ਸੰਪਾਦਕੀ

ਪਹਿਲਾਂ ਵਾਲੀ ਨਹੀਂ ਰਹੇਗੀ ਤਾਇਵਾਨ ਦੀ ਯਥਾਸਥਿਤੀ

August 05, 2022 11:26 AM

ਅਮਰੀਕਾ ਦੇ ਹੇਠਲੇ ਸਦਨ ਦੀ ਸਪੀਕਰ, ਨੈਂਨਸੀ ਪੈਲੋਸੀ, ਤਾਇਵਾਨ ਦੀ ਆਪਣੀ ਫੇਰੀ ਪੂਰੀ ਕਰ ਕੇ ਨਿਕਲ ਗਈ ਹੈ ਅਤੇ ਪਿੱਛੇ ਤਾਇਵਾਨ ਤੇ ਹਾਲੇ ਤੱਕ ਦੇ ਤਾਇਵਾਨ ਬਾਰੇ ਅਮਰੀਕਾ ਤੇ ਚੀਨ ਦੇ ਪ੍ਰਬੰਧਾਂ ਤੇ ਪੈਂਤੜਿਆਂ ਦੀਆਂ ਚੂਲਾਂ ਹਿਲਾ ਗਈ ਹੈ। ਪਿਛਲੇ ਦਸ ਦਿਨ ਤੋਂ ਪੈਲੋਸੀ ਦੀ ਫੇਰੀ ਕਾਰਨ ਦੁਨੀਆ ਭਰ ਦੀਆਂ ਅੱਖਾਂ ਤਾਇਵਾਨ ’ਤੇ ਲੱਗੀਆਂ ਰਹੀਆਂ ਹਨ। ਦੇਰ ਤੋਂ ਜਿਨ੍ਹਾਂ ਦੋ ਖ਼ੇਤਰਾਂ ਨੂੰ ਵੱਡੀਆਂ ਸ਼ਕਤੀਆਂ ਦਰਮਿਆਨ ਜੰਗ ਭੜਕਾਉਣ ਵਾਲੇ ਕਿਆਸਿਆ ਜਾਂਦਾ ਰਿਹਾ ਹੈ, ਉਨ੍ਹਾਂ ਵਿੱਚ ਇਕ ਤਾਇਵਾਨ ਹੈ ਜਿਸਨੂੰ ਚੀਨ ਹੀ ਨਹੀਂ ਅਮਰੀਕਾ ਵੀ ਚੀਨ ਦਾ ਹੀ ਹਿੱਸਾ ਮੰਨਦਾ ਰਿਹਾ ਹੈ। ਦੂਸਰਾ ਖ਼ੇਤਰ ਰੂਸ ਯੂਕਰੇਨ ਦਰਮਿਆਨ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਇਨ੍ਹਾਂ ਦੋਨਾਂ ਖ਼ੇਤਰਾਂ ਵਿੱਚ ਅਮਰੀਕਾ ਦੀਆਂ ਭੜਕਾਊ ਕਾਰਵਾਈਆਂ ਨੇ ਹਾਲਾਤ ਬਦਲੇ ਹਨ: ਇਕ ਪਾਸੇ ਯੂਕਰੇਨ ਨੂੰ ਨਾਟੋ ਦੀ ਮੈਂਬਰੀ ਮੰਗਣ ਲਈ ਉਕਸਾ ਕੇ ਉਸ ਨੂੰ ਰੂਸ ਨਾਲ ਜੰਗ ਵਿੱਚ ਉਲਝਾਇਆ ਗਿਆ ਹੈ ਅਤੇ ਆਪ ਜੰਗ ਤੋਂ ਦੂਰ ਬੈਠਾ ਹੈ ਜਦੋਂ ਕਿ ਦੂਸਰੇ ਪਾਸੇ ਤਾਇਵਾਨ ਲਈ ਜੰਗ ਦੀਆਂ ਸੰਭਾਵਨਾਵਾਂ ਤਿਆਰ ਕਰ ਦਿੱਤੀਆਂ ਹਨ ਜਿਸ ਦਾ ਅਰਥ ਹੈ ਕਿ ਚੀਨ ਹੁਣ ਵਪਾਰਕ ਅਤੇ ਫੌਜੀ ਗਤੀਵਿਧੀਆਂ ਨਾਲ ਤਾਇਵਾਨ ਦੀ ਸੰਘੀ ਘੁੱਟੇਗਾ ਅਤੇ ਲੱਖ ਦਾਅਵਿਆਂ ਦੇ ਬਾਵਜੂਦ ਅਮਰੀਕਾ ਵਿਚ ਨਹੀਂ ਆਵੇਗਾ। ਇਸੇ ਕਰਕੇ ਤਾਇਵਾਨ ਦੇ ਬਹੁਤ ਸਾਰੇ ਲੋਕ ਨਹੀਂ ਚਾਹੁੰਦੇ ਸਨ ਕਿ ਸਪੀਕਰ ਪੈਲੋਸੀ ਤਾਇਵਾਨ ਦਾ ਦੌਰਾ ਕਰੇ।
ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਅਮਰੀਕਾ ਅਤੇ ਚੀਨ ਦਰਮਿਆਨ ਸੰਬੰਧ ਆਮ ਜਿਹੇ ਬਣਾਉਣ ਦੀ ਪ੍ਰਕਿਰਿਆ ਦੌਰਾਨ ਅਮਰੀਕਾ ਨੇ ਤਾਇਵਾਨ ਨੂੰ ਛੱਡ ਕੇ ਚੀਨ ਨੂੰ ਕੂਟਨੀਤਿਕ ਮਾਨਤਾ ਪ੍ਰਦਾਨ ਕੀਤੀ ਸੀ ਅਤੇ ਚੀਨ ਦੇ ਇਸ ਦਾਅਵੇ ਨੂੰ ਕਿ ਤਾਇਵਾਨ ਚੀਨ ਦਾ ਅਨਿੱਖੜਵਾਂ ਹਿੱਸਾ ਹੈ, ਪ੍ਰਵਾਨ ਕਰਦਿਆਂ ਤਾਇਵਾਨ ਨਾਲ ਆਪਣੇ ਸੰਬੰਧ ਸੀਮਤ ਰੱਖਣ ਦਾ ਐਲਾਨ ਕੀਤਾ ਸੀ। ਇਸ ਬਾਅਦ ਹੀ ਚੀਨ ਅਤੇ ਅਮਰੀਕਾ ਦਰਮਿਆਨ ਦੇ ਆਪਸੀ ਸੰਬੰਧਾਂ ’ਚ ਮਹੱਤਵਪੂਰਣ ਢੰਗ ਨਾਲ ਸੁਧਾਰ ਹੋਇਆ ਅਤੇ ਦੋਨਾਂ ਦਰਮਿਆਨ ਵਪਾਰਕ ਭਾਈਵਾਲੀਆਂ ਵੀ ਵਿਕਸਤ ਹੋਈਆਂ ਸਨ। ਪਰ ਪਿਛਲੇ ਕੁੱਛ ਸਾਲਾਂ ਤੋਂ ਇਨ੍ਹਾਂ ਦੋਨਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਹੁੰਦੇ ਗਏ ਹਨ। ਜਿੱਥੇ ਚੀਨ ਦਾ ਦੋਸ਼ ਹੈ ਕਿ ਅਮਰੀਕਾ ਤਾਇਵਾਨ ਪ੍ਰਤੀ ਆਪਣੇ ਪਹਿਲਾਂ ਦੇ ਪੈਂਤੜੇ ਤੋਂ ਪਿਛਾਂਹ ਹਟ ਰਿਹਾ ਹੈ, ਉਥੇ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਦੇ ਵਰਤਮਾਨ ਰਾਸ਼ਟਰਪਤੀ ਦੀਆਂ ਨੀਤੀਆਂ ਤਾਇਵਾਨ ਦੀ ਯਥਾਸਥਿਤੀ ਨੂੰ ਬਦਲ ਰਹੀਆਂ ਹਨ।
ਹੁਣ ਪੈਲੋਸੀ ਦੀ ਤਾਇਵਾਨ ਫੇਰੀ ਨੇ ਸਥਿਤੀ ਬਹੁਤ ਨਾਜ਼ੁਕ ਬਣਾ ਦਿੱਤੀ ਹੈ। ਚੀਨ ਨੇ ਫੌਜੀ ਮਸ਼ਕਾਂ ਰਾਹੀਂ ਤਾਇਵਾਨ ਨੂੰ ਸਮੇਤ ਇਸ ਦੇ ਆਕਾਸ਼ ਦੇ , ਸਭ ਪਾਸੋਂ ਤੋਂ ਘੇਰ ਲਿਆ ਹੈ। ਇਕ ਸਵਾਲ ਦੇ ਜਵਾਬ ’ਚ ਚੀਨ ਦੇ ਬੁਲਾਰੇ ਨੇ ਕਿਹਾ ਹੈ ‘‘ਅਸੀਂ ਉਹ ਸਭ ਕਰਾਂਗੇ ਜੋ ਅਸੀਂ ਕਿਹਾ ਸੀ। ਤੁਸੀਂ ਮੇਹਰਬਾਨੀ ਕਰਕੇ ਸਬਰ ਰੱਖੋ।’’ ਜਾਣਕਾਰਾਂ ਦਾ ਕਹਿਣਾ ਹੈ ਕਿ ਯੂਕਰੇਨ ਦੀ ਜੰਗ ਤੋਂ ਉਲਟ ਅਮਰੀਕਾ ਤਨਾਓ ਵਧਣ ਤੇ ਤਾਇਵਾਨ ਲਈ ਹਾਲਤ ਵਿਗੜਣ ਬਾਅਦ ਇਸ ਖ਼ੇਤਰ ’ਚ ਆਪਣੀਆਂ ਹਥਿਆਰਬੰਦ ਫੌਜਾਂ ਭੇਜ ਸਕਦਾ ਹੈ। ਕੁਆਡ ਸਮਝੌਤੇ ਅਨੁਸਾਰ ਜਾਪਾਨ ਤੇ ਆਸਟਰੇਲੀਆ ਨੂੰ ਵੀ ਮੈਦਾਨ ’ਚ ਆਉਣਾ ਪਵੇਗਾ। ਨਿਰਸੰਦੇਹ ਤਾਇਵਾਨ ਨਾਲ ਸੰਬੰਧਿਤ ਟਕਰਾਓ ਡਰਾਉਣੇ ਢੰਗ ਨਾਲ ਵਧ ਰਿਹਾ ਹੈ। ਇਸ ਹਾਲਤ ’ਚ ਭਾਰਤ ਨੂੰ ਇਸ ਟਕਰਾਓ ਨੂੰ ਦੂਰ ਦਾ ਟਕਰਾਓ ਨਹੀਂ ਸਮਝਣਾ ਚਾਹੀਦਾ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ