BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਲੇਖ

ਰਾਮ ਲੀਲਾ ਨਾਲ ਜੁੜੀਆਂ ਬਚਪਨ ਦੀਆਂ ਯਾਦਾਂ

September 30, 2022 11:28 AM

ਕਰਨੈਲ ਸਿੰਘ ਐਮ.ਏ.

ਭਾਰਤ ਦੇ ਹਰ ਕੋਨੇ-ਕੋਨੇ ਵਿੱਚ ਦੁਸ਼ਹਿਰੇ ਤੋਂ 10-12 ਦਿਨ ਪਹਿਲਾਂ ਪਿੰਡਾਂ ਸ਼ਹਿਰਾਂ ਵਿੱਚ ਕਈ ਥਾਂਵਾਂ ਤੇ ਰਾਮ ਲੀਲਾ ਸ਼ੁਰੂ ਕੀਤੀ ਜਾਂਦੀ ਹੈ। ਰਾਮ ਲੀਲਾ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ, ਉਥੇ ਇਹ ਸਿੱਖਿਆ ਭਰਪੂਰ ਰਾਮ ਲੀਲਾ ਸਿੱਧੇ ਰਸਤੇ ’ਤੇ ਚੱਲਣ ਅਤੇ ਦੁਨੀਆਂ ਦਾ ਮੋਹ ਤਿਆਗ ਕਰਨ ਦੀ ਸਿੱਖਿਆ ਵੀ ਦਿੰਦੀ ਹੈ। ਮੇਰੇ ਆਪਣੇ ਸ਼ਹਿਰ ਕੋਟਕਪੂਰਾ (ਫ਼ਰੀਦਕੋਟ) ਵਿੱਚ ਤਿੰਨ ਥਾਵਾਂ ਤੇ ਦਾਣਾ ਮੰਡੀ, ਮਾਲ ਗੋਦਾਮ ਤੇ ਪੁਰਾਣੇ ਕਿਲ੍ਹੇ ਕੋਲ ਰਾਮ ਲੀਲਾ ਲੱਗਦੀ ਸੀ। ਹੁਣ ਵੀ ਰਾਮ ਲੀਲਾ ਉਪਰੋਕਤ ਥਾਂਵਾਂ ਤੇ ਲੱਗਦੀ ਹੈ ਜਾਂ ਕਿਤੇ ਹੋਰ। ਇਸ ਬਾਰੇ ਮੈਨੂੰ ਪਤਾ ਨਹੀਂ, ਕਿਉਂਕਿ ਮੇਰੀ ਰਿਹਾਇਸ਼ ਲੁਧਿਆਣਾ ਵਿਖੇ ਹੈ। ਕੋਟਕਪੂਰਾ ਸ਼ਹਿਰ ਵਿੱਚ ਬਹੁਤ ਘੱਟ ਹੀ ਚੱਕਰ ਲੱਗਦੇ ਹਨ ਭਾਵ ਜਾਇਆ ਜਾਂਦਾ ਹੈ।
ਰਾਮ ਲੀਲਾ ਦੇਖਣ ਦਾ ਬਚਪਨ ਵਿੱਚ ਸ਼ੌਕ ਹੁੰਦਾ ਸੀ। ਅਸੀਂ ਰਾਤ ਨੂੰ ਰੋਟੀ ਜਲਦੀ ਖਾ ਕੇ ਹੀ ਰਾਮ ਲੀਲਾ ਵੇਖਣ ਲਈ ਜਾਣ ਦੀ ਤਿਆਰੀ ਕਰ ਲੈਂਦੇ ਸੀ। ਲੋਕ ਟੋਲੀਆਂ, ਜੋੋਟੀਆਂ ਬਣਾ ਕੇ ਰਾਮ ਲੀਲਾ ਵੇਖਣ ਜਾਂਦੇ ਸਨ। ਲੋਕ ਆਪਣੇ ਘਰਾਂ ਤੋਂ ਹੀ ਬੈਠਣ ਲਈ ਚੌਂਕੀਆਂ, ਪੀੜ੍ਹੀਆਂ, ਬੋਰੀਆਂ ਹੱਥਾਂ ਵਿੱਚ ਲੈ ਕੇ ਜਾਂਦੇ ਸਨ। ਰਾਮ ਲੀਲਾ ਗਰਾਉੂਂਡ ਵਿੱਚ ਸਭ ਤੋਂ ਅੱਗੇ ਹੀ ਭਾਵ ਸਟੇਜ ਕੋਲ ਹੀ ਇੱਕ-ਦੋ ਦਰੀਆਂ ਵਿਛਾਈਆਂ ਹੁੰਦੀਆਂ ਸਨ। ਬਾਕੀ ਲੋਕ ਆਪਣੇ ਬੈਠਣ ਦਾ ਪ੍ਰਬੰਧ ਆਪ ਹੀ ਕਰਕੇ ਲਿਆਉਂਦੇ ਸਨ ਜਾਂ ਭੁੰਜੇ (ਹੇਠਾਂ) ਹੀ ਬੈਠਦੇ ਸਨ। ਉਸ ਸਮੇਂ ਰਾਮ ਲੀਲਾ ਵੇਖਣ ਲਈ ਲੋਕ ਸ਼ਰਧਾ ਭਾਵਨਾ ਨਾਲ ਅਤੇ ਕੁਝ ਮਨਪ੍ਰਚਾਵੇ ਲਈ ਜਾਂਦੇ ਸਨ। ਰਾਮ ਲੀਲਾ ਅਸੀਂ ਜ਼ਿਆਦਾਤਰ ਦਾਣਾ ਮੰਡੀ ਵਿੱਚ ਹੀ ਵੇਖਣ ਜਾਂਦੇ ਸੀ। ਉਂਝ ਮਾਲ ਗੋਦਾਮ ਵਿੱਚ ਲੱਗਣ ਵਾਲੀ ਰਾਮ ਲੀਲਾ ਵੀ ਕਦੇ-ਕਦੇ ਵੇਖਣ ਚਲੇ ਜਾਂਦੇ ਸੀ। ਦੋਵੇਂ ਰਾਮ ਲੀਲਾ ਨੇੜੇ-ਨੇੜੇ ਹੋਣ ਕਰਕੇ ਪਹਿਲਾਂ ਇਹ ਵੇਖਦੇ ਸੀ ਕਿ ਅੱਜ ਦਾਣਾ ਮੰਡੀ ਵਾਲੀ ਰਾਮ ਲੀਲਾ ਵਿੱਚ ਕੀ ਹੋਣਾ ਹੈ ਤੇ ਮਾਲ ਗੋਦਾਮ ਵਿੱਚ ਹੋ ਰਹੀ ਰਾਮ ਲੀਲਾ ਵਿੱਚ ਕੀ ਹੋਣਾ ਹੈ? ਰਾਮ ਲੀਲਾ ਗਰਾਉੂਂਡ ਵਿੱਚ ਪਹੁੰਚਦਿਆਂ ਸਾਰ ਹੀ ਮੰਮੀ ਤੇ ਚਾਚੀ ਜੀ ਵੱਲੋਂ ਨਸੀਹਤਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਦੂਰ ਨਹੀਂ ਜਾਣਾ, ਨਾ ਹੀ ਕਿਸੇ ਨਾਲ ਲੜਾਈ-ਝਗੜਾ ਕਰਨਾ ਹੈ। ਰਾਮ ਲੀਲਾ ਦੀ ਸਟੇਜ ਤੇ ਸਜਾਵਟ ਬਹੁਤ ਸੁੰਦਰ ਕੀਤੀ ਹੁੰਦੀ ਸੀ। ਔਰਤਾਂ ਤੇ ਲੜਕੀਆਂ ਅਤੇ ਮਰਦਾਂ ਤੇ ਲੜਕਿਆਂ ਦੇ ਬੈਠਣ ਲਈ ਵੱਖਰਾ-ਵੱਖਰਾ ਪ੍ਰਬੰਧ ਹੁੰਦਾ ਸੀ।
ਰਾਮ ਲੀਲਾ ਸ਼ੁਰੂ ਹੋਣ ਤੋਂ ਪਹਿਲਾਂ ਸਟੇਜ ਸੈਕਟਰੀ ਵੱਲੋਂ ਗਰਾਉੂਂਡ ਵਿੱਚ ਆਲੇ-ਦੁਆਲੇ ਘੁੰਮ ਰਹੇ ਸਰੋਤਿਆਂ ਨੂੰ ਸਾਹਮਣੇ ਬੈਠਣ ਲਈ ਅਪੀਲ ਕੀਤੀ ਜਾਂਦੀ ਸੀ। ਰਾਮ ਲੀਲਾ ਰਾਤ 10 ਵਜੇ ਸ਼ੁਰੂ ਹੁੰਦੀ ਸੀ। ਰੋਜ਼ਾਨਾ ਸਭ ਤੋਂ ਪਹਿਲਾਂ ਆਰਤੀ ਹੁੰਦੀ ਸੀ। ਰਾਮ ਲੀਲਾ ਵਿੱਚ ਅੰਨ੍ਹੇ ਮਾਤਾ-ਪਿਤਾ ਦਾ ਸਹਾਰਾ ਸਰਵਣ ਕੁਮਾਰ ਆਪਣੇ ਮਾਮੇ ਦੇ ਹੱਥੋਂ ਮਾਰਿਆ ਜਾਂਦਾ ਹੈ ਅਤੇ ਅੰਨ੍ਹੇ ਮਾਤਾ-ਪਿਤਾ ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗ ਦਿੰਦੇ ਸਨ। ਦਸ਼ਰਥ ਦਾ ਸੰਤਾਨ ਪ੍ਰਾਪਤੀ ਲਈ ਵਿਆਕੁਲ ਹੋਣਾ, ਰਾਮ ਬਨਵਾਸ ਸਮੇਂ ਰਾਮ ਦੇ ਵਿਛੋੜੇ ਵਿੱਚ ਦਸ਼ਰਥ ਦਾ ਮਰ ਜਾਣਾ, ਜੰਗਲ ਵਿੱਚ ਰਾਮ-ਭਰਤ ਮਿਲਾਪ ਦਾ ਦ੍ਰਿਸ਼, ਦਸ਼ਰਥ ਵੱਲੋਂ ਕੈਕਈ ਨੂੰ ਦਿੱਤੇ ਵਚਨ ਪੂਰੇ ਕਰਨਾ, ਸ਼੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਦੇਣਾ, ਰਾਮ-ਰਾਵਣ ਯੁੱਧ ਸਮੇਂ ਲਛਮਣ ਮੁਰਸ਼ਤ, ਹਨੁੁੂਮਾਨ ਵੱਲੋਂ ਲਛਮਣ ਲਈ ਸੰਜੀਵਨੀ ਬੂਟੀ ਲੈ ਕੇ ਆਉਣਾ, ਸੀਤਾ ਦਾ ਰਾਵਣ ਦੀ ਜ਼ੇਲ੍ਹ ਵਿੱਚ ਰਹਿ ਕੇ ਅਨੇਕਾਂ ਤਰ੍ਹਾਂ ਦੇ ਦੁੱਖ ਸਹਿ ਕੇ ਵੀ ਆਪਣਾ ਧਰਮ ਨਾ ਛੱਡਣਾ, ਸੀਤਾ-ਸਤੀ ਕਹਾਉਣ ਆਦਿ ਦ੍ਰਿਸ਼ ਸਾਡੇ ਬਾਲ ਮਨਾਂ ਨੂੰ ਹਿਲਾ ਕੇ ਰੱਖ ਦਿੰਦੇ ਹਨ। ਇਸ ਲਈ ਇਹਨਾਂ ਸਾਰੇ ਦਿ੍ਰਸ਼ਾਂ ਨੂੰ ਰਾਮ ਲੀਲਾ ਦੇਖ ਰਹੇ ਲੋਕ ਬੜੀ ਨੀਝ ਲਾ ਕੇ ਦੇਖਦੇ ਹੁੰਦੇ ਸੀ।
ਰਾਮ ਲੀਲਾ ਗਰਾਉੂਂਡ ਵਿੱਚ ਭਾਰੀ ਤਾਦਾਦ ਵਿੱਚ ਲੋਕ ਪਹੁੰਚਦੇ ਸਨ। ਕਈ ਵਾਰ ਕਿਸੇ ਦਾ ਬੱਚਾ ਇਧਰ-ਉਧਰ ਹੋ ਗਿਆ ਤਾਂ ਉਹ ਝੱਟ ਸਟੇਜ ਸੈਕਟਰੀ ਨੂੰ ਜਾ ਕੇ ਕਹਿ ਦਿੰਦੇ ਸਨ ਕਿ ਸਾਡਾ ਬੱਚਾ ਗੁੰਮ ਹੋ ਗਿਆ ਹੈ। ਉਸ ਦੇ ਗੁੰਮ ਹੋਣ, ਵਿੱਛੜ ਜਾਣ ਦੀ ਅਨਾਉੂਂਸਮੈਂਟ ਕਰ ਦਿਉ ਤਾਂ ਕਿ ਬੱਚਾ ਸਾਡੇ ਕੋਲ ਵਾਪਸ ਆ ਜਾਵੇ। ਸਟੇਜ ਸੈਕਟਰੀ ਜਦੋਂ ਅਨਾਉੂਂਸਮੈਂਟ ਕਰਦਾ ਹੈ ਤਾਂ ਬੱਚਾ ਰੋਂਦਾ-ਰੋਂਦਾ ਆਪਣੇ ਮਾਂ-ਬਾਪ ਨੂੰ ਲੱਭ ਰਿਹਾ ਹੁੰਦਾ ਸੀ। ਇਸ ਕਰਕੇ ਸਟੇਜ ਸੈਕਟਰੀ ਵਾਰ-ਵਾਰ ਕਹਿੰਦਾ ਸੀ ਕਿ ਆਪਣੇ ਬੱਚਿਆਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ।
ਰਾਮ ਲੀਲਾ ਵਿੱਚ ਜਦੋਂ ਸਟੇਜ ਤੋਂ ਪਰਦਾ ਹੱਟਦਾ, ਸੀਨ (ਰੋਲ) ਸ਼ੁਰੂ ਹੁੰਦਾ ਸੀ ਤਾਂ ਲੋਕ ਬੜੀ ਨੀਝ ਲਗਾ ਕੇ ਵੇਖਦੇ-ਸੁਣਦੇ ਸਨ। ਸੀਨ ਖ਼ਤਮ ਹੋਣ ਤੇ ਲੋਕ ਘਰੇਲੂ ਗੱਲਾਂ ਕਰਦੇ ਜਾਂ ਗੰਨੇ ਦੀਆਂ ਗਨੇਰੀਆਂ, ਗਰਮ ਮੂੰਗਫਲੀ ਤੇ ਭੁੱਜੇ ਹੋਏ ਦਾਣੇ ਖਾਂਦੇ ਸਨ। ਰਾਮ ਲੀਲਾ ਵਿੱਚ ਪਰਦਾ ਡਿੱਗਣ (ਸੀਨ ਖ਼ਤਮ ਹੋਣ) ’ਤੇ ਲੋਕਾਂ ਦੇ ਮਨਪ੍ਰਚਾਵੇ ਲਈ ਗਾਉਣ-ਵਜਾਉਣ ਦਾ ਪ੍ਰਬੰਧ ਹੁੰਦਾ ਸੀ। ਇਹਨਾਂ ਦਾ ਚਾਹੇ ਰਾਮਾਇਣ ਕਥਾ ਨਾਲ ਕੋਈ ਸੰਬੰਧ ਨਹੀਂ ਸੀ ਹੁੰਦਾ ਪਰ ਜਦੋਂ ਤੱਕ ਕਲਾਕਾਰ ਤਿਆਰ ਹੁੰਦੇ, ਉਹਨਾਂ ਚਿਰ ਦਰਸ਼ਕਾਂ ਦੇ ਮਨ ਪ੍ਰਚਾਵੇ, ਬੈਠੇ ਰਹਿਣ ਲਈ ਗਾਉਣ-ਵਜਾਉਣ ਕੀਤਾ ਜਾਂਦਾ ਸੀ। ਕਈ ਵਾਰ ਤਾਂ ਸੀਤਾ ਦਾ ਰੋਲ ਕਰ ਰਹੀ ਲੜਕੀ ਦਾ ਵਿਆਹ ਸ਼੍ਰੀ ਰਾਮ ਚੰਦਰ ਜੀ ਦਾ ਰੋਲ ਕਰ ਰਹੇ ਵਿਅਕਤੀ ਨਾਲ ਸੱਚ-ਮੁੱਚ ਹੀ ਕੀਤਾ ਜਾਂਦਾ ਸੀ। ਪਹਿਲਾਂ-ਪਹਿਲ ਤਾਂ ਰਾਮ ਚੰਦਰ, ਰਾਵਣ, ਹਨੂਮਾਨ, ਲਛਮਣ ਤੇ ਹੋਰ ਕਲਾਕਾਰ ਜੋ ਰੋਲ ਕਰ ਰਹੇ ਹੁੰਦੇ ਸਨ ਉਹਨਾਂ ਨੂੰ ਜ਼ਬਾਨੀ ਯਾਦ ਹੁੰਦਾ ਸੀ ਕਿ ਕਿਸ ਤਰ੍ਹਾਂ ਗੱਲ ਕਰਨੀ ਹੈ। ਵਾਰਤਾਲਾਪ ਕਰਨੀ ਹੈ। ਅੱਜ ਰਾਮ ਲੀਲਾ ਵਿੱਚ ਪਰਦੇ ਦੇ ਉਹਲੇ (ਪਾਸੇ) ਖੜ੍ਹਾ ਵਿਅਕਤੀ ਲਾਈਨਾਂ ਬੋਲ ਰਿਹਾ ਹੁੰਦਾ ਹੈ ਤੇ ਰੋਲ ਕਰ ਰਿਹਾ ਵਿਅਕਤੀ ਫਿਰ ਬੋਲਦਾ ਹੈ। ਲੜਕੀਆਂ ਬਣੇ ਮੁੰਡਿਆਂ-ਕੁੜੀਆਂ (ਲੜਕੇ-ਲੜਕੀਆਂ) ਨੂੰ ਪੋਸ਼ਾਕਾਂ ਵਿੱਚ ਪਹਿਚਾਨਣਾ ਵੀ ਸੌਖਾ ਨਹੀਂ ਹੁੰਦਾ। ਰਾਮ ਲੀਲਾ ਰਾਤ ਨੂੰ 12 ਵਜੇ ਜਾਂ 1 ਵਜੇ ਖ਼ਤਮ ਹੁੰਦੀ ਸੀ। ਰਾਮ ਲੀਲਾ ਵੇਖਣ ਨਾਲ ਬਹੁਤ ਜਾਣਕਾਰੀ ਤੇ ਸਿੱਖਿਆ ਮਿਲਦੀ ਹੈ। ਰਾਮ ਲੀਲਾ ਦੇ ਦਿਨ ਆਉਣ ’ਤੇ ਹੀ ਮੇਰੇ ਮਨ ਵਿੱਚ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ