ਸੰਪਾਦਕੀ

ਪੁਲਿਸ ਹੱਥੋਂ ਵਧ ਰਹੀਆਂ ਮੌਤਾਂ ਦਾ ਨਿੰਦਣਯੋਗ ਰੁਝਾਨ

August 06, 2022 11:38 AM

ਸਰਕਾਰ ਅਤੇ ਪ੍ਰਸ਼ਾਸਨ ਦੀ ਇੱਕ ਵੱਡੀ ਅਸਫਲਤਾ ਵਜੋਂ ਪੁਲਿਸ ਹਿਰਾਸਤ ਵਿੱਚ ਹੁੰਦੀਆਂ ਮੌਤਾਂ ਨੂੰ ਦੇਖਿਆ ਜਾਂਦਾ ਹੈ । ਇਸ ’ਚ ਮੁਲਜ਼ਮ ਦਾ ਫਸਤਾ ਵੱਢ ਕੇ ਜਿਵੇਂ ਖਹਿੜਾ ਛੁਡਾਉਣ ਦੀ ਮਨਸ਼ਾ ਭਾਰੀ ਹੁੰਦੀ ਹੈ, ਨਾ ਕਿ ਮੁਲਜ਼ਮ ਪੈਦਾ ਕਰਨ ਵਾਲੀ ਧਰਾਤਲ ਦਾ ਖ਼ਾਤਮਾ ਕਰਨਾ, ਜਿਸ ’ਚ ਜ਼ਿਆਦਾ, ਜ਼ੋਰ, ਸੂਝ-ਬੂਝ ਅਤੇ ਲੰਬੇ ਸਮੇਂ ਦੀ ਰਣਨੀਤੀ ਦੀ ਲੋੜ ਹੁੰਦੀ ਹੈ। ਅਸਿੱਧੇ ਤੌਰ ’ਤੇ ਪੁਲਿਸ ਮੁਕਾਬਲੇ ਵਾਂਗ ਹਿਰਾਸਤੀ ਮੌਤਾਂ ਅਦਾਲਤੀ ਪ੍ਰਕਿਰਿਆ ਰਾਹੀਂ ਮੁਲਜ਼ਮ ਨੂੰ ਸਜ਼ਾ ਦਿਵਾਉਣ ਦੀ ਕਵਾਇਦ ਤੋਂ ਬਚੇ ਰਹਿਣਾ ਵੀ ਹੈ। ਇਸ ’ਚ ਸੰਦੇਹ ਨਹੀਂ ਬਹੁਤ ਸਾਰੇ ਪੁਲਿਸ ਮੁਕਾਬਲੇ ਝੂਠੇ ਵੀ ਹੁੰਦੇ ਹਨ। ਇਹ ਵੀ ਸਾਫ ਹੈ ਕਿ ਜਦੋਂ ਲੋਕਾਂ ਪ੍ਰਤੀ ਕਰੂਰ ਵਤੀਰਾ ਰੱਖਣ ਵਾਲੇ ਹੁਕਮਰਾਨ ਆ ਜਾਂਦੇ ਹਨ ਤਾਂ ਪੁਲਿਸ ਮੁਕਾਬਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਪੁਲਿਸ ਹਿਰਾਸਤ ’ਚ ਮੌਤਾਂ ਦੀ ਗਿਣਤੀ ’ਚ ਵੀ ਵਾਧਾ ਹੁੰਦਾ ਹੈ। ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਯੋਗੀ ਅਦਿਤਯਾਨਾਥ ਦੀ ਸਰਕਾਰ ਨੇ ਤਾਂ ਪੁਲਿਸ ਮੁਕਾਬਲਿਆਂ ਨੂੰ ਸਿਆਸੀ ਹਥਿਆਰ ਹੀ ਬਣਾ ਲਿਆ ਹੈ। ਪੁਲਿਸ ਮੁਕਾਬਲਿਆਂ ਦੇ ਦੌਰ ਵਿੱਚ, ਵਿਸ਼ਲੇਸ਼ਣ ਕਰਨ ’ਤੇ, ਇਹ ਵੀ ਸਾਹਮਣੇ ਆਉਂਦਾ ਹੈ ਕਿ ਪੁਲਿਸ ਹਿਰਾਸਤ ਵਿੱਚ ਹੁੰਦੀਆਂ ਮੌਤਾਂ ਦੀ ਗਿਣਤੀ ਵੀ ਵੱਧਦੀ ਹੈ।
ਅੱਜ-ਕੱਲ੍ਹ ਬੇਸ਼ੱਕ ਭਾਰਤ ਵਿੱਚ ਪੁਲਿਸ ਮੁਕਾਬਲਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਇਸ ਦੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਤਾਜ਼ਾ ਰਿਪੋਰਟ ਨੇ ਵੀ ਪੁਸ਼ਟੀ ਕੀਤੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪੀ ਹੈ ਅਤੇ ਪੁਲਿਸ ਹਿਰਾਸਤ ’ਚ ਵੱਧ ਰਹੀਆਂ ਮੌਤਾਂ ਬਾਰੇ ਚਿੰਤਾ ਵੀ ਪ੍ਰਗਟ ਕੀਤੀ ਹੈ।
ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਰਿਪੋਰਟ ’ਚ ਸ਼ਾਮਿਲ ਅੰਕੜਿਆਂ ਮੁਤਾਬਿਕ 2020-21 ਵਿੱਚ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂਦੇ 1940 ਮਾਮਲੇ ਦਰਜ ਕੀਤੇ ਗਏ ਸਨ। ਸਾਲ ਵਿੱਚ ਹੀ ਇਨ੍ਹਾਂ ਮਾਮਲਿਆਂ ਵਿੱਚ ਵੱਡਾ ਵਾਧਾ ਹੋਇਆ ਹੈ। 2021-2022 ਦੇ ਮਾਰਚ ਮਹੀਨੇ ਤੱਕ ਪੁਲਿਸ ਹਿਰਾਸਤ ’ਚ 2544 ਮੌਤਾਂ ਦੇ ਮਾਮਲੇ ਦਰਜ ਹੋ ਚੁੱਕੇ ਹਨ। ਇਸ ਪ੍ਰਕਾਰ ਹੀ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। 2020-21 ਵਿੱਚ ਪੁਲਿਸ ਮੁਕਾਬਲਿਆਂ ਵਿੱਚ 82 ਵਿਅਕਤੀ ਮਾਰੇ ਗਏ ਸਨ ਜਦੋਂਕਿ 2021-22 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਵਧ ਕੇ 151 ਹੋ ਗਈ ਹੈ। ਪੁਲਿਸ ਮੁਕਾਬਲੇ ਵਿੱਚ ਸਭ ਤੋਂ ਵੱਧ ਵਿਅਕਤੀ ਜੰਮੂ ਕਸ਼ਮੀਰ ਵਿੱਚ ਮਾਰੇ ਗਏ ਹਨ। ਇੱਥੇ 2021-22 ’ਚ 45 ਜਣੇ ਪੁਲਿਸ ਮੁਕਾਬਲੇ ’ਚ ਮਾਰੇ ਗਏ ਹਨ ਜਦੋਂ ਕਿ ਪਿਛਲੇ ਸਾਲ 5 ’ਚ ਵਿਅਕਤੀ ਹੀ ਮਾਰੇ ਗਏ ਸਨ। ਹਿੰਦੀ ਪੱਟੀ ’ਚ ਸਭ ਤੋਂ ਵਧ ਲੋਕ ਮਾਰੇ ਗਏ ਹਨ। ਪੁਲਿਸ ਹਿਰਾਸਤ ਅਤੇ ਪੁਲਿਸ ਮੁਕਾਬਲਿਆਂ ’ਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ ’ਚ ਹੋਏ ਇਸ ਵਾਧੇ ਦਾ ਇਨਸ਼ਾਫ ਪਸੰਦ ਜਮਹੂਰੀ ਤਾਕਤਾਂ ਵੱਲੋਂ ਜ਼ੋਰਦਾਰ ਨਿੰਦਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਰੁਝਾਨ ਆਮ ਲੋਕਾਂ, ਨਿਆਂ ਵਿਵਸਥਾ ਅਤੇ ਲੋਕਤੰਤਰ ਲਈ ਖ਼ਤਰਨਾਕ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ