ਏਜੰਸੀਆਂ
ਨਵੀਂ ਦਿੱਲੀ/5 ਅਗਸਤ : ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾ ਮੀਟਿੰਗ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਵਾਰ ਰੈਪੋ ਰੇਟ ’ਚ 0.50 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਇਹ ਮੀਟਿੰਗ ਪਹਿਲਾਂ ਸੋਮਵਾਰ ਤੋਂ ਬੁੱਧਵਾਰ ਤੱਕ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ। ਇਸ ਨਾਲ ਪਿਛਲੇ ਚਾਰ ਮਹੀਨਿਆਂ ’ਚ ਰੈਪੋ ਰੇਟ ’ਚ 1.40 ਫੀਸਦੀ ਦਾ ਵਾਧਾ ਹੋਇਆ ਹੈ। 8 ਜੂਨ ਨੂੰ ਕੀਤੇ ਆਖਰੀ ਨੀਤੀਗਤ ਦੇ ਐਲਾਨ ਵਿੱਚ, ਆਰਬੀਆਈ ਨੇ ਰੈਪੋ ਦਰ ਵਿੱਚ ਅੱਧਾ ਪ੍ਰਤੀਸ਼ਤ ਦਾ ਵਾਧਾ ਕੀਤਾ ਸੀ। ਇਸ ਕਾਰਨ ਰੈਪੋ ਦਰ 4.90 ਫੀਸਦੀ ਹੋ ਗਈ ਸੀ। ਹਾਲ ਹੀ ਵਿੱਚ, ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ (ਯੂਐਸ ਫੈੱਡ) ਨੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਕਾਰਨ ਇਸ ਗੱਲ ਦੀ ਸੰਭਾਵਨਾ ਸੀ ਕਿ ਆਰਬੀਆਈ ਵੀ ਵਿਆਜ ਦਰਾਂ ਵਧਾਉਣ ਦਾ ਫੈਸਲਾ ਲਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਘੱਟ ਕਰਨ ਲਈ ਰੈਪੋ ਰੇਟ ਵਿੱਚ ਵਾਧਾ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ ਦੇ ਫੈਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਨੇ ਇਸ ਸਾਲ ਮਈ ਤੋਂ ਰੈਪੋ ਰੇਟ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਮਈ ਮਹੀਨੇ ਵਿੱਚ ਮੁਦਰਾ ਨੀਤੀ ਕਮੇਟੀ (ਆਰਬੀਆਈ ਐਮਪੀਸੀ ਮੀਟਿੰਗ) ਦੀ ਐਮਰਜੈਂਸੀ ਮੀਟਿੰਗ ਬੁਲਾਈ ਸੀ। ਰਿਜ਼ਰਵ ਬੈਂਕ ਨੂੰ ਅਜਿਹਾ ਮਹਿੰਗਾਈ ਵਧਣ ਕਾਰਨ ਕਰਨਾ ਪਿਆ।
ਵਧਦੀ ਮਹਿੰਗਾਈ ਨੂੰ ਰੋਕਣ ਲਈ ਆਰਬੀਆਈ ਨੇ ਵਿਆਜ ਦਰਾਂ (ਰੈਪੋ ਰੇਟ) ਵਧਾ ਦਿੱਤੀਆਂ ਹਨ। ਆਰਬੀਆਈ ਨੇ ਵਿਆਜ ਦਰਾਂ ’ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ, ਜਿਸ ਕਾਰਨ ਰੈਪੋ ਰੇਟ 4.90 ਫੀਸਦੀ ਤੋਂ ਵਧ ਕੇ 5.40 ਹੋ ਗਿਆ ਹੈ। ਇਸ ਤੋਂ ਲਗਦਾ ਹੈ ਕਿ ਬੈਂਕ ਜਲਦ ਹੀ ਵਿਆਜ ਦਰਾਂ ਵੀ ਵਧਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਘਰੇਲੂ ਕਰਜ਼ਾ ਅਤੇ ਵਾਹਨ ਕਰਜ਼ੇ ਵਰਗੇ ਬੈਂਕਿੰਗ ਕਰਜ਼ੇ ਮਹਿੰਗੇ ਹੋ ਜਾਣਗੇ।
ਜਦੋਂ ਵੀ ਆਰਬੀਆਈ ਰੈਪੋ ਰੇਟ ਵਧਾਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਬੈਂਕਾਂ ’ਤੇ ਪੈਂਦਾ ਹੈ ਅਤੇ ਬੈਂਕ ਵੀ ਆਪਣੀ ਵਿਆਜ ਦਰ ਵਧਾਉਣਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ ’ਤੇ ਪੈਂਦਾ ਹੈ, ਜਿਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੁੰਦਾ ਹੈ, ਕਿਉਂਕਿ ਰੈਪੋ ਰੇਟ ਵਧਣ ਤੋਂ ਬਾਅਦ ਹਰ ਤਰ੍ਹਾਂ ਦੇ ਕਰਜ਼ੇ ’ਤੇ ਵਿਆਜ ਦਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਈਐਮਆਈ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਬਾਅਦ ਬੈਂਕ ਵੱਲੋਂ ਦਿੱਤਾ ਘਰੇਲੂ ਕਰਜ਼ਾ ਮਹਿੰਗਾ ਹੋਣ ਤੋਂ ਬਾਅਦ ਪਹਿਲਾਂ ਦੇ ਮੁਕਾਬਲੇ ਈਐਮਆਈ ਕਿੰਨੀ ਵੱਧ ਜਾਵੇਗੀ?
ਜੇਕਰ ਕਿਸੇ ਨੇ 20 ਤੋਂ 30 ਸਾਲ ਦੇ ਕਾਰਜਕਾਲ ਲਈ ਘਰੇਲੂ ਕਰਜ਼ਾ ਲੈਣਾ ਹੈ, ਤਾਂ ਇਸਦੀ ਰਕਮ ਵੀ ਕਾਫੀ ਵੱਡੀ ਹੋਵੇਗੀ। ਜਿਵੇਂ ਕਿ ਇੱਕ ਬੈਂਕ ਦੀਆਂ ਘਰੇਲੂ ਕਰਜ਼ੇ ਦੇ ਵਿਆਜ ਦਰਾਂ 7.60 ਤੋਂ 8.45 ਪ੍ਰਤੀਸ਼ਤ ਤੱਕ ਹਨ ਅਤੇ ਜੇਕਰ ਰੈਪੋ ਦਰ ਵਿੱਚ 50 ਅਧਾਰ ਅੰਕਾਂ ਦਾ ਵਾਧਾ ਕੀਤਾ ਜਾਂਦਾ ਹੈ ਅਤੇ ਉਸ ਦੇ ਬੈਂਕ ਕਰਜ਼ੇ ਦੀ ਵਿਆਜ ਦਰ ਵਿੱਚ ਵੀ 50 ਅਧਾਰ ਅੰਕ ਜਾਂ 0.50 ਪ੍ਰਤੀਸ਼ਤ ਦਾ ਵਾਧਾ ਹੁੰਦਾ ਹੈ ਤਾਂ ਇਸਦੀ ਵਿਆਜ ਦਰ 8.10 ਤੋਂ 8.95 ਫੀਸਦੀ ਹੋਵੇਗੀ, ਜੋ ਪਹਿਲਾਂ 7.60 ਫੀਸਦੀ ਤੋਂ 8.45 ਫੀਸਦੀ ਸੀ। ਅਜਿਹੀ ਸਥਿਤੀ ਵਿੱਚ ਕਰਜ਼ਦਾਰ ਨੂੰ ਨਵੀਂ ਵਿਆਜ ਦਰ ਦੇ ਅਨੁਸਾਰ ਆਪਣੀ ਈਐਮਐਾਈ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਕਰਜ਼ਦਾਰ ਨੂੰ ਵਿਆਜ ਦੇ ਨਾਂ ’ਤੇ ਜ਼ਿਆਦਾ ਪੈਸੇ ਦੇਣੇ ਪੈਣਗੇ।