ਪੀ.ਪੀ. ਵਰਮਾ
ਪੰਚਕੂਲਾ/4 ਅਗਸਤ : ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਰਾਜੀਵ ਕਪੂਰ ਨੇ ਕਿਹਾ ਹੈ ਕਿ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਮੰਕੀਪਾਕਸ ਦਾ ਕੋਈ ਕੇਸ ਨਹੀਂ।
ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਹਨ ਉਹਨਾਂ ਵਿੱਚ ਲਾਗ ਤੋਂ ਬਚਣ ਲਈ ਮੰਕੀਪਾਕਸ ਤੋਂ ਪੀੜਤ ਵਿਅਕਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਲੋਕ ਸੈਨੇਟਾਈਜਰ ਦੀ ਵਰਤੋਂ ਕਰਨ, ਬਾਰ ਬਾਰ ਹੱਥਾਂ ਪੈਰਾਂ ਨੂੰ ਧੌਣ, ਮਾਸਕ ਲਗਾ ਕੇ ਰੱਖਣ ਅਤੇ ਦਸਤਾਨੇ ਪਹਿਨ ਕੇ ਰੱਖਣ। ਇਸ ਸਬੰਧ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਰਾਜੀਵ ਕੌੜਾ ਨੇ ਵੀ ਕਿਹਾ ਹੈ ਕਿ ਹਾਲੇ ਤੱਕ ਉਹਨਾਂ ਕੋਲ ਮੰਕੀਪਾਕਸ ਦਾ ਕੋਈ ਕੇਸ ਨਹੀਂ ਆਇਆ ਤੇ ਜੇਕਰ ਉਹਨਾਂ ਕੋਲ ਕੋਈ ਅਜਿਹਾ ਕੇਸ ਆਇਆ ਵੀ ਤਾਂ ਉਹ ਸਭ ਤੋਂ ਪਹਿਲਾਂ ਮੀਡਿਆ ਨੂੰ ਦੱਸਣਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਉਰਮਿਲਾ ਨੇ ਕਿਹਾ ਹੈ ਹਾਲੇ ਉਹਨਾਂ ਨੂੰ ਖੁਦ ਪਤਾ ਨਹੀਂ ਕਿ ਜੇਕਰ ਕਿਸੇ ਸਕੂਲ ਵਿੱਚ ਮੰਕੀਪਾਕਸ ਦਾ ਕੇਸ ਆਉਂਦਾ ਹੈ ਤਾਂ ਸਬੰਧਤ ਸਕੂਲਾ ਨੂੰ ਕਿੰਨੇ ਦਿਨਾਂ ਦੀਆਂ ਛੁੱਟੀਆਂ ਕਰਨੀਆਂ ਹਨ। ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਜਦੋਂ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਵੀ ਕਿਹਾ ਕਿ ਮੰਕੀਪਾਕਸ ਸਬੰਧੀ ਕਿਸੇ ਸਕੂਲ ਵਿੱਚ ਕੇਸ ਆਉਣ ਤੇ ਕਿੰਨੇ ਦਿਨ ਤੱਕ ਛੁੱਟੀਆਂ ਕਰਨੀਆਂ ਹਨ।
ਇਸ ਸਬੰਧ ਵਿੱਚ ਉਹਨਾਂ ਦੇ ਦਫ਼ਤਰ ਨੂੰ ਵੀ ਕੋਈ ਪੱਤਰ ਨਹੀਂ ਆਇਆ। ਇੱਥੇ ਇਹ ਵਰਨਣਯੋਗ ਹੈ ਕਿ ਸੋਸ਼ਲ ਮੀਡਿਆ ਵਿੱਚ ਮੰਕੀਪਾਕਸ ਨਾਲ ਪੀੜਤ ਬੱਚਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰੰਤੂ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹ ਕਿਸ ਸਕੂਲ ਦੇ ਬੱਚੇ ਹਨ।