰ ਮੁਹੰਮਦ ਵਿਰੋਧੀ ਟਿੱਪਣੀਆਂ ਦਾ ਵਿਰੋਧ ਜਾਰੀ ਰਿਹਾ ਅਤੇ 4 ਰਾਜਾਂ ਵਿੱਚ ਉਸ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ। 8 ਜੂਨ ਨੂੰ ਦਿੱਲੀ ਪੁਲਿਸ ਨੇ ਵੀ ਨੂਪੁਰ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵੱਖ-ਵੱਖ ਰਾਜਾਂ ਵਿੱਚ ਆਪਣੇ ਵਿਰੁੱਧ ਦਾਖਲ ਹੋਏ ਕੇਸਾਂ ਨੂੰ ਦਿੱਲੀ ’ਚ ਯਾਨੀ ਇੱਕ ਥਾਂ ਤਬਦੀਲ ਕਰਨ ਦੀ ਅਰਜ਼ੀ ਲੈ ਕੇ ਨੂਪੁਰ ਸ਼ਰਮਾ ਪਿੱਛਲੇ ਸ਼ੁੱਕਰਵਾਰ ਸੁਪਰੀਮ ਕੋਰਟ ਪਹੁੰਚੀ ਸੀ। ਪਰ ਸੁਪਰੀਮ ਕੋਰਟ ’ਚ ਉਸ ਨੂੰ ਅਜਿਹੀਆਂ ਟਿੱਪਣੀਆਂ ਸੁਣਨੀਆਂ ਪਈਆਂ ਜੋ ਜ਼ਿੰਦਗੀ ਭਰ ਉਸ ਦੇ ਕੰਨਾਂ ’ਚ ਗੂੰਜਦੀਆਂ ਅਤੇ ਸ਼ਰਮਿੰਦਗੀ ਦਾ ਅਹਿਸਾਸ ਕਰਵਾਉਂਦੀਆਂ ਰਹਿਣਗੀਆਂ। ਅਸਲ ’ਚ ਸੁਪਰੀਮ ਕੋਰਟ ਦੇ ਜਸਟਿਸ ਸੂਰਯਾਕਾਂਤ ਅਤੇ ਜੇ ਬੀ ਪਾਰਟੀਵਾਲਾ ’ਤੇ ਅਧਾਰਿਤ ਡਬਲ ਬੈਂਚ ਨੇ ਉਹ ਕੁੱਛ ਹੀ ਕਿਹਾ ਹੈ ਜੋ ਭਾਰਤ ਦੇ ਵੱਡੀ ਗਿਣਤੀ ਵਿੱਚ ਲੋਕ ਨੂਪੁਰ ਸ਼ਰਮਾ ਬਾਰੇ ਕਹਿਣਾ ਚਾਹੁੰਦੇ ਰਹੇ ਹਨ। ਬੈਂਚ ਨੇ ਅਜਿਹੀ ਝਾੜ ਪਾਈ ਕਿ ਨੂਪੁਰ ਸ਼ਰਮਾ ਦੇ ਵਕੀਲ ਨੂੰ ਅਰਜ਼ੀ ਵਾਪਸ ਲੈਣੀ ਪਈ। ਪਰ ਉਨ੍ਹਾਂ ਲਈ ਦਿੱਲੀ ਹਾਈਕੋਰਟ ਜਾਣ ਦਾ ਰਸਤਾ ਖੁੱਲ੍ਹਾ ਰੱਖਿਆ ਗਿਆ ਹੈ।
ਸਰਵਉੱਚ ਅਦਾਲਤ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਨੂਪੁਰ ਸ਼ਰਮਾ ਨੂੰ ਟੈਲੀਵਿਜ਼ਨ ’ਤੇ ਆ ਕੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਸ ਨੇ ਧਾਰਮਿਕ ਭਾਵਨਾਵਾਂ ਭੜਕਾਈਆਂ ਹਨ ਜਿਸ ਨਾਲ ਦੇਸ਼ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਸ ਦੇ ਬਿਆਨ ਕਾਰਨ ਹੀ ਉਦੈਪੁਰ ਦੀ ਦੁਖਦਾਇਕ ਘਟਨਾ ਵਾਪਰੀ ਹੈ। ਦੇਸ਼ ’ਚ ਜੋ ਹੋ ਰਿਹਾ ਹੈ ਉਸ ਲਈ ਇਕੱਲੀ ਨੂਪੁਰ ਜ਼ਿੰਮੇਵਾਰ ਹੈ। ਸਰਵਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਉਸ ਦੀਆਂ ਟਿੱਪਣੀਆਂ ’ਚ ਹੰਕਾਰ ਹੈ ਅਤੇ ਸੱਤਾ ਦਾ ਹੰਕਾਰ ਉਸਦੇ ਸਿਰ ਚੜਿ੍ਹਆ ਹੋਇਆ ਹੈ। ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਵੀ ਪੁੱਛਿਆ ਹੈ ਕਿ ਕੇਸ ਦਰਜ ਕਰਨ ਬਾਅਦ ਉਨ੍ਹਾਂ ਨੂਪੁਰ ਸ਼ਰਮਾ ਵਿਰੁੱਧ ਕੀ ਕਾਰਵਾਈ ਕੀਤੀ ਹੈ? ਇਹ ਵੀ ਕਿਹਾ ਗਿਆ ਕਿ ਟੈਲੀਵਿਜ਼ਨ ਖਾਸ ਏਜੰਡੇ ਨੂੰ ਅਗਾਂਹ ਵਧਾਉਣ ਲਈ ਡਿਬੇਟਾਂ ਚਲਾਉਂਦੇ ਹਨ ਜਦੋਂਕਿ ਕਈ ਵਾਰ ਮਾਮਲਾ ਅਦਾਲਤ ਵਿੱਚ ਹੁੰਦਾ ਹੈ।
ਇਹ ਉਹ ਟਿੱਪਣੀਆਂ ਹਨ ਜੋ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਮਾਹੌਲ ਦੀ ਹਵਾ ਵਿੱਚ ਤਾਂ ਘੁੰਮ ਰਹੀਆਂ ਸਨ ਪਰ ਇਜ਼ਹਾਰ ਪ੍ਰਾਪਤ ਨਹੀਂ ਕਰ ਪਾ ਰਹੀਆਂ ਸਨ। ਸੁਪਰੀਮ ਕੋਰਟ ਨੇ ਸਹੀ, ਸਖ਼ਤ ਤੇ ਮੌਕੇ ਦੀ ਲੋੜ ਅਨੁਸਾਰ ਲੋਕਾਂ ਦੇ ਮਨਾਂ ਦੀ ਗੱਲ ਕਹਿ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਵੱਡੀ ਜ਼ਿੰਮੇਵਾਰੀ ਨਿਭਾਹੀ ਹੈ। ਉਮੀਦ ਹੈ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਵੀ ਅਗਾਂਹ ਆਵੇਗੀ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਨੂਪੁਰ ਸ਼ਰਮਾ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ