ਸਤਿਨਾਮ ਬੜੈਚ
ਮੁੱਲਾਂਪੁਰ ਦਾਖਾ/5 ਅਗਸਤ : ਹੰਬੜਾਂ, ਮੁੱਲਾਂਪੁਰ ਮੇਨ ਰੋੜ ’ਤੇ ਰਾਧਾ ਸੁਆਮੀ ਸਤਿਸੰਗ ਘਰ ਭੱਟੀਆਂ ਢਾਹਾ ਵਿਖੇ ਤੜਕ ਸਾਰ ਵਾਪਰੀ ਰੂਹਕੰਬਾਊ ਘਟਨਾਂ ’ਚ ਦੋ ਸੇਵਾਦਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰ ਸਮੇਂ ਸਤਿਸੰਗ ਘਰ ਅੰਦਰ ਸੇਵਾ ਚੱਲ ਰਹੀ ਸੀ, ਇਸ ਵਿਚ ਸੇਵਾਦਾਰ ਆਪਣੀ ਸੇਵਾ ਵਿਚ ਲੱਗੇ ਹੋਏ ਸਨ ਤਾਂ ਦੋ ਸੇਵਾਦਾਰ ਉਚੀ ਪੌੜੀ (ਘੋੜੀ) ਡੇਰੇ ਵਿਚ ਲਿਜਾ ਰਹੇ ਸਨ ਤਾਂ ਪੌੜੀ (ਘੋੜੀ) ਡੇਰੇ ਵਿਚੋਂ ਲੰਘਦੀਆਂ ਹਾਈਵੋਲਟਜ਼ ਤਾਰਾਂ ਨਾਲ ਟਕਰਾਉਣ ਕਾਰਨ ਸੇਵਾਦਾਰਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਬਿਜਲੀ ਦਾ ਕਰੰਟ ਇਨ੍ਹਾਂ ਜ਼ਿਆਦਾ ਤੇਜ਼ ਲੱਗਾ ਕਿ ਦੋਵਾਂ ਸੇਵਾਦਾਰ ਬੁਰੀ ਤਰ੍ਹਾਂ ਨਾਲ ਸੜ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਰਾਮ ਲਾਲ ਪਿੰਡ ਪ੍ਰਤਾਪ ਸਿੰਘ ਵਾਲਾ (ਬਸੰਤ ਨਗਰ) ਅਤੇ ਰਤਨ ਸਿੰਘ ਪੁੱਤਰ ਬਾਕਰ ਸਿੰਘ ਵਾਸੀ ਤਲਵੰਡੀ ਨੌ-ਅਬਾਦ ਵਜੋਂ ਹੋਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸੇਵਾਦਾਰਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਘਟਨਾ ਸਥਾਨ ’ਤੇ ਪੁੱਜੀ ਥਾਣਾ ਦਾਖਾ ਦੀ ਪੁਲਿਸ ਪਾਰਟੀ ਵੱਲੋਂ ਸੇਵਾਦਾਰਾਂ ਦੇ ਬਿਆਨਾਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਸੇਵਾਦਾਰਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।