ਲੇਖ

ਪੜ੍ਹਾਈ ਬੇਹਤਰ ਇਨਸਾਨ ਬਣਾਉਣ ’ਚ ਸਹਾਈ

August 05, 2022 11:27 AM

ਸੰਦੀਪ ਕੰਬੋਜ

ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਬੱਚੇ ਨੂੰ ਪੜ੍ਹਾਈ ਸਿਰਫ਼ ਇਸ ਲਈ ਨਾਂ ਕਰਵਾਈਏ ਕਿ ਉਹ ਵੱਡਾ ਹੋ ਕੇ ਨੌਕਰੀ ਲੱਗੇਗਾ ਬਲਕਿ ਪੜ੍ਹਾਈ ਇਸ ਲਈ ਵੀ ਜ਼ਰੂਰੀ ਹੈ ਕਿ ਸਾਡਾ ਬੱਚਾ ਚੰਗੀ ਪੜ੍ਹਾਈ ਕਰਕੇ ਇੱਕ ਅੱਛਾ ਇਨਸਾਨ ਬਣ ਕੇ ਦੁਨੀਆਂ ਵਿੱਚ ਵਿਚਰ ਸਕੇ। ਹੋ ਸਕਦਾ ਅੱਜ ਦੇ ਸਮਾਜ ਵਿੱਚ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਨਾ ਹੋਵੇ ਪਰ ਚੰਗੇ ਇਨਸਾਨ ਬਨਣ ਦੀ ਜ਼ਰੂਰਤ ਤਾਂ ਹਰੇਕ ਨੂੰ ਹੀ ਹੈ। ਸਾਡੇ ਬੱਚੇ ਸਕੂਲਾਂ ਵਿੱਚ ਪੜ੍ਹਾਈ ਕਰਕੇ ਹੀ ਸਿੱਖਣਗੇ ਕਿ ਅਸੀਂ ਅੱਜ ਦੇ ਸਮਾਜ ਵਿੱਚ ਦੁਨੀਆਂ ਨਾਲ ਕਿਵੇਂ ਵਿਚਰਨਾ ਹੈ, ਕਿਵੇਂ ਗੱਲਬਾਤ ਕਰਨੀ ਹੈ, ਵੱਡਿਆਂ ਛੋਟਿਆਂ ਦਾ ਆਦਰ ਕਿਵੇਂ ਕਰਨਾ ਹੈ। ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਦੁਨੀਆਦਾਰੀ ਦਾ ਗਿਆਨ ਵੀ ਕਰਵਾਉਣਾ ਚਾਹੀਦਾ ਹੈ। ਬੱਚਿਆਂ ਨੂੰ ਅੱਜ ਦੇ ਸਮੇਂ ਵਿੱਚ ਹਰ ਚੀਜ਼ ਦੀ ਪ੍ਰੈਕਟੀਕਲ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਅੱਜ ਤੱਕ ਸਾਨੂੰ ਸਿਰਫ਼ ਇਹ ਹੀ ਕਿਹਾ ਜਾਂਦਾ ਰਿਹਾ ਹੈ ਕਿ ਤੁਸੀਂ ਇਸ ਲਈ ਪੜ੍ਹੋ ਤਾਂ ਜੋਂ ਤੁਹਾਨੂੰ ਬਹੁਤ ਵਧੀਆ ਨੌਕਰੀ ਮਿਲ ਸਕੇ ਪਰ ਦੂਸਰੇ ਪਾਸੇ ਅੱਜ ਕੱਲ ਪੜ੍ਹਾਈ ਦੀ ਜ਼ਰੂਰਤ ਹਰ ਕੰਮ ਲਈ ਹੀ ਪੈਂਦੀ ਹੈ। ਜੇਕਰ ਸਾਡੇ ਬੱਚੇ ਨੇ ਆਪਣਾ ਕੋਈ ਕਾਰੋਬਾਰ ਕਰਨਾ ਹੈ , ਕੋਈ ਵਪਾਰ ਕਰਨਾ ਹੈ ਜਾਂ ਫਿਰ ਬਾਹਰਲੇ ਦੇਸ਼ ਵੀ ਜਾਣਾਂ ਹੈ ਤਾਂ ਉਸ ਲਈ ਵੀ ਪੜ੍ਹਾਈ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਪੜ੍ਹੇ ਲਿਖੇ ਹੋਵਾਂਗੇ ਤਾਂ ਹੀ ਅੱਜ ਦੇ ਮਾਡਰਨ ਯੁੱਗ ਵਿੱਚ ਡਿਜ਼ੀਟਲ ਤਰੀਕੇ ਨਾਲ ਕਾਰੋਬਾਰ ਕਰ ਸਕਾਂਗੇ । ਪਹਿਲੇ ਜ਼ਮਾਨੇ ਵਿੱਚ ਇਹ ਹੁੰਦਾ ਸੀ ਜਿੰਨਾ ਨੇ ਖੇਤੀਬਾੜੀ ਕਰਨੀ ਹੁੰਦੀ ਸੀ ਉਹਨਾਂ ਦੇ ਘਰਵਾਲੇ ਆਪਣੇ ਬੱਚੇ ਨੂੰ ਜ਼ਿਆਦਾ ਪੜ੍ਹਾਈ ਨਹੀਂ ਕਰਵਾਉਂਦੇ ਸੀ ਜਾਂ ਫਿਰ ਬਿਲਕੁੱਲ ਵੀ ਪੜ੍ਹਾਈ ਨਹੀਂ ਕਰਵਾਉਂਦੇ ਸਨ ਉਹ ਸੋਚਦੇ ਸਨ ਕਿ ਸਾਡੇ ਬੱਚੇ ਨੇ ਕਰਨੀ ਤਾਂ ਖੇਤੀਬਾੜੀ ਹੀ ਹੈ ਇਸ ਲਈ ਪੜ੍ਹਾਈ ਦੀ ਕਿ ਜ਼ਰੂਰਤ ਹੈ। ਪਰ ਅੱਜਕਲ੍ਹ ਖੇਤੀਬਾੜੀ ਕਰਨ ਲਈ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੋ ਗਈ ਹੈ ਕਿਉਂਕਿ ਖੇਤੀ ਮਾਡਰਨ ਹੋਣ ਲੱਗੀ ਹੈ । ਜੇਕਰ ਅਸੀਂ ਪੜ੍ਹੇ ਲਿਖੇ ਹੋਵਾਂਗੇ ਤਾਂ ਨਵੇਂ ਨਵੇਂ ਤਰੀਕਿਆਂ ਨਾਲ ਖੇਤੀਬਾੜੀ ਕਰਕੇ ਫਸਲੀ ਚੱਕਰ ਵਿਚੋਂ ਨਿਕਲ ਪਾਵਾਂਗੇ। ਜਿਹੜੀਆਂ ਦਵਾਈਆਂ ਸਪਰੇਆਂ ਫਸਲ ਨੂੰ ਹੁੰਦੀਆਂ ਹਨ ਉਹਨਾਂ ਦੇ ਨਾਮ ਵੀ ਅੰਗਰੇਜ਼ੀ ਵਿੱਚ ਹੀ ਹੁੰਦੇ ਹਨ ਜੇਕਰ ਅਸੀਂ ਪੜ੍ਹੇ ਲਿਖੇ ਹੋਵਾਂਗੇ ਤਾਂ ਹੀ ਪੜ੍ਹ ਪਾਵਾਂਗੇ। ਆੜ੍ਹਤੀਏ ਨਾਲ ਪੈਸੇ ਦੇ ਲੈਣ-ਦੇਣ ਦਾ ਹਿਸਾਬ ਕਿਤਾਬ ਵੀ ਅਸੀਂ ਤਦ ਹੀ ਕਰ ਪਾਵਾਂਗੇ ਜਦੋਂ ਸਾਨੂੰ ਪੂਰੀ ਜਾਣਕਾਰੀ ਹੋਵੇਗੀ । ਪੜ੍ਹਾਈ ਲਿਖਾਈ ਕਰਕੇ ਸਾਨੂੰ ਨੌਕਰੀ ਲਈ ਜ਼ਰੂਰ ਮਿਹਨਤ ਕਰਨੀ ਚਾਹੀਦੀ ਹੈ ਪਰ ਨੌਕਰੀ ਨਾਂ ਮਿਲਣ ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ ਬਲਕਿ ਆਪਣੀ ਹੈਸੀਅਤ ਦੇ ਹਿਸਾਬ ਨਾਲ ਕਾਰੋਬਾਰ ਕਰ ਲੈਣਾ ਚਾਹੀਦਾ ਹੈ ਨਾਂ ਕਿ ਸੋਚ ਸਿਰਫ ਨੌਕਰੀ ਲੱਗਣ ਤੱਕ ਨਹੀਂ ਹੋਣੀ ਚਾਹੀਦੀ ਹੈ । ਅਸੀਂ ਅਕਸਰ ਹੀ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਨੌਕਰੀਆਂ ਦੀ ਭਾਲ ਵਿੱਚ ਬੇਰੁਜ਼ਗਾਰ ਰਹਿ ਜਾਂਦੇ ਹਨ ਪਰ ਉਹਨਾਂ ਨੂੰ ਨੌਕਰੀ ਨਹੀ ਮਿਲ ਪਾਉਂਦੀ। ਉਹਨਾਂ ਦੀ ਬਸ ਇਕ ਹੀ ਤਮੰਨਾ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਨੌਕਰੀ ਮਿਲ ਜਾਵੇ । ਨੌਕਰੀ ਲੈਣ ਦੇ ਚੱਕਰ ਵਿੱਚ ਉਹ ਨੋਜਵਾਨ ਆਪਣਾ ਕੋਈ ਕਾਰੋਬਾਰ ਵੀ ਨਹੀਂ ਕਰ ਪਾਉਂਦੇ ਅਤੇ ਘਰ ਵਿੱਚ ਵਿਹਲੇ ਮਾਪਿਆਂ ਤੇ ਬੋਝ ਬਣੇ ਰਹਿੰਦੇ ਹਨ ਜਦਕਿ ਅਸੀਂ ਆਪਣੀ ਹੈਸੀਅਤ ਦੇ ਹਿਸਾਬ ਨਾਲ ਛੋਟੇ ਤੋਂ ਲੈ ਕੇ ਵੱਡਾ ਕਾਰੋਬਾਰ ਵੀ ਕਰ ਸਕਦੇ ਹਾਂ ਅਤੇ ਨੋਕਰੀ ਤੋਂ ਵੱਧ ਪੈਸੇ ਵੀ ਕਮਾ ਸਕਦੇ ਹਾਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ