- ਹਸਪਤਾਲ ਦੇ ਪ੍ਰਬੰਧਾਂ ਤੋਂ ਬੇਹੱਦ ਨਾਰਾਜ਼ ਹੋਏ ਵਿਧਾਨ ਸਭਾ ਸਪੀਕਰ
ਪੀ. ਪੀ. ਵਰਮਾ
ਪੰਚਕੂਲਾ/5 ਜੁਲਾਈ : ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਸਰਕਾਰੀ ਜਨਰਲ ਹਸਪਤਾਲ ਸੈਕਟਰ-6 ਦਾ ਅਚਾਨਕ ਦੌਰਾ ਕੀਤਾ ਅਤੇ ਹਸਪਤਾਲ ਦੇ ਅਫ਼ਸਰਾਂ ਨੂੰ ਫਟਕਾਰ ਵੀ ਲਗਾਈ। ਲੋਕਾਂ ਨੇ ਕਿਹਾ ਹਸਪਤਾਲ ਵਿੱਚ ਸਫ਼ਾਈ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ। ਗੁਪਤਾ ਨੇ ਐਮਰਜੈਂਸੀ ਵਾਰਡ ਅਤੇ ਓਪੀਡੀ ਦਾ ਦੌਰਾ ਕੀਤਾ। ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਇਲਾਜ ਦੌਰਾਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ’ਤੇ ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਤੋਂ ਬਾਅਦ ਉਹਨਾਂ ਨੂੰ ਇਸ ਹਸਪਤਾਲ ਸਬੰਧੀ ਕੋਈ ਸ਼ਿਕਾਇਤ ਨਾ ਮਿਲੇ। ਉਹਨਾਂ ਕਿਹਾ ਕਿ ਹਸਪਤਾਲ ਦੇ ਬੱਜਟ ਬਾਰੇ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਪਰੰਤੂ ਹਸਪਤਾਲ ਦੀ ਮਾੜੀ ਹਾਲਤ ਵੇਖ ਕੇ ਉਹ ਬਹੁਤ ਪ੍ਰੇਸ਼ਾਨ ਹਨ। ਸਪੀਕਰ ਗਿਆਨ ਚੰਦ ਗੁਪਤਾ ਨੇ ਹਸਪਤਾਲ ਦੇ ਡੀ-ਅਡੀਕਸ਼ਨ ਸੈਂਟਰ ਦਾ ਦੌਰਾ ਵੀ ਕੀਤਾ। ਇਸ ਮੌਕੇ ਤੇ ਹਸਪਤਾਲ ਦੇ ਪ੍ਰਿੰਸੀਪਲ ਅਤੇ ਮੈਡੀਕਲ ਅਫ਼ਸਰ ਡਾ. ਸੁਵੀਰ ਸਕਸੈਨਾ, ਸਿਵਲ ਸਰਜਨ ਡਾ. ਮੁਕਤਾ ਕੁਮਾਰ ਅਤੇ ਭਾਜਪਾ ਨੇਤਾ ਬੀ.ਬੀ.ਸਿੰਗਲ ਵੀ ਮੌਜੂਦ ਸਨ। ਗੁਪਤਾ ਨੇ ਇਸ ਮੌਕੇ ਤੇ ਦੱਸਿਆ ਕਿ ਕਈ ਵਾਰਡਾਂ ਵਿੱਚ ਮਰੀਜ਼ਾਂ ਨੂੰ ਪਾਣੀ ਦੀ ਸਮੱਸਿਆ ਹੋ ਰਹੀ ਹੈ, ਕਈ ਵਾਰਡਾਂ ਵਿੱਚ ਏਅਰ ਕੰਡੀਸ਼ਨ ਨਹੀਂ ਚੱਲ ਰਹੇ।
ਇਸੇ ਤਰ੍ਹਾਂ ਮਰੀਜ਼ਾਂ ਦੇ ਬੈੱਡਾਂ ਦੀਆਂ ਚਾਦਰਾਂ ਵੀ ਨਹੀਂ ਬਦਲੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਦੇ ਸਕੱਤਰ ਨੂੰ ਭੇਜਾਗਾਂ ਅਤੇ ਸਿਹਤ ਮੰਤਰੀ ਅਨਿਲ ਵਿਜ ਨਾਲ ਵੀ ਗੱਲ ਕਰਾਂਗਾ। ਉਹਨਾਂ ਕਿਹਾ ਡੀ-ਅਡੀਕਸ਼ਨ ਸੈਂਟਰ ਵਿੱਚ ਮਨੋਰੋਗੀ ਅਤੇ ਨਸ਼ਾ ਮੁਕਤੀ ਵਾਲੇ ਮਰੀਜ਼ ਸਭ ਇੱਕੋ ਕਮਰੇ ਵਿੱਚ ਬਾੜੇ ਹੋਏ ਹਨ ਜਿਹੜਾ ਕਿ ਬਹੁਤ ਗਲਤ ਹੈ। ਉਹਨਾਂ ਕਿਹਾ ਕਿ ਹਸਪਤਾਲ ਦੇ ਮਾੜੇ ਪ੍ਰਬੰਧ ਤੋਂ ਮੈਂ ਨਾਖੁਸ਼ ਹਾਂ।