ਦਸਬ
ਸੰਗਰੂਰ/5 ਜੁਲਾਈ : ਸੰਗਰੂਰ ਦੀ ਸ਼ਿਵਮ ਕਾਲੋਨੀ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਆਪਣੇ ਲੜਕੇ ਨੂੰ ਕਰੰਟ ਲੱਗਣ ਤੋਂ ਬਚਾਉਣ ਗਏ ਪਿਤਾ ਦੀ ਵੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੇਮਰਾਜ ਸ਼ਰਮਾ ਦਾ ਪੁੱਤਰ ਜਸਵਿੰਦਰ ਸ਼ਰਮਾ ਪਸ਼ੂ ਨਲਾ ਰਿਹਾ ਸੀ ਤੇ ਵੱਛੀ ਟੋਕੇ ਵਾਲੀ ਮਸ਼ੀਨ ਨਾਲ ਬੰਨੀ ਹੋਈ ਸੀ। ਅਚਾਨਕ ਟੋਕੇ ਵਾਲੀ ਮਸ਼ੀਨ ’ਤੇ ਫਿਟ ਕੀਤੀ ਮੋਟਰ ’ਚੋਂ ਮਸ਼ੀਨ ਵਿੱਚ ਕਰੰਟ ਆ ਗਿਆ ਤੇ ਵੱਛੀ ਕਰੰਟ ਲੱਗਣ ਨਾਲ ਹੇਠਾਂ ਡਿੱਗ ਪਈ। ਇਸੇ ਦੌਰਾਨ ਜਸਵਿੰਦਰ ਸ਼ਰਮਾ ਨੇ ਜਿਉਂ ਹੀ ਵੱਛੀ ਨੂੰ ਚੁੱਕਣ ਲਈ ਹੱਥ ਪਾਇਆ ਤਾਂ ਕਰੰਟ ਨੇ ਉਸ ਨੂੰ ਵੀ ਲਪੇਟ ਵਿੱਚ ਲੈ ਲਿਆ। ਇਸੇ ਦੌਰਾਨ ਹੇਮਰਾਜ
ਸ਼ਰਮਾ ਜਦੋਂ ਲੜਕੇੇ ਨੂੰ ਬਚਾਉਣ ਗਿਆ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਿਆ ਤੇ ਦੋਵੇਂ ਪਿਓ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੇਮਰਾਜ ਦੇ ਗੁਆਂਢੀ ਨੇ ਦੱਸਿਆ ਕਿ ਜਦੋਂ ਹੇਮਰਾਜ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਉਸ ਦਾ ਘਰਵਾਲਾ ਅਤੇ ਮੁੰਡਾ ਕਰੰਟ ਦੀ ਲਪੇਟ ’ਚ ਆ ਗਏ ਹਨ ਤਾਂ ਉਸ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਮਦਦ ਲਈ ਬੁਲਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਆਂਢ ਦੇ ਲੋਕ ਉੱਥੇ ਪੁਹੰਚੇ, ਉਸ ਵੇਲੇ ਤੱਕ ਕਾਫੀ ਸਮਾਂ ਬੀਤ ਗਿਆ ਸੀ। ਇਕੱਠੇ ਹੋਏ ਲੋਕਾਂ ਨੇ ਕਰੰਟ ਦੀਆਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਕਾਫੀ ਸਮਾਂ ਬੀਤਣ ਕਾਰਨ ਡਾਕਟਰਾਂ ਨੇ ਦੋਵੇਂ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਕੋਲ 2 ਵਿਅਕਤੀਆਂ ਦੀਆਂ ਲਾਸ਼ਾਂ ਆਈਆਂ ਸਨ, ਜਿਨ੍ਹਾਂ ਦੀ ਮੌਤ ਕਰੰਟ ਲੱਗਣ ਨਾਲ ਹੋਈ ਦੱਸੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦੋਵੇ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕੀਤਾ ਜਾਵੇਗੀ। ਦੱਸਣਾ ਬਣਦਾ ਹੈ ਕਿ ਹੇਮਰਾਜ ਸਿੰਘ ਪੰਜਾਬ ਪੁਲਿਸ ’ਚ ਮੌਜੂਦਾ ਏਐਸਆਈ ਸੀ। ਉਸ ਨੇ ਥੋੜਾ ਸਮਾਂ ਪਹਿਲਾਂ ਹੀ ਆਪਣੀ ਕੁੜੀ ਦਾ ਵਿਆਹ ਕਰਕੇ ਉਸ ਨੂੰ ਕੈਨੇਡਾ ਭੇਜਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਵੱਡਾ ਪੁੱਤਰ ਪੜ੍ਹਾਈ ਲਈ ਵਿਦੇਸ਼ ਭੇਜਿਆ ਹੈ।