ਲੇਖ

ਹਲਕਾਅ ਤੋਂ ਬਚਾਣ ਦੇ ਉਪਾਅ

September 28, 2022 11:44 AM

ਨਰਿੰਦਰ ਪਾਲ ਸਿੰਘ

ਵਿਸ਼ਵ ਰੇਬੀਜ਼ ਦਿਵਸ ਪਹਿਲੀ ਰੇਬੀਜ਼ ਵੈਕਸੀਨ ਦੀ ਖੋਜ਼ ਕਰਨ ਵਾਲੇ ਫ਼ਰਾਂਸਿਸੀ ਵਿਗਿਆਨੀ ਲੂਈਸ ਪਾਸਚਰ ਦੀ ਮੌਤ ਦੀ ਵਰ੍ਹੇਗੰਢ ਵਾਲੇ ਦਿਨ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ ਜੋ ਮੁੱੱਖ ਮਨੋਰਥ ਲੋਕਾਂ ਨੂੰ ਰੇਬੀਜ਼ (ਹਲਕਾਅ) ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ।
ਰੇਬੀਜ਼ (ਹਲਕਾਅ) ਇੱਕ ਘਾਤਕ ਵਾਇਰਲ ਇਨਫੈਕਸ਼ਨ ਹੈ ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਬਿਮਾਰੀ ਜ਼ੂਨੋਟਿਕ ਹੈ ਭਾਵ ਇਹ ਇੱਕ ਪ੍ਰਜਾਤੀ ਤੋਂ ਦੂਜੀ ਵਿੱਚ ਫੈਲ ਸਕਦੀ ਹੈ, ਜਿਵੇਂ ਕਿ ਕੁੱਤਿਆਂ ਤੋਂ ਮਨੁੱਖਾਂ ਵਿੱਚ, ਆਮ ਤੌਰ ’ਤੇ ਕਿਸੇ ਸੰਕਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ। ਇੱਕ ਮਨੁੱਖ ਲਈ, ਰੇਬੀਜ਼ ਲਗਭਗ ਹਮੇਸ਼ਾਂ ਘਾਤਕ ਹੁੰਦਾ ਹੈ ਜੇਕਰ ਹਾਦਸੇ ਤੋਂ ਬਾਅਦ ਤੁਰੰਤ ਇਸ ਤੋਂ ਬਚਾਅ ਲਈ ਉਪਰਾਲਾ ਨਹੀਂ ਕੀਤਾ ਜਾਂਦਾ ਹੈ। ਰੇਬੀਜ਼ ਵਾਇਰਸ ਕੇਂਦਰੀ ਨਸ ਪ੍ਰਣਾਲੀ ਨੂੰ ਸੰਕਰਮਿਤ ਕਰਦਾ ਹੈ, ਅੰਤ ਵਿੱਚ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ। ਰੇਬੀਜ਼ ਵਾਇਰਸ ਪੈਰੀਫਿਰਲ ਨਸਾਂ ਰਾਹੀਂ ਦਿਮਾਗ ਤੱਕ ਜਾਂਦਾ ਹੈ। ਰੇਬੀਜ਼ ਅੰਟਾਰਕਟਿਕਾ ਨੂੰ ਛੱਡ ਕੇ ਸਾਰੇ ਮਹਾਂਦੀਪਾਂ ’ਤੇ ਮੌਜੂਦ ਹੈ। ਲਗਭਗ 80 ਫ਼ੀਸਦੀ ਮਨੁੱਖੀ ਮਾਮਲੇ ਪੇਂਡੂ ਖੇਤਰਾਂ ਵਿੱਚ ਹੁੰਦੇ ਹਨ। ਭਾਰਤ ਵਿੱਚ, ਅੰਡੇਮਾਨ ਅਤੇ ਨਿਕੋਬਾਰ ਅਤੇ ਲਕਸ਼ਦੀਪ ਟਾਪੂਆਂ ਨੂੰ ਛੱਡ ਕੇ ਸਾਰੇ ਦੇਸ਼ ਵਿੱਚ ਮਨੁੱਖੀ ਰੇਬੀਜ਼ ਦੇ ਮਾਮਲੇ ਸਾਹਮਣੇ ਆਉਂਦੇ ਹਨ। 99 ਫ਼ੀਸਦੀ ਮਾਮਲਿਆਂ ਵਿੱਚ ਘਰੇਲੂ ਕੁੱਤੇ ਮਨੁੱਖਾਂ ਵਿੱਚ ਲਾਗ ਦਾ ਸੰਚਾਰ ਕਰ ਰਹੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਕੁੱਤੇ ਦੇ ਕੱਟਣ ਤੋਂ ਹੋਣ ਵਾਲੇ ਰੇਬੀਜ਼ ਨਾਲ ਹਰ ਸਾਲ ਕਰੀਬ 55 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਮੁੱਖ ਰੂਪ ਵਿੱਚ ਏਸ਼ੀਆ ਅਤੇ ਅਫ਼ਰੀਕਾ ਨਾਲ ਸਬੰਧਤ ਹੁੰਦੇ ਹਨ। ਭਾਰਤ ਨਾਲ ਸਬੰਧਤ ਅੰਕੜੇ ਪੂਰਨ ਰੂਪ ਵਿੱਚ ਉਪਲੱਬਧ ਨਹੀਂ ਹਨ ਪਰ ਕਰੀਬ 18 ਤੋਂ 20 ਹਜ਼ਾਰ ਮੌਤਾਂ ਦਾ ਅੰਦਾਜਾ ਹੈ। ਇਹਨਾਂ ਵਿੱਚ ਕਰੀਬ 30 ਤੋਂ 60 ਫ਼ੀਸਦੀ 15 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਹਨ।
ਲੱਛਣ: ਰੇਬੀਜ਼ ਸੰਕਰਮਿਤ ਜਾਨਵਰ ਦੇ ਕੱਟਣ ਉਪਰੰਤ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਵਿੱਚ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਜੋ ਕਿ ਕੱਟ ਵਾਲੀ ਜਗ੍ਹਾ, ਵਾਇਰਸ ਦੀ ਤੀਬਰਤਾ ਅਤੇ ਵਾਇਰਸ ਦੀ ਕੇਂਦਰੀ ਨਸ ਪ੍ਰਣਾਲੀ ਤੋਂ ਦੂਰੀ ’ਤੇ ਨਿਰਭਰ ਕਰਦਾ ਹੈ। ਸ਼ੁਰੂਆਤੀ ਲੱਛਣ ਆਮ ਰੋਗਾਂ ਵਾਂਗ ਮਾਮੂਲੀ ਲਗਦੇ ਹਨ ਜਿਵੇਂ ਬੁਖ਼ਾਰ, ਸਿਰ ਪੀੜ, ਆਮ ਕਮਜ਼ੋਰੀ ਅਤੇ ਬੇਚੈਨੀ। ਪਰ ਜਿਵੇਂ ਜਿਵੇਂ ਬਿਮਾਰੀ ਵਧਦੀ ਹੈ, ਖ਼ਾਸ ਲੱਛਣ ਪ੍ਰਗਟ ਹੋਣ ਲਗਦੇ ਹਨ ਜਿਵੇਂ: ਨੀਂਦ ਨਾ ਆਉਣਾ, ਚਿੰਤਾ, ਇੱਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਭੰਬਲਭੂਸੇ ਵਾਲੀ ਸਥਿਤੀ, ਮੂੰਹ ’ਚੋਂ ਵਧੇਰੇ ਪਾਣੀ ਨਿਕਲਣਾ ਜਾਂ ਲਾਰ ਵਗਣਾ, ਖਾਣਾ ਨਿਗਲਣ ਦੀ ਸਮੱਸਿਆ, ਦੌਰੇ ਪੈਣੇ ਅਤੇ ਪਾਣੀ ਤੋਂ ਡਰ ਲੱਗਣਾ ਆਦਿ। ਜਦੋਂ ਬਿਮਾਰੀ ਅੰਤਮ ਪੜਾਅ ’ਤੇ ਹੁੰਦੀ ਹੈ ਤਾਂ ਪਾਣੀ ਦੀ ਆਵਾਜ਼੍ਰ ਜਿਵੇਂ ਗਿਲਾਸ ਵਿੱਚ ਪਾਣੀ ਪਾਉਣ ਵੇਲੇ ਜਾਂ ਨਜ਼ਦੀਕ ਕਿਸੇ ਬੱਚੇ ਦੇ ਪਿਸ਼ਾਬ ਦੀ ਆਵਾਜ਼, ਇੱਥੋਂ ਤਕ ਕਿ ‘ਪਾਣੀ’ ਸ਼ਬਦ ਸੁਣਾਈ ਦੇਣ ’ਤੇ ਵੀ ਮਰੀਜ਼ ਨੂੰ ਦੌਰਾ ਪੈ ਸਕਦਾ ਹੈ। ਇੱਕ ਵਾਰ ਜਦੋਂ ਵਾਇਰਸ ਦਿਮਾਗ ਵਿੱਚ ਪੁੱਜ ਜਾਵੇ ਤਾਂ ਬਾਕੀ ਲੱਛਣ ਭਾਵੇਂ ਘਟ ਜਾਣ ਪਰ ਇਸ ਇਨਫੈਕਸ਼ਨ ਦਾ ਕੋਈ ਇਲਾਜ ਨਹੀਂ ਹੈ। ਇਸ ਹਾਲਤ ਵਿੱਚ ਦੋ ਤੋਂ ਦਸਾਂ ਦਿਨਾਂ ਦੇ ਅੰਦਰ ਅੰਦਰ ਰੋਗੀ ਦੀ ਮੌਤ ਹੋ ਜਾਂਦੀ ਹੈ। ਮੂੰਹ ਦੇ ਪਾਣੀ (ਲਾਰ) ਵਿੱਚ ਵਾਇਰਸ ਦੀ ਸਭ ਤੋਂ ਵੱਧ ਘਣਤਾ ਹੁੰਦੀ ਹੈ। ਇਸ ਲਈ ਜਾਨਵਰ ਜਦੋਂ ਵੱਢਦਾ ਹੈ ਤਾਂ ਦੰਦਾਂ ਅਤੇ ਮੂੰਹ ਦੇ ਪਾਣੀ ਨਾਲ ਇਹ ਵਾਇਰਸ ਮਨੁੱਖ ਜਾਂ ਦੂਜੇ ਜਾਨਵਰ ਅੰਦਰ ਦਾਖ਼ਲ ਹੁੰਦੇ ਹਨ। 6 ਜੁਲਾਈ 1885 ਨੂੰ ਲੁਈਸ ਪਾਸਚਰ ਵੱਲੋਂ ਰੈਬੀਜ਼ ਵੈਕਸੀਨ ਦੀ ਖੋਜ਼ ਕੀਤੀ ਗਈ ਜਿਸ ਤੋਂ ਬਾਅਦ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਉਣੀ ਸ਼ੁਰੂ ਹੋਈ।
ਇਲਾਜ਼ : ਸਭ ਤੋਂ ਪਹਿਲਾਂ ਜ਼ਖ਼ਮੀ ਨੂੰ ਹੌਸਲਾ ਦਿਓ ਤੇ ਸ਼ਾਂਤ ਰੱਖੋ। ਜ਼ਖ਼ਮ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਵੋ ਅਤੇ ਦਸਤਾਨੇ ਪਾ ਕੇ ਜਖਮ ਦੀ ਸਫ਼ਾਈ ਕਰੋ। ਜ਼ਖ਼ਮ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਧੋਵੋ। ਜਖਮ ’ਤੇ ਕਰੀਬ 15 ਮਿੰਟ ਲਈ ਪਾਣੀ ਵੱਗਣ ਦਿਓ। ਜ਼ਖ਼ਮ ਉੱਤੇ ਕੋਈ ਐਂਟੀਬਾਇਓਟਿਕ ਕਰੀਮ ਲਗਾਓ ਅਤੇ ਪੱਟੀ ਕਰਕੇ ਢੱਕ ਦਿਓ। ਉਸ ਤੋਂ ਬਾਅਦ ਮੁਕੰਮਲ ਇਲਾਜ ਵਾਸਤੇ ਡਾਕਟਰ ਕੋਲ ਲੈ ਜਾਓ। ਜ਼ਖ਼ਮ ਵੱਡਾ ਹੋਵੇ ਤਾਂ ਕਈ ਵਾਰ ਟਾਂਕੇ ਵੀ ਲਵਾਉਣੇ ਪੈਂਦੇ ਹਨ, ਟੈਟਨਸ ਦਾ ਟੀਕਾ ਲਗਾਇਆ ਜਾਂਦਾ ਹੈ। ਜ਼ਖ਼ਮ ਅਤੇ ਕੁੱਤੇ ਦੀ ਹਾਲਤ ਵੇਖ ਕੇ ਬਾਕੀ ਇਲਾਜ ਡਾਕਟਰ ਤਹਿ ਕਰਦੇ ਹਨ। ਰੇਬੀਜ਼ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਵਿੱਚ ਵੈਕਸੀਨ ਨਾਲ ਰੋਕਣਯੋਗ ਬਿਮਾਰੀ ਹੈ। ਇਸਤੋਂ ਬਚਾਅ ਲਈ ਜ਼ਰੂਰੀ ਹੈ ਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਤੁਰੰਤ ਡਾਕਟਰੀ ਸਹਾਇਤਾ ਲਈ ਲਿਜਾਇਆ ਜਾਵੇ। ਇਸਦੇ ਬਚਾਅ ਲਈ ਵੈਕਸੀਨ ਪੂਰੀ ਤਰ੍ਹਾਂ ਕਾਰਗਾਰ ਹੈ। ਇਹ ਵੈਕਸੀਨ ਸਰਕਾਰੀ ਸਿਹਤ ਕੇਂਦਰਾਂ ’ਤੇ ਮੁਫ਼ਤ ਲਗਾਈ ਜਾਂਦੀ ਹੈ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ