ਬਲਵਿੰਦਰ ਰੈਤ
ਨੂਰਪੁਰ ਬੇਦੀ, 5 ਜੁਲਾਈ : ਦੇਰ ਸ਼ਾਮ ਸਥਾਨਕ ਪੁਲਿਸ ਪਾਰਟੀ ਨੂੰ ਨੂਰਪੁਰ ਬੇਦੀ ਸ਼ਹਿਰ ਦੇ ਮੁੱਖ ਬਜ਼ਾਰ ’ਚ ਸਥਿਤ ਇਕ ਗਾਰਮੈਂਟਸ ਦੀ ਦੁਕਾਨ ’ਚੋਂ 1 ਕਿੱਲੋ ਅਫੀਮ ਬਰਾਮਦ ਕਰਨ ’ਚ ਭਾਰੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਮੌਕੇ ’ਤੇ ਹੀ ਅਫੀਮ ਸਹਿਤ ਗ੍ਰਿਫ਼ਤਾਰ ਕਰ ਲਿਆ। ਦਰਜ ਕੀਤੇ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਨੂਰਪੁਰ ਬੇਦੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਰਾਤ ਏ.ਐੱਸ.ਆਈ. ਯੋਗਨਾਥ ਸੈਣੀ ਸਮੇਤ ਪੁਲਿਸ ਪਾਰਟੀ ਜੇਤੇਵਾਲ ਚੌਕ ਨੂਰਪੁਰ ਬੇਦੀ ਵਿਖੇ ਗਸ਼ਤ ਦੌਰਾਨ ਮੌਜ਼ੂਦ ਸਨ ਤਾਂ ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਸੁਰਜੀਤ ਸਿੰਘ ਉਰਫ ਵਿੱਕੀ ਪੁੱਤਰ ਠਾਕੁਰ ਦਾਸ ਨਿਵਾਸੀ ਪਿੰਡ ਝੱਜ, ਹਾਲ ਨਿਵਾਸੀ ਘੁਮਿਆਰ ਮੁਹੱਲਾ ਨੂਰਪੁਰ ਬੇਦੀ ਜੋ ਨੂਰਪੁਰ ਬੇਦੀ ਦੇ ਬਜ਼ਾਰ ’ਚ ਅਜੀਤ ਗਾਰਮੈਂਟਸ ਦੀ ਦੁਕਾਨ ਕਰਦਾ ਹੈ ਕੋਲ ਕਾਫ਼ੀ ਮਾਤਰਾ ’ਚ ਅਫੀਮ ਹੋਣ ਦੀ ਪੱਕੀ ਇਤਲਾਹ ਹੈ ਅਤੇ ਇਸ ਸਮੇਂ ਵੀ ਦੁਕਾਨ ਖੋਲ ਕੇ ਬੈਠਾ ਹੈ। ਅਗਰ ਦੁਕਾਨ ’ਤੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ’ਚ ਅਫੀਮ ਬਰਾਮਦ ਹੋ ਸਕਦੀ ਹੈ। ਏ.ਐੱਸ.ਆਈ ਯੋਗਨਾਥ ਸੈਣੀ ਨੇ ਜਦੋਂ ਉਕਤ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ’ਚ ਸ਼ਾਮਲ ਸੀਨੀਅਰ ਕਾਂਸਟੇਬਲ ਯਾਦਵਿੰਦਰ ਸਿੰਘ, ਸੀਨੀਅਰ ਕਾਂਸਟੇਬਲ ਕੁਲਦੀਪ ਸਿੰਘ, ਕਾਂਸਟੇਬਲ ਅਮਨਦੀਪ ਸਿੰਘ ਅਤੇ ਕਾਂਸਟੇਬਲ ਰਵਿੰਦਰ ਸਿੰਘ ਨੂੰ ਨਾਲ ਲੈ ਕੇ ਅਜੀਤ ਗਾਰਮੈਂਟਸ ਦੀ ਦੁਕਾਨ ’ਤੇ ਜਾਂਚ ਕੀਤੀ ਤਾਂ 1 ਕਿੱਲੋ ਅਫੀਮ ਬਰਾਮਦ ਹੋਈ। ਥਾਣਾ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਤੇਜ਼ੀ ਨਾਲ ਮੁਹਿੰਮ ਜਾਰੀ ਹੈ ਤੇ ਨਸ਼ੇ ਦੇ ਸੌਦਾਗਰ ਹਰਗਿਜ਼ ਵੀ ਬਖਸ਼ੇ ਨਹੀਂ ਜਾਣਗੇ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੁਕਾਨਦਾਰ ਸੁਰਜੀਤ ਸਿੰਘ ਉਰਫ ਵਿੱਕੀ ਪੁੱਤਰ ਠਾਕੁਰ ਦਾਸ ਨਿਵਾਸੀ ਪਿੰਡ ਝੱਜ, ਹਾਲ ਨਿਵਾਸੀ ਘੁਮਿਆਰ ਮੁਹੱਲਾ ਨੂਰਪੁਰ ਬੇਦੀ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।