BREAKING NEWS
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫਤਾਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂਸੰਗਰੂਰ : ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਮਾਂ ਦੀਆਂ ਗੱਡੀਆਂ ਘੇਰੀਆਂ, ਦਿਖਾਈਆਂ ਕਾਲੀਆਂ ਝੰਡੀਆਂਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤਇੰਦੌਰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆਜਨਰਲ ਅਨਿਲ ਚੌਹਾਨ ਨੇ ਸੀਡੀਐਸ ਦਾ ਅਹੁਦਾ ਸੰਭਾਲਿਆਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ, ਉੜੀਸਾ ਤੇ ਕਰਨਾਟਕ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਨੂੰ ਮਨਜ਼ੂਰੀਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਅੱਜ ਤੋਂਜੰਮੂ : ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਗਰਦ ਹਲਾਕ

ਲੇਖ

ਲੰਪੀ ਸਕਿੰਨ ਦੇ ਪੈਰ ਪਸਾਰਨ ’ਤੇ ਪਸ਼ੂਪਾਲਕਾਂ ’ਚ ਨਿਰਾਸ਼ਾ

August 08, 2022 11:33 AM

ਬਲਤੇਜ ਸੰਧੂ

ਪਸ਼ੂਆਂ ਵਿੱਚ ਚੱਲ ਰਹੀ ਲਾਗ ਦੀ ਬਿਮਾਰੀ ਜਿਸ ਨੂੰ ਲੰਪੀ ਸਕਿੰਨ ਆਖਿਆ ਜਾ ਰਿਹਾ ਹੈ ।ਇਸ ਵੇਲੇ ਪੂਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ। ਆਏ ਦਿਨ ਅਣਗਿਣਤ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਨੇ ਅਤੇ ਅਣਗਿਣਤ ਪਸ਼ੂ ਇਸ ਬਿਮਾਰੀ ਨਾਲ ਪੀੜਤ ਹੋ ਚੁੱਕੇ ਹਨ। ਇਸ ਬਿਮਾਰੀ ਨੇ ਜ਼ਿਆਦਾਤਰ ਗਾਵਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਹਾਲਾਂਕਿ ਇਹ ਬਿਮਾਰੀ ਮੱਝਾਂ ਵਿੱਚ ਵੀ ਤਕਰੀਬਨ ਕੁੱਝ ਪ੍ਰਤੀਸ਼ਤ ਦੇਖੀ ਜਾ ਰਹੀ ਹੈ ਪਰ ਗਾਵਾਂ ਆਦਿ ਵਿੱਚ ਇਸ ਨੂੰ ਵੱਡੀ ਗਿਣਤੀ ਵਿੱਚ ਦੇਖਿਆ ਗਿਆ ਹੈ। ਇਸ ਬਿਮਾਰੀ ਨੇ ਸਭ ਤੋਂ ਪਹਿਲਾਂ ਆਵਾਰਾ ਪਸ਼ੂਆਂ ਨੂੰ ਆਪਣੀ ਪਕੜ ਹੇਠ ਲਿਆ। ਉਸ ਤੋਂ ਬਾਅਦ ਇਹ ਮੱਛਰ ਅਤੇ ਮੱਖੀਆਂ ਆਦਿ ਰਾਹੀਂ ਇੱਕ ਤੋਂ ਦੂਸਰੇ ਪਸ਼ੂ ਤੱਕ ਇਹ ਲਾਗ ਦੀ ਬਿਮਾਰੀ ਪਹੁੰਚੀ। ਗਊਸ਼ਾਲਾਵਾਂ ਵਿੱਚ ਏਸ ਬਿਮਾਰੀ ਨੇ ਗਊਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਹਾਲਾਤ ਕਾਫੀ ਹੱਦ ਤੱਕ ਕਾਬੂ ਤੋਂ ਬਾਹਰ ਹਨ। ਮੌਜੂਦਾ ਪ੍ਰਬੰਧ ਥੋੜੇ ਪੈ ਰਹੇ ਨੇ। ਬਹੁਤਾ ਖਦਸਾ ਤਾਂ ਇਹ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਬਿਮਾਰੀ ਨੂੰ ਫੈਲਾਉਣ ਅਤੇ ਪੰਜਾਬ ’ਚ ਪਹੁੰਚਾਉਣ ਤੱਕ ਵੱਖ ਵੱਖ ਸ਼ਹਿਰਾਂ ਪਿੰਡਾਂ ਵਿੱਚ ਲੱਗਦੀਆਂ ਪਸ਼ੂ ਮੰਡੀਆਂ ਅਤੇ ਵੱਡੇ ਵੱਡੇ ਪਸ਼ੂਆਂ ਦੇ ਵਗ ਚਾਰਣ ਵਾਲੇ ਦੂਸਰਿਆਂ ਸੂਬਿਆਂ ਤੋਂ ਆਉਂਦੇ ਲੋਕਾਂ ਵੱਲੋਂ ਵੀ ਇਹ ਭੂਮਿਕਾ ਨਿਭਾਈ ਗਈ ਹੈ। ਇਸ ਬਿਮਾਰੀ ਨੇ ਪਸ਼ੂਆਂ ਦੇ ਵੱਡੇ ਪਸ਼ੂ ਪਾਲਕਾਂ ਫਾਰਮਾਂ ਦੇ ਵੱਡੀ ਪੱਧਰ ਤੇ ਸੱਟ ਮਾਰੀ ਹੈ। ਡੇਅਰੀ ਫਾਰਮ ਧੰਦੇ ਨੂੰ ਜਿੰਨਾਂ ਲੋਕਾਂ ਰੁਜ਼ਗਾਰ ਦੇ ਤੌਰ ਤੇ ਅਪਣਾਇਆ ਹੋਇਆ ਸੀ। ਉਨ੍ਹਾਂ ਲਈ ਵੱਡਾ ਘਾਟਾ ਪਿਆ ਹੈ। ਜਿਸ ਕਾਰਨ ਸੂਬੇ ਅੰਦਰ ਦੁੱਧ ਉਤਪਾਦਨ ਦੀ ਵੱਡੀ ਘਾਟ ਆਏਗੀ। ਜਿਸ ਦੇ ਚੱਲਦਿਆਂ ਦੁੱਧ ਦੀ ਮੰਗ ਨੂੰ ਪੂਰਾ ਕਰਨ ਲਈ ਨਕਲੀ ਦੁੱਧ ਬਣਾਉਣ ਵਾਲਿਆਂ ਸ਼ਰਾਰਤੀ ਅਨਸਰਾਂ ਦੇ ਵਾਰੇ ਨਿਆਰੇ ਹੋ ਗਏ ਹਨ। ਉੱਥੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿਹਤ ਵਿਭਾਗ ਨੂੰ ਜ਼ਿਆਦਾ ਚੌਕਸ ਹੋਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਪਹਿਲਾਂ ਰੋਕਿਆ ਜਾ ਸਕੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਸ਼ੂ ਪਾਲਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਸਰਕਾਰੀ ਤੰਤਰ ਸਿਰਫ਼ ਅਖ਼ਬਾਰਾਂ ਆਦਿ ਰਾਹੀਂ ਲੋਕਾਂ ਨੂੰ ਚੇਤਾਵਨੀ ਦੇ ਕੇ ਖਾਨਾਪੂਰਤੀ ਕਰ ਰਿਹਾ ਹੈ। ਜਦੋਂ ਕਿ ਚਾਹੀਦਾ ਤਾਂ ਇਹ ਹੈ ਇਸ ਲੰਪੀ ਸਕਿਨ ਬਿਮਾਰੀ ਸਬੰਧੀ ਪਿੰਡਾਂ ਸ਼ਹਿਰਾਂ ਕਸਬਿਆਂ ਤੱਕ ਪਹੁੰਚ ਕਰਕੇ ਵੱਡੀ ਪੱਧਰ ’ਤੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਸਰਕਾਰੀ ਪਸ਼ੂ ਡਿਸਪੈਂਸਰੀਆਂ ਵਿੱਚ ਲੋੜੀਂਦੀ ਦਵਾਈ ਮੁਹੱਈਆ ਕਰਵਾਈ ਜਾਵੇ ਤਾਂ ਕਿ ਆਮ ਦਰਮਿਆਨੇ ਅਤੇ ਗਰੀਬ ਤਬਕਾ ਜੋ ਪ੍ਰਾਈਵੇਟ ਡਾਕਟਰਾਂ ਤੋਂ ਮਜਬੂਰੀ ਵੱਸ ਛਿੱਲ ਪਟਾ ਰਿਹਾ ਹੈ। ਆਮ ਲੋਕਾਂ ਦੀ ਮੱਦਦ ਹੋ ਸਕੇ। ਆਮ ਲੋਕਾਂ ’ਚ ਕਿਸੇ ਨੂੰ ਵੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਪ੍ਰਾਈਵੇਟ ਡਾਕਟਰ ਵੀ ਇਸ ਬਿਮਾਰੀ ਨੂੰ ਲਾਇਲਾਜ ਅਤੇ ਵੱਡਾ ਹਊਆ ਦੱਸ ਕੇ ਲੋਕਾਂ ਦੀ ਆਪਣੀ ਮਨਮਰਜ਼ੀ ਅਨੁਸਾਰ ਛਿੱਲ ਉਤਾਰ ਰਹੇ ਹਨ। ਇਸ ਲਾਗ ਦੀ ਬਿਮਾਰੀ ਤੋਂ ਪੀੜਤ ਪਸ਼ੂ ਪਾਲਕਾਂ ਵਿੱਚ ਵੱਡਾ ਸਹਿਮ ਹੈ। ਜਿਸ ਦੇ ਚਲਦਿਆਂ ਵਹਿਮ ਭਰਮ ਟੂਣੇ ਆਦਿ ਲੋਕਾਂ ਵੱਲੋਂ ਕੀਤੇ ਜਾ ਰਹੇ ਹਨ। ਇਸ ਅੰਧਵਿਸ਼ਵਾਸ ਨੂੰ ਅਸੀਂ ਜਾਗਰੂਕਤਾ ਦੀ ਘਾਟ ਕਹਿ ਸਕਦੇ ਹਾਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਠਿੰਡੇ ਜਿਲ੍ਹੇ ਦੇ ਇੱਕ ਪਿੰਡ ਵਿੱਚ ਕੁੱਝ ਦਿਨ ਪਹਿਲਾਂ ਗੁਰੂ ਘਰ ਤੋਂ ਹੋਕਾ ਦਿੱਤਾ ਗਿਆ ਕਿ ਇਸ ਚੱਲ ਰਹੀ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਨੂੰ ਰੋਕਣ ਲਈ ਇੱਕ ਸਾਂਝੀ ਜਗ੍ਹਾ ਤੇ ਕੋਈ ਟੂਣਾ ਟਾਮਣ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਸ਼ਾਮ ਨੂੰ ਅੱਠ ਵਜੇ ਤੋਂ ਲੈ ਕੇ ਸੁਭਾ ਛੇ ਵਜੇ ਤੱਕ ਨਾ ਤਾਂ ਕੋਈ ਚੁੱਲ੍ਹੇ ’ਚ ਅੱਗ ਬਾਲੇਗਾ ਅਤੇ ਨਾ ਹੀ ਇਸ ਦਿੱਤੇ ਗਏ ਸਮੇਂ ਅਨੁਸਾਰ ਕੋਈ ਪਿੰਡ ਵਾਸੀ ਬਲਬ ਜਗਾਏਗਾ। ਸਵੇਰ ਵੇਲੇ ਪਿੰਡ ਦੀ ਇੱਕ ਸਾਂਝੀ ਥਾਂ ਤੇ ਪਿੰਡ ਦੇ ਬਿਮਾਰ ਪਸ਼ੂਆਂ ਨੂੰ ਇਕੱਠਾ ਕੀਤਾ ਗਿਆ ਅਤੇ ਪਸ਼ੂਆਂ ਨੂੰ ਧੂਫ ਬੱਤੀ ਛਿੱਟਾ ਵੀ ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਹੁਣ ਇਸ ਤਰ੍ਹਾਂ ਕਰਨ ਨਾਲ ਬਿਮਾਰੀ ਜਲਦੀ ਚਲੀ ਜਾਏਗੀ। ਇਹ ਸਭ ਕੁੱਝ ਲੋਕਾਂ ਵੱਲੋਂ ਆਮ ਕੀਤਾ ਜਾ ਰਿਹਾ ਹੈ। ਦਾਅਵੇ ਕਰਦੀਆਂ ਸਰਕਾਰਾਂ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋਏ। ਜਦ ਮੈਂ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਪਿੰਡ ਦੀ ਸਰਕਾਰੀ ਪਸ਼ੂ ਡਿਸਪੈਂਸਰੀ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਨਾ ਤਾਂ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਕੋਈ ਦਵਾਈ ਭੇਜੀ ਗਈ ਹੈ ਅਤੇ ਨਾ ਹੀ ਕੋਈ ਬਲਾਕ ਪੱਧਰ ਜਾ ਪਿੰਡ ਪੱਧਰ ਤੇ ਲੋਕਾਂ ਨੂੰ ਇਸ ਬਿਮਾਰੀ ਸੰਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ।
ਜਦ ਕਿ ਇਸ ਬਿਮਾਰੀ ਨੂੰ ਪੰਜਾਬ ਅੰਦਰ ਫੈਲਿਆਂ ਲੱਗਭੱਗ ਇੱਕ ਮਹੀਨਾ ਹੋਣ ਵਾਲਾ ਹੈ। ਉਸ ਤੋਂ ਵੱਡੀ ਫਿਕਰਮੰਦ ਹੋਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਪਸ਼ੂ ਮਰ ਰਹੇ ਹਨ ਉਹਨਾ ਨੂੰ ਟੋਆ ਆਦਿ ਪੁੱਟ ਕੇ ਜ਼ਮੀਨ ’ਚ ਦੱਬਣ ਦੀ ਜਗ੍ਹਾ ਹੱਡਾ ਰੋੜੀ ਵਿੱਚ ਖੁੱਲ੍ਹੇ ਅਸਮਾਨ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਕੁੱਤੇ ਬਿਮਾਰੀ ਨਾਲ ਪੀੜਤ ਪਸ਼ੂਆਂ ਨੂੰ ਖਾ ਰਹੇ ਹਨ। ਅਤੇ ਇਸ ਤਰ੍ਹਾਂ ਨਾਲ ਮਹਾਂਮਾਰੀ ਫੈਲਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ। ਇਹ ਲਾਗ ਦੀ ਬਿਮਾਰੀ ਇੱਕ ਤੋਂ ਦੂਸਰੇ ਪਸ਼ੂ ਨੂੰ ਜਲਦੀ ਫੈਲਦੀ ਜਾ ਰਹੀ ਹੈ। ਜਿਸ ਤਰ੍ਹਾਂ ਇਨਸਾਨਾਂ ਵਿੱਚ ਮਹਾਂਮਾਰੀ ਕਰੋਨਾ ਨੂੰ ਦੇਖਿਆ ਗਿਆ ਸੀ। ਤਕਰੀਬਨ ਉਹੀ ਹਾਲ ਮੌਜੂਦਾ ਸਮੇਂ ਪਸ਼ੂਆਂ ਵਿੱਚ ਦੇਖਿਆ ਜਾ ਰਿਹਾ ਹੈ। ਲੋੜ ਹੈ ਇਸ ਬਿਮਾਰੀ ਤੋਂ ਸੁਚੇਤ ਹੋਣ ਦੀ ਅਤੇ ਬਿਮਾਰ ਪਸ਼ੂ ਨੂੰ ਤੰਦਰੁਸਤ ਪਸ਼ੂਆਂ ਤੋਂ ਅਲੱਗ ਰੱਖਿਆ ਜਾਵੇ ਅਤੇ ਧਿਆਨ ਰੱਖਿਆ ਜਾਵੇ ਬਿਮਾਰ ਪਸ਼ੂ ਦਾ ਜੂਠਾ ਪਾਣੀ ਪੱਠੇ ਬਗੈਰਾ ਤੰਦਰੁਸਤ ਪਸ਼ੂਆਂ ਨੂੰ ਨਾ ਖਾਣ ਦਿੱਤੇ ਜਾਣ ਅਤੇ ਲੋੜ ਅਨੁਸਾਰ ਡਾਕਟਰ ਤੋਂ ਇਲਾਜ ਕਰਵਾਇਆ ਜਾਏ। ਪੰਜਾਬ ਸਰਕਾਰ ਸਬੰਧਿਤ ਪਸ਼ੂ ਪਾਲਣ ਵਿਭਾਗ ਸਮਾਂ ਰਹਿੰਦਿਆਂ ਲੋਕਾਂ ਦੀ ਬਾਂਹ ਫੜੇ ਸਰਕਾਰੀ ਪਸ਼ੂ ਡਿਸਪੈਂਸਰੀਆਂ ਵਿੱਚ ਲੋੜੀਂਦੀ ਦਵਾਈ ਮੁਹੱਈਆ ਕਰਵਾਏ ਅਤੇ ਖੁੱਲ੍ਹੇ ਫਿਰਦੇ ਆਵਾਰਾ ਪਸ਼ੂਆਂ ਅਤੇ ਗਊਸ਼ਾਲਾਵਾਂ ਆਦਿ ਵਿੱਚ ਗਾਵਾਂ ਦੇ ਇਲਾਜ਼ ਲਈ ਵਿਸ਼ੇਸ਼ ਪ੍ਰਬੰਧ ਕਰੇ ਅਤੇ ਆਪਣੀ ਬਣਦੀ ਜਿੰਮੇਵਾਰੀ ਨਿਭਾਏ। ਤਾਂਕਿ ਆਉਣ ਵਾਲੀ ਵੱਡੀ ਆਫ਼ਤ ਨਾਲ ਸਮਾਂ ਰਹਿੰਦਿਆਂ ਨਜਿੱਠਿਆ ਜਾ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ