ਗੋਪਾਲ ਸ਼ਰਮਾ
ਬਰੇਟਾ, 5 ਜੁਲਾਈ : ਸਥਾਨਕ ਨਗਰ ਕੌਂਸਲ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਜੁਲਾਈ ਤੋਂ ਪਲਾਸਟਿਕ ਦੇ ਕੈਰੀਬੈਗ, ਸਿੰਗਲ ਯੂਜ਼ ਪਲਾਸਟਿਕ ਦੀਆਂ ਆਇਟਮਾਂ ਨੂੰ ਵੇਚਣ ਅਤੇ ਖਰੀਦਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਦੁਕਾਨਦਾਰ ਅਤੇ ਰੇਹੜੀ-ਫੜੀ ਵਾਲੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਕਰਦੇ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਕਮਿਊਨਿਟੀ ਫੈਸੀਲੇਟਰ ਉਰਮਿਲਾ ਦੇਵੀ ਨੇ ਦੱਸਿਆ ਕਿ ਨਗਰ ਕੌਂਸਲ, ਬਰੇਟਾ ਦੀ ਟੀਮ ਵੱਲੋਂ ਮੇਨ ਬਾਜਰ, ਬਹਾਦਰਪੁਰ ਰੋਡ ਤੇ ਛਾਪੇ ਮਾਰੀ ਕੀਤੀ ਗਈ ਅਤੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਦੇ ਚਲਾਨ ਕੀਤੇ ਗਏ ਅਤੇ 40 ਕਿੱਲੋਂ ਪਲਾਸਟਿਕ ਦੇ ਲਿਫਾਫੇ ਜਫ਼ਤ ਕੀਤੇ ਗਏ। ਕਮਿਊਨਿਟੀ ਫੈਸੀਲੇਟਰ ਵੱਲੋਂ ਦੁਕਾਨਦਾਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਆਲਾ-ਦੁਆਲਾ ਸਾਫ ਸੁਥਰਾ ਰੱਖਣ ਦੀ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵੀ ਦੁਕਾਨਦਾਰ ਸਿੰਗਲ ਯੂਜ਼ ਆਇਟਮਾਂ ਅਤੇ ਪਲਾਸਟਿਕ ਕੈਰੀਬੈਗ ਦੀ ਵਰਤੋ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਤੇ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਤੇ ਦਰੌਗਾ ਵਿਕਾਸ ਸੁਕਲਾ, ਨੀਲ ਕਮਲ, ਲਖਵੀਰ ਸਿੰਘ, ਬਲਵਿੰਦਰ ਸਿੰਘ, ਮੋਟੀਵੇਟਰ ਸਰਬਜੀਤ ਕੌਰ,ਮਨੀਸਾ ਹਾਜਰ ਸਨ। ਇਸ ਮੌਕੇ ਚਲਾਨ ਕੱਟਣ ਆਏ ਮੁਲਾਜਮਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਲਿਫਾਫਿਆਂ ਤੇ ਸਰਕਾਰ ਵੱਲੋਂ ਸਖਤੀ ਨਾਲ ਪਾਬੰਦੀ ਲਗਾਈ ਗਈ ਹੈ। ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਬਣੇ ਲਿਫਾਫੇ ਦੀ ਵਰਤੋ ਨਾ ਕਰਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕੁਤਾਹੀ ਵਰਤਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਲਗਭਗ 12 ਚਲਾਨ ਕੱਟੇ ਜਾ ਚੁੱਕੇ ਸਨ ਅਤੇ ਲਿਫਾਫਿਆਂ ਨੂੰ ਜਫ਼ਤ ਕੀਤਾ ਜਾ ਰਿਹਾ ਸੀ। ਦੁਕਾਨਦਾਰਾਂ ਵੱਲੋਂ ਚਲਾਣ ਕੱਟਣ ਆਏ ਅਧਿਕਾਰੀਆਂ ਦਾ ਵਿਰੋਧ ਕੀਤਾ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ। ਛੋਟੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਦੁਕਾਨਦਾਰਾਂ ਨੇ ਕਿਹਾ ਕਿ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲਿਫਾਫਾ ਮਾਰਕਿਟ ਵਿੱਚ ਸਪਲਾਈ ਨਾ ਹੋਵੇ।