BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਲੇਖ

ਟਾਹਲੀ ਦਾ ਮੁੱਲ

September 14, 2022 01:24 PM

ਸੰਤੋਖ ਪਾਲ

ਚਰਨ ਸਿਉਂ ਬਹੁਤ ਦੇਰ ਤੱਕ ਟਿਕਟਿਕੀ ਲਗਾ ਕੇ ਉਸ ਟਾਹਲੀ ਵੱਲ ਦੇਖਦਾ ਰਿਹਾ। ਇਹ ਟਾਹਲੀ ਕਰੀਬ ਚਾਲੀ ਸਾਲ ਪਹਿਲਾਂ ਚਰਨ ਸਿਉਂ ਦੇ ਪਿਤਾ ਨੇਕ ਸਿੰਘ ਨੇ ਆਪਣੇ ਹੱਥੀਂ ਆਪਣੇ ਖੇਤ ਵਿੱਚ ਲਗਾਈ ਸੀ। ਨੇਕ ਸਿੰਘ ਕਿਹਾ ਕਰਦਾ ਸੀ, “ਰੁੱਖ ਸਾਨੂੰ ਛਾਂ ਦਿੰਦੇ ਨੇ, ਫਲ ਦਿੰਦੇ ਨੇ, ਇਹ ਸਾਡਾ ਸਹਾਰਾ ਨੇ, ਇਹ ਟਾਹਲੀ ਕਦੇ ਮੇਰੇ ਪੁੱਤ ਪੋਤਿਆਂ ਦੇ ਕੰਮ ਆਵੇਗੀ।’’ ਨੇਕ ਸਿੰਘ ਦਾ ਪਰਿਵਾਰ ਸੁੱਖ ਨਾਲ ਬਹੁਤ ਵੱਡਾ ਸੀ। ਉਸਦੇ ਤਿੰਨ ਭਰਾ ਅਤੇ ਦੋ ਭੈਣਾਂ ਹੋਰ ਸਨ। ਨੇਕ ਸਿੰਘ ਸਾਰਿਆਂ ਨਾਲੋਂ ਵੱਡਾ ਸੀ। ਉਸਦਾ ਪੁੱਤਰ ਚਰਨ ਸਿਉਂ ਉਸ ਸਮੇਂ ਛੇ-ਸੱਤ ਵਰਿਆਂ ਦਾ ਸੀ, ਜਦੋਂ ਨੇਕ ਸਿੰਘ ਨੇ ਇਹ ਟਾਹਲੀ ਆਪਣੇ ਖੇਤ ਵਿੱਚ ਲਗਾਈ ਸੀ। ਚਰਨ ਸਿਉਂ ਹਰ ਰੋਜ ਆਪਣੇ ਪਿਤਾ ਨਾਲ ਖੇਤ ਆਉਂਦਾ। ਉਸਨੇ ਇਸ ਟਾਹਲੀ ਨੂੰ ਵੱਡੇ ਹੁੰਦਿਆਂ ਦੇਖਿਆ ਸੀ। ਉਹ ਘੁੱਗੀਆਂ ਕਬੂਤਰਾਂ ਅਤੇ ਹੋਰ ਪੰਛੀਆਂ ਨੂੰ ਇਸ ਟਾਹਲੀ ‘ਤੇ ਆਲ੍ਹਣਾ ਬਣਾਉਂਦੇ ਦੇਖਕੇ ਬਹੁਤ ਖੁਸ ਹੁੰਦਾ।
ਚਰਨ ਸਿਉਂ ਜਦੋਂ ਪੰਦਰਾਂ ਕੁ ਸਾਲਾਂ ਦਾ ਹੋਇਆ ਤਾਂ ਇੱਕ ਵਾਰ ਉਸਨੇ ਘੁੱਗੀ ਦੇ ਆਲ੍ਹਣੇ ਵਿੱਚੋਂ ਅੰਡਿਆਂ ਨੂੰ ਹੇਠਾਂ ਜ਼ਮੀਨ ’ਤੇ ਸੁੱਟ ਦਿੱਤਾ ਪਰ ਕਿਸਮਤ ਨਾਲ ਅੰਡੇ ਟੁੱਟੇ ਨਹੀਂ। ਨੇਕ ਸਿੰਘ ਨੇ ਉਸਨੂੰ ਬਹੁਤ ਘੂਰਿਆ ਅਤੇ ਕਿਹਾ, “ਇਹ ਤਾਂ ਇਹਨਾਂ ਵਿਚਾਰਿਆਂ ਦਾ ਘਰ ਹੈ, ਤੂੰ ਇਹਨਾਂ ਨੂੰ ਘਰੋਂ ਕੱਢ ਕੇ ਬੇਘਰ ਕਰ ਦਿੱਤਾ। ਪੁੱਤ, ਇਵੇਂ ਕਰਨ ਨਾਲ ਪਾਪ ਲੱਗਦਾ ਹੁੰਦੈ।’’ ਆਪਣੇ ਪਿਤਾ ਦੇ ਕਹਿਣ ’ਤੇ ਉਸਨੇ ਘੁੱਗੀ ਦੇ ਅੰਡੇ ਫਿਰ ਆਲ੍ਹਣੇ ਵਿੱਚ ਰੱਖ ਦਿੱਤੇ। ਉਸ ਤੋਂ ਬਾਅਦ ਉਸਨੇ ਕਦੇ ਵੀ ਇਸ ਟਾਹਲੀ ਤੋਂ ਕਿਸੇ ਪੰਛੀ ਦਾ ਆਲ੍ਹਣਾ ਨਹੀਂ ਉਜਾੜਿਆ। ਪਤਾ ਨਹੀਂ ਉਹ ਆਪਣੇ ਪਿਤਾ ਦੀ “ਪਾਪ ਲੱਗਣ’’ ਵਾਲੀ ਗੱਲ ਤੋਂ ਡਰ ਗਿਆ ਸੀ।
ਨੇਕ ਸਿੰਘ ਦੇ ਪਰਿਵਾਰ ਕੋਲ ਪਹਿਲਾਂ ਚਾਰ ਕੁ ਵਿੱਘੇ ਜਮੀਨ ਸੀ। ਸਾਰੇ ਭਰਾਵਾਂ ਨੂੰ ਇੱਕ-ਇੱਕ ਵਿੱਘਾ ਜਮੀਨ ਮਸਾਂ ਆਉਂਦੀ ਸੀ ਪਰ ਨੇਕ ਸਿੰਘ ਨੇ ਆਪਣੇ ਭਰਾਵਾਂ ਨਾਲ ਰਲ ਕੇ ਖੂਬ ਮਿਹਨਤ ਕੀਤੀ। ਉਸਨੇ ਆਪਣੇ ਦੋ ਬਲਦਾਂ ਦੀ ਜੋੜੀ ਨਾਲ ਖੇਤੀ ਕਰ ਕਰ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਜੋੜਕੇ ਆਪਣੇ ਹਿੱਸੇ ਆਉਂਦੀ ਇੱਕ ਵਿੱਘਾ ਜਮੀਨ ਨੂੰ ਤਿੰਨ ਕਿੱਲਿਆਂ ਵਿੱਚ ਤਬਦੀਲੀ ਕਰ ਲਿਆ। ਹੁਣ ਜਵਾਨ ਹੋਇਆ ਚਰਨ ਸਿਉਂ ਵੀ ਹਾੜੀ ਸਾਉਣੀ ਆਪਣੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦਾ। ਉਹ ਦੋਵੇਂ ਪਿਉ ਪੁੱਤ ਰਲ ਕੇ ਲੋਕਾਂ ਦੇ ਬੀੜ੍ਹੀ ’ਤੇ ਕੰਮ ਕਰਵਾਉਂਦੇ ਅਤੇ ਫਿਰ ਆਪਣਾ ਕੰਮ ਸਮੇਟਦੇ। ਮੈਂ ਉਹਨਾਂ ਨੂੰ ਸਵੇਰੇ ਚਾਰ ਵਜੇ ਹਲ ਜੋੜ ਕੇ ਖੇਤਾਂ ਨੂੰ ਜਾਂਦੇ ਵੇਖਿਆ ਹੈ। ਨੇਕ ਸਿੰਘ ਨੇ ਆਪਣੇ ਖਰਚਿਆਂ ਨੂੰ ਸੀਮਿਤ ਰੱਖਕੇ ਇੱਕ ਕੱਚੀ ਸਵਾਤ ਅਤੇ ਇੱਕ ਰਾਹ ਵਾਲੀ ਬੈਠਕ ਵਿੱਚ ਸਾਰੀ ਉਮਰ ਕੱਢ ਲਈ ਸੀ। ਆੜਤੀਆਂ ਨਾਲ ਹਰੇਕ ਛਿਮਾਹੀ ਹਿਸਾਬ-ਕਿਤਾਬ ਕਰਨ ਲਈ ਚਰਨ ਸਿਉਂ ਆਪਣੇ ਪਿਤਾ ਦੇ ਨਾਲ ਸਹਿਰ ਜਾਂਦਾ। ਉਹ ਇੱਕ ਫਸਲ ਵੇਚ ਕੇ ਅਗਲੇ ਛੇ ਮਹੀਨਿਆਂ ਦੇ ਖਰਚੇ ਲਈ ਆੜਤੀਏ ਤੋਂ ਦਸ ਵੀਹ ਹਜਾਰ ਰੁਪਏ ਫੜ ਲਿਆਉਂਦੇ। ਨੇਕ ਸਿੰਘ ਦੀ ਮੌਤ ਤੋਂ ਬਾਅਦ ਇਸੇ ਟਾਹਲੀ ਹੇਠਾਂ ਉਸਦੀ ਮੜ੍ਹੀ ਬਣਾਈ ਗਈ ਜੋ ਵੱਡ-ਵਡੇਰਿਆਂ ਤੋਂ ਬਣਦੀ ਆਈ ਸੀ। ਮੈਂ ਉਸ ਤੋਂ ਬਾਅਦ ਕਦੇ ਚਰਨ ਸਿਉਂ ਨੂੰ ਆਰਾਮ ਕਰਦੇ ਨਹੀਂ ਦੇਖਿਆ। ਉਸ ਨੇ ਆਪਣੇ ਪਿਤਾ ਦੀ ਬਣਾਈ ਹੋਈ ਜ਼ਮੀਨ ਨੂੰ ਪੁੱਤਰਾਂ ਵਾਂਗ ਪਿਆਰ ਕੀਤਾ।
ਅੱਜ ਚਰਨ ਸਿਉਂ ਦੇ ਪੁੱਤਰ ਦਾ ਕੈਨੇਡਾ ਤੋਂ ਫੋਨ ਆਇਆ ਕਿ ਬਾਪੂ ਮੈਨੂੰ ਪੈਸਿਆਂ ਦੀ ਸਖਤ ਜ਼ਰੂਰਤ ਹੈ। ਚਰਨ ਸਿਉਂ ਨੇ ਆਪਣੇ ਪੁੱਤਰ ਨੂੰ ਤਿੰਨ ਸਾਲ ਪਹਿਲਾਂ ਆਪਣੀ ਦੋ ਕਿੱਲੇ ਜਮੀਨ ਵੇਚ ਕੇ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ। ਪਹਿਲਾਂ ਆਈਲੈਟਸ ਵਾਲੀ ਕੁੜੀ ਲੱਭੀ ਅਤੇ ਫਿਰ ਸਰਤ ਮੁਤਾਬਕ ਵਿਆਹ ’ਤੇ ਮੋਟਾ ਪੈਸਾ ਖਰਚ ਕੀਤਾ। ਆਪਸੀ ਗਲਤਫਹਿਮੀਆਂ ਕਰਕੇ ਚਰਨ ਸਿਉਂ ਦੇ ਪੁੱਤਰ ਅਤੇ ਉਸਦੀ ਨੂੰਹ ਦਾ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਹੀ ਤਲਾਕ ਹੋ ਗਿਆ ਸੀ। ਕੋਵਿਡ ਦੇ ਚਲਦਿਆਂ ਸਾਰੇ ਕੰਮਕਾਜ ਠੱਪ ਹੋ ਗਏ। ਇਸੇ ਦੌਰਾਨ ਚਰਨ ਸਿਉਂ ਦਾ ਪੁੱਤਰ ਕੈਨੇਡਾ ਵਿੱਚ ਕਿਸੇ ਗਲਤ ਸੰਗਤ ਦੇ ਅੜਿੱਕੇ ਆ ਗਿਆ। ਜਿਸ ਕਰਕੇ ਚਰਨ ਸਿਉਂ ਹੁਣ ਮਾਨਸਿਕ ਤੌਰ ’ਤੇ ਠੀਕ ਨਹੀਂ ਰਹਿੰਦਾ ਸੀ। ਆਪਣਾ ਪੁੱਤ ਵੀ ਘਰੋਂ ਬੇਘਰ ਹੋਇਆ, ਜਮੀਨ ਵੀ ਵਿਕ ਗਈ ਅਤੇ ਅਜੇ ਵੀ ਚੰਗੇ ਭਵਿੱਖ ਦੀ ਕੋਈ ਆਸ ਨਹੀਂ ਬੱਝ ਰਹੀ ਸੀ।
ਇਹ ਜ਼ਮੀਨ ਦਾ ਆਖਰੀ ਕਿੱਲਾ ਬਚਿਆ ਸੀ, ਜਿਸ ਵਿੱਚ ਚਰਨ ਸਿਉਂ ਦੇ ਪਿਤਾ ਸਵ. ਨੇਕ ਸਿੰਘ ਦੀ ਮੜ੍ਹੀ ਵਾਲੀ ਟਾਹਲੀ ਖੜ੍ਹੀ ਸੀ। ਉਹ ਆਪਣੀ ਜ਼ਮੀਨ ਨੂੰ ਬਚਾਉਣ ਲਈ ਅੱਜ ਇਸ ਟਾਹਲੀ ਦਾ ਮੁੱਲ ਕਰ ਰਿਹਾ ਸੀ। ਚਰਨ ਸਿਉਂ ਮੇਰਾ ਬਚਪਨ ਦਾ ਦੋਸਤ ਅਤੇ ਮੇਰੇ ਖੇਤ ਦਾ ਗੁਆਂਢੀ ਸੀ। ਟਾਹਲੀ ਖਰੀਦਣ ਵਾਲੇ ਉਸ ਨੂੰ ਟਾਹਲੀ ਦਾ ਮੁੱਲ ਪੁੱਛ ਰਹੇ ਸਨ ਪਰ ਆਪਣੇ ਪਿਤਾ ਦੇ ਖੂਨ ਪਸੀਨੇ ਦੀ ਕਮਾਈ ਅਤੇ ਆਪਣੇ ਹੱਥੀਂ ਕੀਤੀ ਹੋਈ ਮਿਹਨਤ ਦਾ ਮੁੱਲ ਦੱਸਣ ਵੇਲੇ ਚਰਨ ਸਿਉਂ ਦਾ ਸਰੀਰ ਕੰਬ ਰਿਹਾ ਸੀ। ਉਹ ਆਪਣੇ ਆਪ ਨੂੰ ਬੇਘਰ ਹੁੰਦਾ ਮਹਿਸੂਸ ਕਰ ਰਿਹਾ ਸੀ। ਟਾਹਲੀ ਵੇਚਣ ਦਾ ਹੌਂਸਲਾ ਨਾ ਪੈਂਦਾ ਦੇਖਕੇ ਉਹ ਫੇਰ ਦੂਰ ਜਾ ਕੇ ਇੱਕ ਵੱਟ ’ਤੇ ਬੈਠ ਗਿਆ ਅਤੇ ਮੈਂ ਟਾਹਲੀ ’ਤੇ ਬਣੇ ਆਲ੍ਹਣਿਆਂ ਵਿੱਚੋਂ ਆਪਣੇ ਬੱਚਿਆਂ ਲਈ ਚੋਗਾ ਲੱਭ ਕੇ ਵਾਪਸ ਆਲ੍ਹਣੇ ਵਿੱਚ ਆਉਂਦੇ ਪੰਛੀਆਂ ਨੂੰ ਦੇਖਦਾ ਰਿਹਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ