ਦੁਨੀਆ

ਕੈਨੇਡਾ ਪੁਲਿਸ ਵੱਲੋਂ ਜਾਰੀ 11 ਗੈਂਗਸਟਰਾਂ ਦੀ ਸੂਚੀ ’ਚ 9 ਪੰਜਾਬੀ

August 05, 2022 11:16 AM

ਏਜੰਸੀਆਂ
ਟੋਰਾਂਟੋ/4 ਅਗਸਤ : ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਗੈਂਗਵਾਰ ਨਾਲ ਸਬੰਧਤ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬ ਮੂਲ ਦੇ ਹਨ।
ਇਨ੍ਹਾਂ 9 ਪੰਜਾਬੀਆਂ ਦੇ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧ ਜੁੜੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਸੀਐਫ਼ਐਸਈਯੂ-ਬੀਸੀ ਦੇ ਬੁਲਾਰੇ ਸਾਰਜੈਂਟ ਬ੍ਰੈਂਡਾ ਵਿਨਪੇਨੀ ਨੇ ਟਵੀਟ ਕੀਤਾ, “ਇਹ ਵਿਅਕਤੀ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਖ਼ਤਰਾ ਹਨ। ਕ੍ਰਿਪਾ ਕਰਕੇ ਆਪਣੀ ਨਿੱਜੀ ਸੁਰੱਖਿਆ ਲਈ ਸਾਵਧਾਨੀ ਵਰਤਣ ਵਿੱਚ ਸੁਚੇਤ ਰਹੋ। ਇਸ ਵਿੱਚ ਸ਼ਾਮਲ ਲੋਕਾਂ ਤੋਂ ਬਚਾਅ ਲਈ ਅਸੀਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।” ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਯੂਨਿਟ ਨੇ ਕਥਿਤ ਗੈਂਗਸਟਰਾਂ ਦੀ ਸੂਚੀ ਵਿੱਚ ਜਨਤਕ ਚਿਤਾਵਨੀ ਜਾਰੀ ਕੀਤੀ ਹੈ। 2021 ਵਿੱਚ ਸੂਚੀਬੱਧ ਕੀਤੇ ਗਏ ਲੋਕਾਂ ਵਿੱਚ ਮਨਿੰਦਰ ਧਾਲੀਵਾਲ ਵੀ ਸੀ, ਪਰ ਉਹ ਤਾਜ਼ਾ ਸੂਚੀ ਵਿੱਚ ਸ਼ਾਮਲ ਨਹੀਂ ਹੈ, ਕਿਉਂਕਿ 24 ਜੁਲਾਈ ਨੂੰ ਸਤਿੰਦਰ ਗਿੱਲ ਦੇ ਨਾਲ ਵਿਸਲਰ ਕਸਬੇ ਵਿੱਚ ਉਸਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 24 ਸਾਲਾ ਗੁਰਸਿਮਰਨ ਸਹੋਤਾ ਅਤੇ 20 ਸਾਲਾ ਤਨਵੀਰ ਖੱਖ, ਦੋਵੇਂ ਸਰੀ ਸ਼ਹਿਰ ਦੇ ਰਹਿਣ ਵਾਲੇ ਸਨ।
ਇਸ ਅਲਰਟ ’ਚ ਕਿਹਾ ਗਿਆ ਹੈ ਕਿ ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਨਾਲ ਜਾਂ ਉਨ੍ਹਾਂ ਦੇ ਨੇੜੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜ਼ੋਖਮ ਵਿੱਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਕੋਈ ਵੀ ਵਿਅਕਤੀ ਸਬੰਧ ਨਾ ਰੱਖੇ। ਨਾ ਹੀ ਇਨ੍ਹਾਂ ਨੂੰ ਘਰ ਵਿਚ ਪਨਾਹ ਦੇਵੇ ਤੇ ਨਾ ਹੀ ਕੰਮ ’ਤੇ ਰੱਖੇ।
ਪੁਲਿਸ ਅਧਿਕਾਰੀ ਮੈਨੀ ਮਾਨ ਨੇ ਕਿਹਾ ਕਿ ਸੂਚੀਬੱਧ ਗੈਂਗਸਟਰਾਂ ਤੋਂ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਾਂ ਨੂੰ ਵੀ ਖਤਰਾ ਹੈ। ਗੈਂਗਸਟਰਾਂ ਵਿੱਚ ਸਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ. (40), ਗੁਰਪ੍ਰੀਤ ਧਾਲੀਵਾਲ (35) ਰਿਚਰਡ ਜੋਸੇਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ ਗਿੱਲ (28) ਤੇ ਸੁਖਦੀਪ ਪੰਸਲ ਸ਼ਾਮਲ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ