ਲੇਖ

ਖ਼ਤਮ ਹੁੰਦਾ ਜਾ ਰਿਹਾ ਸੰਧਾਰੇ ਦੇਣ ਦਾ ਰਿਵਾਜ਼

August 06, 2022 11:39 AM

ਜਸਪ੍ਰੀਤ ਸਿੰਘ ਮਾਂਗਟ

ਦੋਸਤੋ ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ। ਇਸ ਲਈ ਸੱਭਿਆਚਾਰ ਰੀਤੀ ਰਿਵਾਜ਼ ਸਾਡੀ ਜ਼ਿੰਦਗੀ ਦਾ ਮੂਲ ਅੰਗ ਹਨ। ਪਰ ਪੀੜ੍ਹੀ ਦਰ ਪੀੜ੍ਹੀ ਇਹ ਰਿਵਾਜ਼ ਬਦਲਦੇ ਜਾ ਰਹੇ ਹਨ। ਪਰ ਕੁੱਝ ਰਿਵਾਜ਼ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹਿੰਦੇ ਹਨ। ਅੱਜ ਆਪਾਂ ਸੰਧਾਰੇ ਦੇਣ ਦੇ ਰਿਵਾਜ਼ ਬਾਰੇ ਜਾਣਕਾਰੀ ਹਾਸਲ ਕਰਾਂਗੇ ਜੋ ਕਿ ਪੇਕਿਆਂ ਵੱਲੋਂ ਧੀ ਪ੍ਰਤੀ ਪਿਆਰ ਦਾ ਪ੍ਰਤੀਕ ਸੀ। ਪਰ ਅੱਜ-ਕੱਲ ਸੰਧਾਰਿਆਂ ਦਾ ਰਿਵਾਜ਼ ਸਮੇਂ ਨਾਲ ਘੱਟਦਾ ਜਾ ਰਿਹਾ ਹੈ।
ਸੰਧਾਰੇ ਦਾ ਰਿਵਾਜ਼ ਕਾਫੀ ਪੁਰਾਣਾ ਹੈ, ਕੁੜੀ ਦੇ ਵਿਆਹ ਤੋਂ ਬਾਅਦ ਭਰਾ ਆਪਣੀ ਭੈਣ ਲਈ ਸਾਉਣ ਦੇ ਮਹੀਨੇ ਵਿੱਚ ਸੰਧਾਰਾ ਲੈ ਕੇ ਉਸਦੇ ਸੁਹਰੇ ਘਰ ਜਾਂਦਾ ਹੈ। ਸੰਧਾਰੇ ਵਿੱਚ ਭਰਾ ਆਪਣੀ ਭੈਣ ਲਈ ਚੂੜੀਆਂ, ਸੂਟ, ਮਿੱਠੀਆਂ ਚੀਜ਼ਾਂ ਜਿਵੇਂ ਕਿ ਬਿਸਕੁੱਟ ਆਦਿ। ਸੰਧਾਰੇ ਦੇ ਸੰਬੰਧ ਵਿੱਚ ਬੋਲੀਆਂ ਵੀ ਪ੍ਰਚਲਿਤ ਹਨ। ਸਾਉਣ ਦੇ ਮਹੀਨੇ ਮੀਂਹ ਪਿਆ ਪੈਂਦਾ ਗਲੀਆਂ ਦੇ ਵਿੱਚ ਗਾਰਾ ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ। ਵੀਰਾਂ ਆਈ ਵੇ ਭੈਣ ਦੇ ਵਿਹੜੇ ਪੁੰਨਿਆ ਦਾ ਚੰਨ ਬਣਕੇ, ਪਰ ਜੇਕਰ ਕਿਸੇ ਭੈਣ ਦਾ ਵੀਰ ਲੇਟ ਹੋ ਜਾਂਦਾ ਸੀ ਤਾਂ ਉਹ ਡਰਦੀਆਂ ਕਿ ਸਹੁਰਾ ਘਰ ਤਾਹਨੇ ਨਾ ਮਾਰੇ ਸੱਸ ਨਾ ਕਹਿ ਦੇਵੇ, ਤੈਨੂੰ ਤੀਆਂ ਨੂੰ ਲੈਣ ਨਹੀਂ ਆਏ ਨੀ ਬਹੁਤਿਆਂ ਭਰਾਵਾਂ ਵਾਲੀਏ। ਜਦੋਂ ਵੀਰ ਘਰ ਸੰਧਾਰਾਂ ਲੈ ਕੇ ਆਉਂਦਾ ਤਾਂ ਭੈਣ ਕਹਿੰਦੀ ਤੈਨੂੰ ਵੀਰਾਂ ਦੁੱਧ ਦਾ ਛੰਨਾ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ।
ਸੰਧਾਰਾ ਦੇਣ ਲਈ ਕਈ ਦਿਨ ਪਹਿਲਾਂ ਤਿਆਰੀ ਚੱਲਦੀ ਹੈ, ਬਿਸਕੁਟ ਕਢਵਾਉਣ ਲਈ ਪੁਰਾਣੇ ਸਮਿਆਂ ਵਿੱਚ ਪਹਿਲਾ ਟਾਇਮ ਲੈਣਾ ਪੈਂਦਾ ਸੀ। ਲੋਕ ਖੰਡ ਘਿਉਂ ਦੁੱਧ ਲੈ ਕੇ ਦੱਸੇ ਹੋਏ ਸਮੇਂ ਤੇ ਅਨੁਸਾਰ ਭੱਠੀ ਵਾਲਿਆਂ ਕੋਲ ਪਹੁੰਚ ਜਾਂਦੇ ਸੀ। ਬਿਸਕੁੱਟ ਬਣਾਉਣ ਵਾਲਿਆਂ ਦੇ ਘਰੇ ਵੀ ਰੌਣਕ ਲੱਗੀ ਰਹਿੰਦੀ ਸੀ। ਸਾਰਿਆਂ ਨੇ ਰੱਲ ਮਿਲ ਕੇ ਗੱਲਾਂ ਬਾਤਾਂ ਕਰਨੀਆਂ ਅਤੇ ਦੁੱਖ-ਸੁੱਖ ਸਾਂਝਾ ਕਰਨਾ ਅਤੇ ਸਮੇਂ ਦਾ ਪਤਾ ਵੀ ਨਾ ਲੱਗਣਾ ਕਿ ਕਦੋਂ ਬਿਸਕੁੱਟ ਤਿਆਰ ਹੋ ਜਾਂਦੇ ਸੀ। ਪਰ ਅੱਜ-ਕੱਲ੍ਹ ਬਿਜਲੀ ’ਤੇ ਚੱਲਣ ਵਾਲੀਆਂ ਭੱਠੀਆਂ ਆ ਗਈਆਂ ਹਨ ਜੋ ਕੁੱਝ ਹੀ ਮਿੰਟਾਂ ਵਿੱਚ ਬਿਸਕੁੱਟ ਤਿਆਰ ਕਰਦੀਆਂ ਹਨ। ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਲੋਕਾਂ ਕੋਲ ਵੀ ਬਹੁਤਾ ਸਮਾਂ ਨਹੀਂ ਰਿਹਾ। ਉਹ ਵੀ ਹੁਣ ਜ਼ਿਆਦਾਤਰ ਬਣੇ ਬਣਾਏ ਬਿਸਕੁੱਟ ਹੀ ਖਰੀਦਣਾ ਪਸੰਦ ਕਰਦੇ ਹਨ। ਪਹਿਲਾਂ ਵਾਲੀ ਰੌਣਕ ਹੁਣ ਭੱਠੀਆਂ ’ਤੇ ਦੇਖਣ ਨੂੰ ਨਹੀਂ ਮਿਲਦੀ ਪਰ ਫਿਰ ਵੀ ਕਈ ਬਿਸਕੁੱਟ ਬਣਾਉਣ ਵਾਲਿਆਂ ਨੇ ਪੁਰਾਤਨ ਢੰਗ ਨੂੰ ਸੰਭਾਲ ਰੱਖਿਆ ਹੋਇਆ ਹੈ।
ਪੁਰਾਣੇ ਸਮੇਂ ਵਿੱਚ ਜਦੋਂ ਸੰਧਾਰਾ ਆਉਂਦਾ ਸੀ ਤਾਂ ਆਪਣੇ ਸਕੇ-ਸਬੰਧੀਆਂ ਵਿੱਚ ਬਿਸਕੁੱਟ ਆਦਿ ਵੰਡੇ ਜਾਂਦੇ ਸੀ। ਆਪਸੀ ਰਿਸਤਿਆਂ ਵਿੱਚ ਗੂੜ੍ਹੀ ਸਾਂਝ ਬਣੀ ਹੋਈ ਸੀ ਪਰ ਅੱਜ ਕੱਲ੍ਹ ਸੰਧਾਰਾ ਵੰਡਣ ਦਾ ਰਿਵਾਜ਼ ਵੀ ਖਤਮ ਹੁੰਦਾ ਜਾ ਰਿਹਾ ਹੈ।
ਕੁੱਲ ਮਿਲਾ ਕੇ ਸੰਧਾਰਾ ਧੀ ਪ੍ਰਤੀ ਪੇਕਿਆਂ ਦੇ ਪਿਆਰ ਨੂੰ ਦਰਸਾਉਂਦਾ ਸੀ। ਜਿਸ ਵਿੱਚ ਪੇਕਾ ਪਰਿਵਾਰ ਧੀ ਲਈ ਚੂੜੀਆਂ, ਗੁੜ, ਕੱਪੜੇ ਅਤੇ ਬਿਸਕੁੱਟ ਆਦਿ ਲੈ ਕੇ ਜਾਂਦਾ ਸੀ। ਧੀਆਂ ਨੂੰ ਵੀ ਸੰਧਾਰੇ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਸੀ। ਪਰ ਅੱਜ ਕੱਲ੍ਹ ਰਿਸ਼ਤਿਆਂ ਦੀ ਘੱਟ ਰਹੀ ਸਾਂਝ ਅਤੇ ਬਦਲਦੇ ਸਮੇਂ ਨਾਲ ਸੰਧਾਰਾ ਵੀ ਬਨਾਵਟੀ ਰੂਪ ਲੈ ਚੁੱਕਾ ਹੈ। ਇਸ ਲਈ ਲੋੜ ਹੈ ਇਸ ਸੰਧਾਰੇ ਦੀ ਪ੍ਰਥਾ ਨੂੰ ਪਹਿਲਾਂ ਵਾਲਾ ਰੂਪ ਦਿੱਤਾ ਜਾਵੇ ਤਾਂ ਜੋ ਰਿਸ਼ਤਿਆਂ ਦੀ ਸਾਂਝ ਹੋਰ ਵੀ ਗੂੜੀ ਹੋਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ