ਲੇਖ

ਸਿਫਾਰਸ਼ੀ ਟੱਟੂ

September 24, 2022 11:33 AM

ਬਰਜਿੰਦਰ ਕੌਰ ਬਿਸਰਾਓ

ਸਾਡੇ ਦੇਸ਼ ਵਿੱਚ ਨੌਕਰੀ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮੰਨਿਆ ਕਿ ਤੁਸੀਂ ਬਹੁਤ ਪੜ੍ਹ ਲਿਖ ਗਏ ਹੋਵੋਗੇ, ਤੁਹਾਡੇ ਬਹੁਤ ਨੰਬਰ ਵੀ ਆ ਗਏ ਹੋਣਗੇ, ਤੁਸੀਂ ਬਹੁਤ ਚਲਾਕ ਚੁਸਤ ਵੀ ਬਹੁਤ ਹੋਵੋਗੇ ,ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਟ੍ਰੇਨਿੰਗਾਂ ਦੇ ਸਰਟੀਫਿਕੇਟ ਹੋਣਗੇ ਤੁਹਾਡੇ ਕੋਲ, ਹੋ ਸਕਦਾ ਤੁਸੀਂ ਹਰ ਨੌਕਰੀ ਦੀ ਯੋਗਤਾ ਨੂੰ ਪੂਰਾ ਕਰਦੇ ਹੋਵੋਗੇ ਪਰ ਕੀ ਫਾਇਦਾ ਐਡੀਆਂ ਮੱਲਾਂ ਮਾਰਨ ਦਾ? ਸੋਚਿਆ ਕਦੇ ...?
ਐਨਾ ਸਭ ਕੁਛ ਹਾਸਲ ਕਰਨ ਦਾ ਓਨਾ ਚਿਰ ਤੱਕ ਕੋਈ ਫਾਇਦਾ ਨਹੀਂ ਜਿੰਨਾਂ ਚਿਰ ਤੱਕ ਤੁਹਾਡੇ ਕੋਲ ਕੋਈ ਸਿਫਾਰਸ਼ ਲਾਉਣ ਵਾਲਾ ਵੱਡਾ ਬੰਦਾ ਹੱਥ ਵਿੱਚ ਨਹੀਂ, ਇੱਕ ਅੱਧਾ ਦੂਰ ਦਾ ਰਿਸਤੇਦਾਰ ਉੱਚੇ ਅਹੁਦੇ ਤੇ ਨੀ ਲੱਗਿਆ ਹੋਇਆ, ਜਿੰਨਾਂ ਚਿਰ ਤੁਸੀਂ ਨੌਕਰੀ ਹਾਸਲ ਕਰਨ ਲਈ ਵੱਡਿਆਂ ਬੰਦਿਆਂ ਤੋਂ ਵੱਡੀ ਸਿਫਾਰਸ਼ ਨਹੀਂ ਲਵਾਉਂਦੇ। ਫਿਰ ਜੇ ਆਪਣੇ ਦਮ ਤੇ ਨੌਕਰੀ ਲੱਭ ਵੀ ਲਈ ਤਾਂ ਓਹਦਾ ਕੀ ਫਾਇਦਾ? ਆਪਣੇ ਦਮ ਤੇ ਨੌਕਰੀ ਲੱਭਣ ਵਾਲਿਆਂ ਦੀ ਕਿਹੜਾ ਐਨੀ ਟੌਹਰ ਹੁੰਦੀ ਹੈ ਜਿੰਨੀ ਸਿਫਾਰਸ਼ੀ ਟੱਟੂਆਂ ਦੀ।
ਆਪਾਂ ਕਿਸੇ ਵੀ ਖੇਤਰ ਵਿੱਚ ਵੱਡੀ ਤੋਂ ਵੱਡੀ ਜਾਂ ਛੋਟੀ ਤੋਂ ਛੋਟੀ, ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਵਿੱਚ ਚਲੇ ਜਾਈਏ ਉਥੇ ਤੁਹਾਨੂੰ ਸਭ ਤੋਂ ਵੱਡੇ ਅਫਸਰ ਜਾਂ ਸੰਸਥਾ ਦੇ ਮਾਲਕ ਦੇ ਦੁਆਲੇ ਇੱਕ ਅੱਧਾ ਕਰਮਚਾਰੀ ਆਏਂ ਘੁੰਮਦਾ ਨਜ਼ਰ ਆਉਂਦਾ ਦਿਸੇਗਾ ਜਿਵੇਂ ਗੁੜ ਦੇ ਆਲੇ-ਦੁਆਲੇ ਇੱਕ ਵੱਡੀ ਮੱਖੀ ਘੁੰਮਦੀ ਹੋਵੇ। ਉਸ ਮੱਖੀ ਦੀ ਟੌਰ ਹੀ ਵੱਖਰੀ ਹੁੰਦੀ ਹੈ। ਪਹਿਲਾਂ ਆਪਾਂ ਸਰਕਾਰੀ ਦਫਤਰਾਂ ਵਿੱਚ ਸਿਫਾਰਸ਼ੀ ਟੱਟੂਆਂ ਦੀ ਗੱਲ ਕਰਦੇ ਹਾਂ।
ਉਂਝ ਤਾਂ ਸਰਕਾਰੀ ਕਰਮਚਾਰੀ ਇੱਕ ਦੂਜੇ ਤੋਂ ਬਹੁਤਾ ਡਰਦੇ ਨਹੀਂ ਹੁੰਦੇ ਤੇ ਨਾ ਦਬਕੇ ਰਹਿੰਦੇ ਹਨ ਕਿਉਂਕਿ ਉਹਨਾਂ ਦੀ ਨੌਕਰੀ ਦੀ ਰੱਖਿਆ ਦੀਆਂ ਡੋਰਾਂ ਸਰਕਾਰਾਂ ਦੇ ਹੱਥ ਵਿੱਚ ਹੁੰਦੀਆਂ ਹਨ ਅਤੇ ਉਹ ਪੂਰੀ ਕਾਬਲੀਅਤ ਦੇ ਅਧਾਰ ’ਤੇ ਉੱਥੇ ਤੱਕ ਪਹੁੰਚੇ ਹੁੰਦੇ ਹਨ।
ਪਰ ਫਿਰ ਵੀ ਜੇ ਕੋਈ ਬਹੁਤੀ ਤਾਕਤ, ਜ਼ੋਰ ਅਜ਼ਮਾਈ ਵਾਲਾ ਬੰਦਾ ਲੱਗ ਵੀ ਜਾਵੇ, ਜਿਸ ਦਾ ਕੋਈ ਰਿਸਤੇਦਾਰ ਜਾਂ ਜਾਣ ਪਛਾਣ ਵਾਲਾ ਬੰਦਾ ਕੋਈ ਮੰਤਰੀ ਜਾਂ ਉਸ ਦੇ ਨੇੜਲੇ ਅਹੁਦੇ ’ਤੇ ਹੋਵੇ ਜਾਂ ਉਸੇ ਸੰਸਥਾ ਦੇ ਕਿਸੇ ਖਾਸ ਉੱਚੇ ਅਹੁਦੇ ’ਤੇ ਲੱਗਿਆ ਹੋਵੇ ਤਾਂ ਬਾਕੀਆਂ ਨਾਲੋਂ ਉਹਦੀ ਟੌਹਰ ਵੱਖਰੀ ਹੁੰਦੀ ਹੈ। ਸਾਰੇ ਉਸ ਨੂੰ ਉੱਚੀ ਨਿਗਾਹ ਨਾਲ ਦੇਖਦੇ ਹਨ। ਜੇ ਕਿਤੇ ਕੋਈ ਬਹੁਤਾ ਆਪਣੀ ਕਾਬਲੀਅਤ ਦਾ ਜ਼ੋਰ ਦਿਖਾਉਣ ਵਾਲਾ ਬੰਦਾ ਉਹੋ ਜਿਹੇ ਬੰਦੇ ਨੂੰ ਆਪਣੀ ਕਾਬਲੀਅਤ ਦੀ ਤਾਕਤ ਦਿਖਾਉਣ ਲੱਗੇ ਤਾਂ ਆਪਣੀ ਤਾਕਤ ਦਿਖਾਉਣ ਦੀ ਨੁਮਾਇਸ਼ ਲਾਉਣ ਲੱਗਿਆ ਜ਼ਰਾ ਦੇਰ ਨਹੀਂ ਲਾਉਂਦਾ, ਉਹ ਕਹਿ ਕੇ ਜਾਂ ਤਾਂ ਬਦਲੀ ਕਰਵਾ ਸਕਦਾ ਹੈ ਜਾਂ ਤਰੱਕੀ (ਪ੍ਰਮੋਸ਼ਨ) ਦੀ ਫਾਈਲ ਵੀ ਰੁਕਵਾ ਸਕਦਾ ਹੈ। ਇਹ ਤਾਂ ਉਸ ਦੀ ਰਹਿਮਦਿਲੀ ਤੇ ਨਿਰਭਰ ਕਰਦਾ ਹੈ ਕਿ ਉਹ ਕੋਈ ਸਖਤ ਕਾਰਵਾਈ ਕਰਵਾ ਰਿਹਾ ਹੈ ਜਾਂ ਨਰਮ ਹੀ।
ਸਿਫਾਰਸ਼ੀ ਟੱਟੂਆਂ ਦੀ ਦੂਜੀ ਕੈਟਾਗਰੀ ਪ੍ਰਾਈਵੇਟ ਜਾਂ ਨਿੱਜੀ ਸੰਸਥਾਵਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਹਨਾਂ ਸੰਸਥਾਵਾਂ ਵਿੱਚ ਕਈ ਵਾਰੀ ਕੋਈ ਪੋਸਟ ਨਾ ਹੁੰਦੇ ਹੋਏ ਵੀ ਮਾਲਕਾਂ ਜਾਂ ਵੱਡੇ ਅਫਸਰ ਵੱਲੋਂ ਕੋਈ ਪੋਸਟ ਪੈਦਾ ਕੀਤੀ ਜਾਂਦੀ ਹੈ, ਸਿਫਾਰਸ਼ੀ ਬੰਦੇ ਦੀ ਯੋਗਤਾ ਪੂਰੀ ਨਾ ਹੋਣ ਦੇ ਕਾਰਨ ਵੀ ਕੋਈ ਵੱਖਰੀ ਜਿਹੀ ਕਿਸਮ ਦਾ ਅਹੁਦਾ ਤਿਆਰ ਕਰ ਦਿੱਤਾ ਜਾਂਦਾ ਹੈ, ਉਦਾਹਰਣ ਦੇ ਤੌਰ ’ਤੇ ਕਿਸੇ ਨਿੱਜੀ ਸਕੂਲ ਵਿੱਚ ਨਾ ਅਧਿਆਪਕ ਦੀ ਯੋਗਤਾ ਤੇ ਨਾ ਕਲਰਕ ਦੀ ਯੋਗਤਾ ਰੱਖਣ ਵਾਲੇ ਨੂੰ ਸਟਾਫ ਵਿੱਚ ਇਸ ਤਰ੍ਹਾਂ ਫਿੱਟ ਕਰ ਦਿੱਤਾ ਜਾਂਦਾ ਹੈ ਕਿ ਉਹ ਸਭ ਪਾਸੇ ਮਾਲਕਾਂ ਵਾਂਗ ਆਏਂ ਘੁੰਮਦਾ ਦਿਸੇਗਾ ਕਿ ਜਿਵੇਂ ਸਾਰਾ ਸਕੂਲ ਉਸੇ ਦੇ ਸਿਰ ਤੇ ਚੱਲ ਰਿਹਾ ਹੋਵੇ। ਫਿਰ ਉਸ ਸਿਫਾਰਸ਼ੀ ਟੱਟੂ ਦਾ ਕੰਮ ਵੱਡੇ ਅਫਸਰਾਂ ਕੋਲ ਆਪਣੇ ਨਾਪਸੰਦ ਲੋਕਾਂ ਦੀਆਂ ਚੁਗਲੀਆਂ ਕਰਕੇ ਨੁਕਸਾਨ ਪਹੁੰਚਾਉਣਾ ਵੀ ਹੁੰਦਾ ਹੈ।
ਫਿਰ ਮਜ਼ਾਲ ਹੈ ਕਿ ਕੋਈ ਆਪਣੀ ਨੌਕਰੀ ਖੁੱਸਣ ਦੇ ਡਰ ਤੋਂ ਉਹਨਾਂ ਦਾ ਵਿਰੋਧ ਕਰ ਜਾਵੇ। ਇਹ ਤਾਂ ਕੋਈ ਵਿਰਲਾ ਹੀ ਬੱਬਰ ਸੇਰ ਉੱਠਦਾ ਹੈ ਜੋ ਤੱਤ ਭੜੱਤੇ ਜਾ ਕੇ ਮਾਲਕਾਂ ਕੋਲ ਉਹਦੀ ਪੋਲ ਖੋਲ੍ਹ ਕੇ ਸੰਸਥਾ ਅਤੇ ਬਾਕੀ ਕਰਮਚਾਰੀਆਂ ਦੀ ਉਸ ਤੋਂ ਮੁਕਤੀ ਕਰਵਾਏ। ਕਈ ਕਈ ਵਾਰੀ ਤਾਂ ਦੇਖਣ ਨੂੰ ਆਇਆ ਹੈ ਕਿ ਕਿਸੇ ਸੰਸਥਾ ਦੇ ਮਾਲਕਾਂ ਦੀ ਕੰਮਵਾਲੀ ਦਾ ਪਤੀ ਕਿਤੇ ਸਿਫਾਰਸ ਨਾਲ ਸੰਸਥਾ ਵਿੱਚ ਚਪੜਾਸੀ ਲੱਗ ਜਾਵੇ ਤਾਂ ਵੱਡੇ ਤੋਂ ਛੋਟੇ ਅਹੁਦੇ ਤੱਕ ਦੇ ਸਾਰੇ ਕਰਮਚਾਰੀ ਉਸ ਨੂੰ ਐਨਾ ਸਨਮਾਨ ਪੂਰਵਕ, ਨਿਮਰਤਾ ਪੂਰਵਕ ਪੇਸ਼ ਆਉਂਦੇ ਹਨ ਜਿਵੇਂ ਕਿਤੇ ਉਹਨਾਂ ਦੀ ਨੌਕਰੀ ਤੇ ਕੰਮਕਾਜ ਦੀ ਤਰੱਕੀ ਲਈ ਰਿਪੋਰਟ ਉਸੇ ਨੇ ਤਿਆਰ ਕਰਨੀ ਹੋਵੇ।
ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਸਰਕਾਰੇ ਦਰਬਾਰੇ ਸਿਫਾਰਸ਼ੀ ਟੱਟੂਆਂ ਦੀ ਬਹੁਤ ਬੁੱਕਤ ਹੁੰਦੀ ਹੈ।
ਸਾਡੇ ਦੇਸ਼ ਵਿੱਚ ਜਿੰਨਾ ਚਿਰ ਤੱਕ ਸਿਫਾਰਸ਼ ਦਾ ਕੋਹੜ ਦੂਰ ਨਹੀਂ ਹੁੰਦਾ ਓਨਾਂ ਚਿਰ ਤੱਕ ਵੱਡੇ ਤੋਂ ਵੱਡੇ ਕਾਬਲ ਲੋਕਾਂ ਨੂੰ ਜਾਂ ਤਾਂ ਬੇਰੁਜ਼ਗਾਰ ਘੁੰਮਣਾ ਪਵੇਗਾ ਜਾਂ ਫਿਰ ਉਹਨਾਂ ਦੇ ਕੰਮ ਦੀ ਕਦਰ ਨਹੀਂ ਪਵੇਗੀ। ਜਿਸ ਨਾਲ ਅਸਲੀ ਕਾਬਲ ਕਰਮਚਾਰੀਆਂ ਦਾ ਮਨੋਬਲ ਗਿਰਦਾ ਹੈ ਤੇ ਉਹ ਆਪਣਾ ਕੰਮ ਸੌ ਪ੍ਰਤੀਸ਼ਤ ਦਿਲ ਤੋਂ ਨਾ ਕਰਕੇ ਸਮਾਂ ਟਪਾਉਣ ਅਤੇ ਤਨਖਾਹ ਲੈਣ ਤੱਕ ਦੀ ਡਿਊਟੀ ਹੀ ਪੂਰੀ ਕਰਨ ਲੱਗਦੇ ਹਨ।
ਇਸ ਤਰ੍ਹਾਂ ਕੰਪਨੀਆਂ ਦੇ ਮਾਲਕ ਵੀ ਅਸਿੱਧੇ ਤੌਰ ਤੇ ਆਪਣੇ-ਆਪ ਨੂੰ ਹੀ ਨੁਕਸਾਨ ਪਹੁੰਚਾ ਰਹੇ ਹੁੰਦੇ ਹਨ। ਇਸ ਲਈ ਇਹ ਸਿਫਾਰਸ਼ੀ ਟੱਟੂਆਂ ਦੀ ਹਿਣ-ਹਿਣ ਤੋਂ ਜਿੰਨਾ ਬਚਿਆ ਜਾਵੇ ਓਨਾ ਹੀ ਕਾਰਜ ਖੇਤਰਾਂ, ਸੰਸਥਾਵਾਂ ਅਤੇ ਦੇਸ਼ ਲਈ ਲਾਹੇਵੰਦ ਹੋ ਸਕਦਾ ਹੈ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ