ਦੁਨੀਆ

ਚੀਨ ਦੀਆਂ ਜੰਗੀ ਮਸ਼ਕਾਂ ਕਾਰਨ ਤਾਇਵਾਨ ਵੱਲੋਂ ਹਵਾਈ ਉਡਾਣਾਂ ਰੱਦ

August 05, 2022 11:19 AM

- ਤਾਇਵਾਨ ਦੇ ਜਲ ਖੇਤਰ ’ਚ ਦਾਗੀਆਂ ਮਿਸਾਈਲਾਂ

ਏਜੰਸੀਆਂ
ਪੇਈਚਿੰਗ/4 ਅਗਸਤ : ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੇ ਜਵਾਬ ਵਿੱਚ ਚੀਨੀ ਜਲ ਸੈਨਾ ਵੱਲੋਂ ਮਿਸਾਈਲਾਂ ਦਾਗਣ ਤੋਂ ਬਾਅਦ ਤਾਇਵਾਨ ਨੇ ਵੀਰਵਾਰ ਨੂੰ ਕਈ ਉਡਾਣਾਂ ਰੱਦ ਕਰ ਦਿੱਤੀਆਂ। ਦੱਸਣਾ ਬਣਦਾ ਹੈ ਕਿ ਚੀਨ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਚੀਨ ਨੇ ਵੀ ਸਮੁੰਦਰੀ ਤੇ ਹਵਾਈ ਜਹਾਜ਼ਾਂ ਨੂੰ ਫੌਜੀ ਅਭਿਆਸ ਦੌਰਾਨ ਆਪਣੀਆਂ ਸੇਵਾਵਾਂ ਠੱਪ ਰੱਖਣ ਦਾ ਆਦੇਸ਼ ਦਿੱਤਾ ਹੈ। ਮੀਡੀਆ ਨੇ ਇਸ ਨੂੰ ਤਾਈਵਾਨ ਦੀ ਪ੍ਰਭਾਵਸ਼ਾਲੀ ਨਾਕਾਬੰਦੀ ਕਰਾਰ ਦਿੱਤਾ ਹੈ।
ਉਧਰ ਚੀਨ ਨੇ ਤਾਇਵਾਨ ਨੂੰ ਘੇਰ ਕੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਚੀਨੀ ਜੰਗੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨੇ ਵੀਰਵਾਰ ਤੜਕੇ ਤਾਇਵਾਨ ਦੇ ਵੱਖ-ਵੱਖ ਜਲ ਖੇਤਰਾਂ ਵਿੱਚ ਘੱਟੋ-ਘੱਟ 11 ਡੋਂਗਫੇਂਗ ਬੈਲਿਸਟਿਕ ਮਿਸਾਈਲਾਂ ਦਾਗੀਆਂ ਤੇ ਗੋਲੀਬਾਰੀ ਕੀਤੀ। ਤਾਇਵਾਨ ਨੇ ਕਿਹਾ ਹੈ ਕਿ ਉਹ ਚੀਨ ਦੇ ਫੌਜੀ ਅਭਿਆਸਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਹ ਲੜਾਈ ਲਈ ਤਿਆਰ ਹੈ, ਪਰ ਫਿਲਹਾਲ ਇਸ ਤੋਂ ਬਚ ਰਿਹਾ ਹੈ। ਇਸ ਨੇ ਚੀਨ ਦੇ ਫੌਜੀ ਅਭਿਆਸ ਨੂੰ ਗੈਰ-ਕਾਨੂੰਨੀ, ਗੈਰ-ਜ਼ਿੰਮੇਵਾਰਾਨਾ ਅਤੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੇ ਖ਼ਿਲਾਫ਼ ਕਿਹਾ ਹੈ। ਇਹ ਜਾਣਕਾਰੀ ਮੀਡੀਆ ਨੇ ਦਿੱਤੀ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਦੀ ਸਪੀਕਰ ਅਤੇ ਡੈਮੋਕਰੇਟਿਕ ਸੰਸਦ ਮੈਂਬਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਚੀਨ ਨਾਰਾਜ਼ ਹੈ। ਪੇਲੋਸੀ ਪਿਛਲੇ ਕਰੀਬ ਢਾਈ ਦਹਾਕਿਆਂ ’ਚ ਤਾਇਵਾਨ ਦਾ ਦੌਰਾ ਕਰਨ ਵਾਲੀ ਅਮਰੀਕਾ ਦੀ ਸਭ ਤੋਂ ਵੱਡੀ ਨੇਤਾ ਰਹੀ ਹੈ। ਚੀਨ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਦੂਜੇ ਦੇਸ਼ਾਂ ਦੇ ਨੇਤਾਵਾਂ ਦੇ ਦੌਰੇ ਦਾ ਵਿਰੋਧ ਕਰਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ