BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਭਾਰਤ ਪਾਕਿਸਤਾਨ ਨਾਲ ਵੀ ਗੱਲਬਾਤ ਤੇ ਕੂਟਨੀਤੀ ਦਾ ਰਾਹ ਫੜੇ

July 06, 2022 12:10 PM

ਯੂਕਰੇਨ ਅਤੇ ਰੂਸ ਦਰਮਿਆਨ ਜੰਗ ਲੱਗਣ ਤੋਂ ਬਾਅਦ ਭਾਰਤ ਨੂੰ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਪਾਏ ਜਾ ਰਹੇ ਇਕ ਵੱਖਰੇ ਕਿਸਮ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਬਾਅ ਦਾ ਮੁਕਾਬਲਾ ਕਰਦੇ ਹੋਏ ਜੋ ਨੀਤੀ ਭਾਰਤ ਰੱਖ ਰਿਹਾ ਹੈ ਅਤੇ ਜਿਸ ’ਤੇ ਬਾਰ-ਬਾਰ ਜ਼ੋਰ ਦੇ ਰਿਹਾ ਹੈ, ਉਹ ਨੀਤੀ ਭਾਰਤ ਨੂੰ ਆਪਣੇ ਗੁਆਂਢੀ ਮੁਲਕਾਂ, ਖਾਸਕਰ ਪਾਕਿਸਤਾਨ, ਪ੍ਰਤੀ ਵੀ ਵਰਤਣੀ ਚਾਹੀਦੀ ਹੈ ਤਾਂ ਕਿ ਮਸਲੇ ਹੱਲ ਕਰਨ ਵੱਲ ਤੁਰਿਆ ਜਾ ਸਕੇ ਅਤੇ ਦੋਨਾਂ ਮੁਲਕਾਂ ਦਰਮਿਆਨ ਦਾ ਆਮ ਮਾਹੌਲ ਵਧੇਰੇ ਅਮਨ ਭਰਿਆ ਬਣਾਇਆ ਜਾ ਸਕੇ।
ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਆਪਣੀ ਵਿਸ਼ੇਸ਼ੇ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਸਭ ਤੋਂ ਜ਼ਿਆਦਾ ਅਮਰੀਕਾ ਅਤੇ ਇਸ ਦੇ ਸਹਿਯੋਗੀ ਨਾਟੋ ਮੁਲਕਾਂ ਨੂੰ ਚਾਅ ਚੜ੍ਹਿਆ ਸੀ ਕਿਉਂਕਿ ਇਹ ਮੁਲਕ ਰੂਸ ਨੂੰ ਘੇਰਨ ਦੀ ਖਾਸ ਰਣਨੀਤੀ ਤਹਿਤ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣਾ ਚਾਹੁੰਦੇ ਸਨ ਜਿਸ ਨਾਲ ਇਨ੍ਹਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਅੱਗੇ ਕੀਤਾ ਹੋਇਆ ਸੀ। ਜੰਗ ਲੱਗ ਜਾਣ ਬਾਅਦ ਅਮਰੀਕਾ ਨੇ ਰੂਸ ਖ਼ਿਲਾਫ਼ ਵਿੱਤੀ ਪਾਬੰਦੀਆਂ ਲਾਉਣ ਦਾ ਆਪਣਾ ਹਥਿਆਰ ਖੁੱਲ੍ਹ ਕੇ ਵਰਤਿਆ ਜਿਸ ਦਾ ਨਿਸ਼ਾਨਾ ਰੂਸ ਨੂੰ ਕਮਜ਼ੋਰ ਕਰਨਾ ਸੀ ਤਾਂ ਕਿ ਉਹ ਆਪਣੇ ਇਸ ਜੰਗ ਦੇ ਖਰਚਿਆਂ ਨੂੰ ਸੰਭਾਲ ਨਾ ਪਾਵੇ ਪਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ’ਚ ਰੂਸ ਇਨ੍ਹਾਂ ਵਿੱਤੀ ਪਾਬੰਦੀਆਂ ਨੂੰ ਕਾਫ਼ੀ ਹੱਦ ਤੱਕ ਬੇਅਸਰ ਕਰਨ ਵਿੱਚ ਕਾਮਯਾਬ ਰਿਹਾ ਹੈ ਜਦੋਂ ਕਿ ਰੂਸ ਵੱਲੋਂ ਗੈਸ ਸਪਲਾਈ ਘਟਾਉਣ ਅਤੇ ਜੰਗ ਕਾਰਨ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਵੱਡਾ ਵਾਧਾ ਹੋ ਜਾਣ ਕਾਰਨ ਪੱਛਮੀ ਮੁਲਕਾਂ ਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੈਟਰੋਲ-ਡੀਜ਼ਲ ਦੀ ਕੀਮਤ ਬਹੁਤ ਜ਼ਿਆਦਾ ਵੱਧ ਜਾਣ ਅਤੇ ਕਣਕ ਤੇ ਖ਼ੁਰਾਕੀ ਤੇਲ-ਨਾਰੀਅਲ ਦੇ ਤੇਲ- ਦੀ ਸਪਲਾਈ ਟੁੱਟ ਜਾਣ ਕਾਰਨ ਦੁਨੀਆ ਦੇ ਬਹੁਤ ਸਾਰੇ, ਖਾਸਕਰ ਗਰੀਬ, ਮੁਲਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਭਾਰਤ ਨੂੰ ਵੀ ਕੌਮਾਂਤਰੀ ਮੰਡੀ ’ਚ ਪੈਟਰੋਲ-ਡੀਜ਼ਲ ਦੀ ਵਧੀ ਕੀਮਤ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪਰ ਭਾਰਤ ਨੂੰ ਰਾਹਤ ਇਹ ਹੈ ਕਿ ਕੀਤੇ ਸਮਝੌਤੇ ਮੁਤਾਬਿਕ ਇਸ ਨੂੰ ਰੂਸ ਤੋਂ ਮੁਕਾਬਲਤਨ ਸਸਤੇ ਭਾਅ ਪੈਟਰੋਲ-ਡੀਜ਼ਲ ਪ੍ਰਾਪਤ ਹੋ ਰਿਹਾ ਹੈ ਜਿਸ ਨੇ ਮੋਦੀ ਸਰਕਾਰ ਦਾ ਭਾਰ ਵੀ ਘਟਾਇਆ ਹੋਇਆ ਹੈ। ਹਾਲਾਂਕਿ ਭਾਰਤ ਪੈਟਰੋਲ-ਡੀਜ਼ਲ ਦੀ ਆਪਣੀ ਲੋੜ ਦਾ ਥੋੜ੍ਹਾ ਹਿੱਸਾ ਹੀ ਰੂਸ ਤੋਂ ਤੇਲ ਮੰਗਵਾ ਕੇ ਪੂਰਾ ਕਰਦਾ ਹੈ ਪਰ ਪੱਛਮੀ ਮੁਲਕਾਂ ਨੂੰ ਇਹ ਚੁੱਭਦਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਰੂਸ ਵਿਰੁੱਧ ਲਾਈਆਂ ਵਿੱਤੀ ਪਾਬੰਦੀਆਂ ਦਾ ਅਸਰ ਘੱਟ ਕਰਨ ’ਚ ਭਾਰਤ ਵੱਲੋਂ ਮੰਗਵਾਏ ਜਾ ਰਹੇ ਰੂਸੀ ਤੇਲ ਦਾ ਵੀ ਹੱਥ ਹੈ।
ਸਸਤੇ ਤੇਲ, ਹਥਿਆਰਾਂ ਦੀ ਸਪਲਾਈ ਅਤੇ ਲੋੜ ਪੈਣ ’ਤੇ ਰੂਸ ਵੱਲੋਂ ਕੌਮਾਂਤਰੀ ਮੰਚਾਂ ’ਤੇ ਭਾਰਤ ਨਾਲ ਨਿਭਾਈ ਗਈ ਦੋਸਤੀ ਕਾਰਨ ਅੱਜ ਰੂਸ ਤੇ ਯੂਕਰੇਨ ਦੀ ਜੰਗ ਵਿੱਚ ਰੂਸ ਖ਼ਿਲਾਫ਼ ਖੜ੍ਹੇ ਪੱਛਮੀ ਦੇਸ਼ਾਂ ਤੋਂ ਭਾਰਤ ਨੇ ਦੂਰੀ ਬਣਾਈ ਹੋਈ ਹੈ। ਅਜਿਹਾ ਨਹੀਂ ਹੈ ਕਿ ਭਾਰਤ ’ਚ ਰੂਸ ਵਿਰੁੱਧ ਖੜ੍ਹਨ ਜਾਂ ਬੋਲਣ, ਲਈ ਅਮਰੀਕਾ ਤੇ ਨਾਟੋ ਮੁਲਕਾਂ ਵੱਲੋਂ ਦਬਾਅ ਨਹੀਂ ਪਾਇਆ ਜਾ ਰਿਹਾ। ਪਰ ਭਾਰਤ ਨੇ ਹਾਲਾਤ ਮੁਤਾਬਿਕ ਸਹੀ ਸੇਧ ਫੜ੍ਹੀ ਹੋਈ ਹੈ। ਜੀ-7 ਦੀ ਮੀਟਿੰਗ ਹੋਵੇ ਜਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਿਸੇ ਪੱਛਮੀ ਮੁਲਕ ਦੇ ਨੇਤਾ ਨਾਲ ਗੱਲਬਾਤ ਹੋਵੇ, ਭਾਰਤ ਦੇ ਪ੍ਰਧਾਨ ਮੰਤਰੀ ਇਹੋ ਦੁਹਰਾਉਂਦੇ ਹਨ ਕਿ ਯੂਕਰੇਨ-ਰੂਸ ਦੀ ਜੰਗ ਦਾ ਹੱਲ ‘‘ਗੱਲਬਾਤ ਅਤੇ ਕੂਟਨੀਤੀ’’ ਨਾਲ ਹੋਣਾ ਚਾਹੀਦਾ ਹੈ। ਹਾਲਾਂਕਿ ਪੱਛਮੀ ਮੁਲਕਾਂ ਲਈ ਇਹ ਜਵਾਬ ਵੀ ਕੂਟਨੀਤਕ ਹੈ ਪਰ ਦੋ ਮੁਲਕਾਂ ਦਰਮਿਆਨ ਦੇ ਮਸਲੇ ਹੱਲ ਕਰਨ ਲਈ ਵਾਕਿਆ ਹੀ ਇਹੋ ਢੰਗ ਪ੍ਰਭਾਵਕਾਰੀ ਅਤੇ ਸੱਭਿਅਕ ਹੈ। ਭਾਰਤ ਨੂੰ ਪਾਕਿਸਤਾਨ ਨਾਲ ਵੀ ‘‘ਗੱਲਬਾਤ ਅਤੇ ਕੂਟਨੀਤੀ’’ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ