ਲੇਖ

ਆਓ ਰੂੜ੍ਹੀਵਾਦੀ ਸੋਚ ਨੂੰ ਛੱਡ ਅੱਗੇ ਵਧੀਏ

July 30, 2022 11:40 AM

ਮਾ. ਪ੍ਰੇਮ ਸਰੂਪ ਛਾਜਲੀ

ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ-ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ’ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ! ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ ਬਿਨਾ ਪਰਵਾਹ ਕੀਤੇ ਮਹਿੰਗੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ, ਪੜ੍ਹ-ਲਿਖ ਕੇ ਨੌਜਵਾਨਾਂ ਨੂੰ ਛੋਟਾ ਕੰਮ ਕਰਨ ਲੱਗਿਆਂ ਸ਼ਰਮ ਮਹਿਸੂਸ ਹੁੰਦੀ ਜਦ ਕਿ ਬਾਹਰਲੇ ਦੇਸ਼ ਜਾ ਕੇ ਇਹੋ ਨੌਜਵਾਨ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।
ਹੁਣ ਲੋਕਾਂ ਦੀ ਫਿਤਰਤ ਹੈ ਕਿ ਛੋਟੇ ਦੇਸ਼ ਵਿੱਚ ਬੱਚਿਆਂ ਨੂੰ ਨਹੀਂ ਭੇਜਣਾ ਭਾਵੇਂ ਏਜੰਟਾਂ ਕੋਲ ਦਸ-ਵੀਹ ਲੱਖ ਰੁਪਈਆ ਫਸ ਜਾਵੇ ਪਰ ਭੇਜਣਾ ਕੈਨੇਡਾ ਈ ਆ ਸਿਹਤ ਭਾਵੇਂ ਜਵਾਬ ਦੇ ਜਾਵੇ ਪਰੰਤੂ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਸਾਈਕਲ ’ਤੇ ਜਾਂਦੇ ਜਾਂ ਤੁਰ ਕੇ ਜਾਣ ’ਚ ਬੜੀ ਸ਼ਰਮ ਆਉਦੀਂ ਹੈ।
ਅੱਜ-ਕੱਲ੍ਹ ਕੁੜੀ ਵਿਆਹੁਣ ਵੇਲੇ ਸਿਰਫ ਅਮੀਰ ਪਰਿਵਾਰ ਹੀ ਵੇਖਿਆ ਜਾਂਦਾ, ਚੰਗਾ ਘਰਾਣਾ ਨਹੀਂ ਵਿਆਹ ਕਰਨ ਲੱਗਿਆਂ ਲੋਕ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕ ਕੇ ਖਰਚ ਕਰਦੇ ਹਨ ਸਿਰਫ ਲੋਕ ਵਿਖਾਵੇ ਲਈ ਫਿਰ ਭਾਵੇਂ ਸਾਰੀ ਉਮਰ ਕਰਜ਼ੇ ’ਚ ਡੁੱਬੇ ਰਹਿਣ ਤੇ ਅਖੀਰ ਗੱਲ ਖੁਕਕੁਸ਼ੀ ’ਤੇ ਆਣ ਮੁੱਕਦੀ ਆਮ ਕਰਕੇ ਵੇਖਣ ਨੂੰ ਮਿਲਦਾ ਹੈ ਕਿ ਅਜੇ ਵੀ ਲੋਕਾਂ ਦੀ ਸੌੜੀ ਸੋਚ ਤੋਂ ਡਰਦਿਆਂ ਪਿੰਡਾਂ ਵਿੱਚ ਬੱਚਿਆਂ ਦੇ ਵਿਆਹ ਜ਼ਲਦੀ ਕਰ ਦਿੱਤੇ ਜਾਂਦੇ ਹਨ ਰਿਸ਼ਤੇਦਾਰ ਵੀ ਇਹੋ ਕਹਿਣਾ ਸ਼ੁਰੂ ਕਰ ਦਿੰਦੇ ਕਿ ਬੱਚੇ ਵਿਆਹੁਣ ਦੀ ਕਰੋ ਅੱਜ-ਕੱਲ੍ਹ ਜ਼ਮਾਨਾ ਨਹੀਂ ਚੰਗਾ ਜਿਆਦਾ ਪੜ੍ਹਾ-ਲਿਖਾ ਕੇ ਕੀ ਕਰਨਾ, ਕਰਨਾ ਤਾਂ ਘਰ ਦਾ ਕੰਮ ਈ ਆਂ?
ਗਰੀਬ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ, ਸ਼ਾਨ ’ਚ ਫਰਕ ਪੈਂਦਾ ਅਮੀਰ ਲੋਕ ਗਰੀਬ ਨੂੰ ਮਿਲਣ ’ਚ ਸ਼ਰਮ ਮਹਿਸੂਸ ਕਰਦੇ ਹਨ ਆਮ ਕਰਕੇ ਸਰਕਾਰੀ ਮਹਿਕਮਿਆਂ ’ਚ ਵੇਖਣ ਵਿੱਚ ਆਉਂਦਾ ਹੈ ਕਿ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ ਇੱਥੋਂ ਤੱਕ ਕਿ ਹੱਥ ਮਿਲਾਉਣਾ ਵੀ ਜਰੂਰੀ ਨਹੀਂ ਸਮਝਦੇ ਜਿਵੇਂ ਉਹਨਾਂ ਨੇ ਕੋਈ ਗੁਨਾਹ ਕੀਤਾ ਹੋਵੇ ਆਪਣਾ ਰੁਤਬਾ ਉੱਚਾ ਸਮਝਦੇ ਨੇ ਤਾਂ ਹੀ ਤਾਂ ਧੜੇਬਾਜ਼ੀਆਂ ਬਣਦੀਆਂ ਹਨ ਨਤੀਜੇ ਵਜੋਂ ਆਪਸੀ ਦੁਸਮਣੀ ਪੈਦਾ ਹੁੰਦੀ ਹੈ।
ਸਮਾਜ ਵਿੱਚ ਬਹੁਤੇ ਚੌਧਰ ਪ੍ਰਧਾਨ ਲੋਕ ਇਨਸਾਨ ਨੂੰ ਇਨਸਾਨੀਅਤ ਪੱਖੋਂ ਨਹੀਂ ਸਗੋਂ ਪੈਸੇ ਪੱਖੋਂ ਦੇਖਦੇ ਹਨ ਦੂਜਿਆਂ ਤੋਂ ਚੰਗੇ ਕੱਪੜੇ ਪਾਉਣੇ, ਉਧਾਰ ਚੁੱਕ ਕੇ ਬੁਲਟ ਤੇ ਵੱਡੀ ਗੱਡੀ ਲੈਣਾ ਸ਼ਾਨ ਸਮਝਿਆ ਜਾਂਦਾ। ਲੋਕ ਫੋਕੀ ਟੌਹਰ ਅਤੇ ਵਾਹ-ਵਾਹ ਖੱਟਣ ਖਾਤਰ ਆਪਣਾ ਝੁੱਗਾ ਚੌੜ ਕਰਾ ਲੈਂਦੇ ਹਨ। ਲੋਕਾਂ ਦਾ ਕੀ ਲੋਕ ਤਾਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ ਜੇ ਕੋਈ ਵਿਦੇਸ਼ ਕੰਮ ਕਰਨ ਚਲਾ ਜਾਵੇ ਤਾਂ ਪੁੱਛਣਗੇ ਕਿ ਕਦੋਂ ਆ ਰਿਹਾ ਵਾਪਸ ਅਤੇ ਜੇ ਆ ਜਾਵੇ ਤਾਂ ਉਸ ਦਿਨ ਤੋਂ ਹੀ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਦੋਂ ਵਾਪਸੀ ਫਿਰ? ਇੱਥੇ ਰਹਿ ਕੇ ਕਿਹੜਾ ਗੁਜ਼ਾਰਾ ਉੱਥੇ ਤਾਂ ਪੈਸੇ ਚਾਰ ਬਣਦੇ ਨੇ ਜੇ ਕੋਈ ਘਰ ਰਹੇ ਤਾਂ ਵੀ ਲੋਕ ਕਹਿਣਗੇ ਕੋਈ ਕੰਮ-ਧੰਦਾ ਈ ਕਰ ਲਿਆ ਕਰ ਸਾਰਾ ਦਿਨ ਵਿਹਲਾ ਰੋਟੀਆਂ ਈ ਪਾੜੀ ਜਾਨਾਂ ਤੇ ਜੇ ਕੋਈ ਕੰਮ ਕਰਦਾ ਉਸਨੂੰ ਕਹਿੰਦੇ ਕਿ ਕਦੇ ਬਹਿ ਵੀ ਜਾਇਆ ਕਰ ਐਨੇ ਪੈਸੇ ਕਮਾ ਕੇ ਕੀ ਕਰਨਾ ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋ ਪਾਸੇ ਨਹੀਂ, ਚਾਰ ਪਾਸੇ ਦੰਦੇ।
ਲੋਕਾਂ ਵੱਲ ਵੇਖ ਕੇ ਤਰੱਕੀਆਂ ਨਹੀਂ ਹੁੰਦੀਆਂ ਕਦੇ ਸੋਚੋ ਕਿ ਜੋ ਵੱਡੇ-ਵੱਡੇ ਬਿਜ਼ਨਸਮੈਨ ਬਣੇ। ਕੀ ਉਹ ਇੱਕ ਦਿਨ ’ਚ ਹੀ ਆਪਣੀ ਮੰਜ਼ਿਲ ’ਤੇ ਪਹੁੰਚ ਗਏ ਸਨ? ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਤੇ ਤਾਹਨਿਆਂ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ ।
ਜ਼ਿੰਦਗੀ ਇੱਕ ਸ਼ੰਘਰਸ਼ ਹੈ ਜੇ ਅਸੀਂ ਜਾਨਵਰਾਂ ਦੀ ਤਰ੍ਹਾਂ ਰੋਟੀ ਖਾ ਕੇ ਹੀ ਸਾਰੀ ਉਮਰ ਬੋਝ ਬਣ ਕੇ ਮਰ ਗਏ ਤਾਂ ਮਨੁੱਖ ਹੋਣ ਦਾ ਕੀ ਫਾਈਦਾ? ਗਰੀਬ ਹੋਣਾ ਕੋਈ ਪਾਪ ਨਹੀਂ ਇਨਸਾਨ ਜਨਮ ਤੋਂ ਗਰੀਬ ਜਾਂ ਅਮੀਰ ਪੈਦਾ ਹੋ ਸਕਦਾ ਹੈ ਪਰ ਸਾਰੀ ਉਮਰ ਉਸ ਗਰੀਬੀ ਵਿੱਚ ਹੀ ਕੱਟ ਕੇ ਬਿਨਾਂ ਮਿਹਨਤ ਅਤੇ ਸ਼ੰਘਰਸ਼ ਕੀਤੇ ਮਰ ਜਾਣਾ ਬੁਰੀ ਗੱਲ ਹੈ।
ਆਓ! ਸਮਾਜ ਵਿੱਚ ਪੁਰਾਣੀ ਰੂੜੀਵਾਦੀ ਸੋਚ ਛੱਡ ਕੇ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹੋਏ ਨਵੀਂਆਂ ਪੈੜਾਂ ਪਾਈਏ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਸਕਣ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ