ਗੁਰਵਿੰਦਰ ਸਿੰਘ
ਮੋਹਾਲੀ/5 ਅਗਸਤ : ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਵਿਸ਼ੇਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਨਅਤਕਾਰ, ਐਨ.ਜ਼ੀ.ਓਜ਼ , ਸਿਆਸੀ ਆਗੂ, ਸਕੂਲੀ ਬੱਚੇ ਅਤੇ ਆਮ ਪਬਲਿਕ ਸ਼ਿਰਕਤ ਕੀਤੀ ਗਈ। ਇਹ ਸਮਾਗਮ ਕਿਸਾਨ ਵਿਕਾਸ ਚੈਂਬਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਹਾਜ਼ਰ ਵਿਅਕਤੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੇ ਜਾਣ ਸਬੰਧੀ ਸਹੁੰ ਚੁਕਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਰਾਜ ਭਰ ਵਿੱਚ “ਸਿੰਗਲ ਯੂਜ਼ ਪਲਾਸਟਿਕ” ਦੀ ਵਰਤੋਂ ਨਾ ਕਰਨ ਅਤੇ ਇਸ ਤੇ ਲੱਗੀ ਪਾਬੰਦੀ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਦੱਸਿਆ ਕਿ ਸਰਕਾਰ ਨੇ 1 ਜੁਲਾਈ 2022 ਤੋਂ ਸੂਬੇ ਭਰ ਵਿੱਚ 19 ਕਿਸਮ ਦੀਆਂ ਪਲਾਸਟਿਕ ਵਸਤਾਂ ਦੇ ਉਤਪਾਦਨ, ਸਟਾਕ ਕਰਨ ਅਤੇ ਵਿਕਰੀ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਾਵੇਂ ਕਾਨੂੰਨ ਮੁਤਾਬਿਕ “ਸਿੰਗਲ ਯੂਜ਼ ਪਲਾਸਟਿਕ” ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਜਾ ਰਹੇ ਅਤੇ ਜੁਰਮਾਨੇ ਲਾਏ ਜਾ ਰਹੇ ਹਨ ਪਰ ਇਹ ਮਿਸ਼ਨ ਉਸ ਸਮੇਂ ਹੀ ਸਾਰਥਿਕ ਹੋ ਸਕੇਗਾ ਜਦੋਂ ਲੋਕ ਆਪਣੇ ਸਮਾਜਿਕ ਫਰਜ਼ ਨੂੰ ਪਛਾਣਉਂਦੇ ਹੋਏ ਇਸ ਕਾਰਜ ਲਈ ਸਰਕਾਰ ਦਾ ਸਾਥ ਦੇਣ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਰੋਕਣ ਲਈ ਲੋਕ ਲਹਿਰ ਪੈਂਦਾ ਕਰਨ ਦੀ ਲੋੜ ਹੈ। ਇਸ ਸਮਾਗਮ ਦੌਰਾਨ ਗੋਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਵਾਤਾਵਰਣ ਦੀ ਰਾਖੀ ਲਈ ਬਣਾਏ ਗੀਤ ਦੀ ਪੇਸ਼ਕਾਰੀ ਕੀਤੀ ਜਦਕਿ ਮਿਲੀਨੀਅਮ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਵਲੋਂ “ਸਾਰੇ ਜਹਾਂ ਸੇ ਅੱਛਾ” ਗੀਤ ਗਾਇਆ ਗਿਆ। ਅੰਤ ਵਿੱਚ ਰਾਸ਼ਟਰੀ ਗਾਣ ਰਾਹੀਂ ਸਮਾਗਮ ਦੀ ਸਮਾਪਤੀ ਕੀਤੀ ਗਈ। ਪ੍ਰਦੂਸ਼ਣ ਕੰਟਰੋਲ ਬੋਰਡ ਮੋਹਾਲੀ ਦੇ ਐਕਸੀਅਨ ਸ੍ਰੀ ਗੁਰਸ਼ਰਨ ਦਾਸ ਗਰਗ ਵੱਲੋਂ “ਵੋਟ ਆਫ ਥੈਕਸ” ਰਾਹੀਂ ਸਮਾਗਮ ਵਿੱਚ ਸ਼ਾਮਿਲ ਸਾਰੇ ਪਤਵੰਤਿਆ ਦਾ ਧੰਨਵਾਦ ਕੀਤਾ ਗਿਆ।